ਚੰਡੀਗੜ੍ਹ, 10 ਅਪ੍ਰੈਲ: ਕਥਿਤ ਸ਼ਰਾਬ ਘੁਟਾਲੇ ਵਿੱਚ ਜਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਲੰਮੇ ਸਮੇਂ ਤੋਂ ਬਾਅਦ ਪੰਜਾਬ ਪੁੱਜੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਰ ਪੁੱਜ ਕੇ ਬੇਟੀ ਨਿਆਮਤ ਕੌਰ ਮਾਨ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਹਨ। ਪਰਿਵਾਰ ਸਮੇਤ ਪੁੱਜੇ ਸੰਜੇ ਸਿੰਘ ਦਾ ਭਗਵੰਤ ਮਾਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਦੋਨੋਂ ਆਗੂ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ ਅਤੇ ਦੋਨਾਂ ਹੀ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸੇ ਦੌਰਾਨ ਸੰਜੇ ਸਿੰਘ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਰਾਜਸੀ ਹਾਲਤ ਅਤੇ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਸਿਆਸੀ ਗਤੀਵਿਧੀਆਂ ਤੇ ਲੰਮੀ ਚਰਚਾ ਕੀਤੀ।
ਅਕਾਲੀ ਦਲ ਤੇ ਭਾਜਪਾ ਨੂੰ ਵੱਡਾ ਝਟਕਾ, ਮੋਗਾ ਵਿੱਚ ’ਆਪ’ ਹੋਈ ਮਜ਼ਬੂਤ
ਜ਼ਿਕਰ ਕਰਨਾ ਬਣਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿਰਫਤਾਰੀ ਤੋਂ ਬਾਅਦ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਸਟਾਰ ਲੀਡਰ ਹਨ ਜਿਨਾਂ ਉੱਪਰ ਹੁਣ ਪੰਜਾਬ ਦੇ ਨਾਲ ਨਾਲ ਦੂਜੇ ਸੂਬਿਆਂ ਦੇ ਵਿੱਚ ਵੀ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਸੰਭਾਲਣ ਦਾ ਜ਼ਿੰਮਾ ਆਇਆ ਹੋਇਆ ਹੈ। ਪਾਰਟੀ ਆਗੂਆਂ ਨੇ ਦੱਸਿਆ ਕਿ ਦੋਨੇ ਲੀਡਰਾਂ ਨੇ ਪਾਰਟੀ ਦੀ ਚੋਣ ਰਣਨੀਤੀ ਬਾਰੇ ਚਰਚਾ ਕਰਦਿਆਂ ਇਹਨਾਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਸਫਲਤਾ ਦੀ ਵੱਡੀ ਆਸ ਪ੍ਰਗਟਾਈ ਹੈ। ਇਸ ਮੌਕੇ ਡਾਕਟਰ ਸੰਦੀਪ ਪਾਠਕ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ