14 Views
ਕੱਲ ਹੀ ਅਸਤੀਫਾ ਵਾਪਸ ਲੈਣ ਲਈ ਦਿੱਤੀ ਸੀ ਅਰਜੀ
ਚੰਡੀਗੜ੍ਹ, 3 ਜੂਨ: ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ। ਹਾਲਾਂਕਿ ਸ਼੍ਰੀ ਅੰਗਰਾਲ ਨੇ ਬੀਤੇ ਕੱਲ ਹੀ ਸਪੀਕਰ ਨੂੰ ਇੱਕ ਪੱਤਰ ਭੇਜ ਕੇ ਆਪਣਾ ਅਸਤੀਫਾ ਵਾਪਸ ਲੈਣ ਦੀ ਅਰਜੀ ਦਿੱਤੀ ਸੀ। ਪ੍ਰੰਤੂ ਹੁਣ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਣ ਦੇ ਨਾਲ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।
ਦੱਸਣਾ ਬਣਦਾ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਅੱਜ ਨਿੱਜੀ ਤੌਰ ‘ਤੇ ਸ਼ੀਤਲ ਅੰਗਰਾਲ ਨੂੰ ਆਪਣੇ ਦਫਤਰ ਬੁਲਾਇਆ ਹੋਇਆ ਸੀ। ਜਿੱਥੇ ਅੰਗਰਾਲ ਨੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਜੇਕਰ ਉਸ ਦੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਹੋਇਆ ਤਾਂ ਉਹ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਜਾਣਗੇ। ਉਹਨਾਂ ਆਪਣਾ ਅਸਤੀਫਾ ਵਾਪਸ ਲੈਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਕਿਸੇ ਪਾਰਟੀ ਨੇ ਨਹੀਂ, ਬਲਕਿ ਜਲੰਧਰ ਪੱਛਮੀ ਦੇ ਲੋਕਾਂ ਨੇ ਵਿਧਾਇਕ ਚੁਣਿਆ ਸੀ ਤੇ ਉਹ ਅਗਲੇ ਸਮੇਂ ਤੱਕ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਸ਼ੀਤਲ ਅੰਗਰਾਲ ਜਲੰਧਰ ਤੋਂ ਆਪ ਦੇ ਮੌਜੂਦਾ ਐਮਪੀ ਅਤੇ ਉਮੀਦਵਾਰ ਐਲਾਨੇ ਗਏ ਸੁਸ਼ੀਲ ਰਿੰਕੂ ਦੇ ਨਾਲ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਰਿੰਕੂ ਨੂੰ ਬਾਅਦ ਦੇ ਵਿੱਚ ਭਾਜਪਾ ਨੇ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂ ਨੂੰ ਪਾਰਟੀ ਸ਼ਾਮਿਲ ਕਰਕੇ ਟਿਕਟ ਦੇ ਦਿੱਤੀ ਸੀ। ਹੁਣ ਭਲਕੇ ਇਹਨਾਂ ਚੋਣਾਂ ਦਾ ਨਤੀਜਾ ਜਨਤਾ ਦੇ ਸਾਹਮਣੇ ਆਉਣਾ ਹੈ। ਪ੍ਰੰਤੂ ਉਸ ਤੋਂ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸ਼ੀਤਲ ਅੰਗਰਾਲ ਦਾ ਅਸਤੀਫਾ ਪ੍ਰਵਾਨ ਕਰਕੇ ਭਾਜਪਾ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕੱਲ ਹੀ ਸ਼ੀਤਲ ਅੰਗਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ‘ਮੋਦੀ ਕਾ ਪਰਿਵਾਰ’ ਹਟਾ ਦਿੱਤਾ ਸੀ ਜਿਸ ਕਾਰਨ ਉਹਨਾਂ ਦੇ ਬੀਜੇਪੀ ਛੱਡਣ ਵੀ ਚਰਚਾਵਾਂ ਵੀ ਚਲੀਆਂ ਸਨ।