ਕਰਨਾਲ, 3 ਜੁਲਾਈ: ਬੀਤੀ ਸ਼ਾਮ ਹਰਿਆਣਾ ਦੇ ਕਰਨਾਲ ਵਿਚ ਵਾਪਰੀ ਇੱਕ ਦੁਖਦਾਈਕ ਘਟਨਾ ਦੇ ਵਿਚ ਦੋ ਮੋਟਰਸਾਈਕਲ ਬਦਮਾਸ਼ਾਂ ਦੇ ਵੱਲੋਂ ਹਰਿਆਣਾ ਪੁਲਿਸ ਦੇ ਇੱਕ ਥਾਣੇਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਥਾਣੇਦਾਰ ਦੀ ਪਹਿਚਾਣ ਸੰਜੀਵ ਕੁਮਾਰ (43ਸਾਲ) ਵਾਸੀ ਕਰਨਾਲ ਦੇ ਤੌਰ ’ਤੇ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਨੇ ਦਸਿਆ ਕਿ ਸੰਜੀਵ ਹਰਿਆਣਾ ਪੁਲਿਸ ਦੀ ਸਟੇਟ ਕ੍ਰਾਇਮ ਬ੍ਰਾਂਚ ਜਮਨਾਨਗਰ ਵਿਚ ਤੈਨਾਤ ਸੀ ਤੇ ਲਗਭਗ ਹਰ ਰੋਜ਼ ਹੀ ਘਰ ਆਉਂਦਾ ਸੀ।
‘ਚੇਲੇ’ ਵੱਲੋਂ ਵੀਜ਼ੇ ਦੇ ਮਾਹਰ ‘ਗੁਰੂ’ ਨਾਲ ਠੱਗੀ, ‘ਬਾਪੂਆਂ’ ਸਮੇਤ 4 ਵਿਰੁਧ ਪਰਚਾ ਦਰਜ਼
ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਡਿਊਟੀ ਤੋਂ ਵਾਪਸ ਆਉਣ ਬਾਅਦ ਸੰਜੀਵ ਖ਼ਾਣਾ ਵਗੈਰਾ ਖ਼ਾ ਕੇ ਘਰ ਦੇ ਨੇੜੇ ਹੀ ਸ਼ੈਰ ਕਰ ਰਿਹਾ ਸੀ। ਇਸ ਦੌਰਾਨ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿੰਨ੍ਹਾਂ ਨੇ ਉਸ ਉਪਰ ਦੋ ਗੋਲੀਆਂ ਚਲਾਈਆਂ, ਜਿੰਨ੍ਹਾਂ ਵਿਚੋਂ ਇੱਕ ਸਿਰ ਤੇ ਇੱਕ ਲੱਕ ’ਤੇ ਲੱਗੀ। ਇਸਤੋਂ ਪਹਿਲਾਂ ਲੋਕ ਇਕੱਠੇ ਹੋ ਕੇ ਬਦਮਾਸ਼ਾਂ ਨੂੰ ਫ਼ੜਦੇ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋਣ ਵਿਚ ਸਫ਼ਲ ਰਹੇ। ਮ੍ਰਿਤਕ ਸੰਜੀਵ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਲੜਕਾ ਤੇ ਲੜਕੀ ਛੱਡ ਗਏ ਹਨ। ਇਹ ਵੀ ਪਤਾ ਚੱਲਿਆ ਹੈ ਕਿ ਪਿਤਾ ਤੇ ਭਰਾ ਨਾ ਹੋਣ ਕਾਰਨ ਸੰਜੀਵ ਦੇ ਉਪਰ ਹੀ ਸਾਰੇ ਸਾਂਝੇ ਪ੍ਰਵਾਰ ਦੀ ਜਿੰਮੇਵਾਰੀ ਸੀ। ਮ੍ਰਿਤਕ ਦੇ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।