ਬਠਿੰਡਾ, 7 ਮਈ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਨਾ ਆਪਣੀ ਰਾਜਧਾਨੀ ਅਤੇ ਨਾ ਹੀ ਹਾਈਕੋਰਟ। ਕੇਂਦਰ ਨੇ ਸਾਡਾ ਦਿਹਾਤੀ ਵਿਕਾਸ ਫੰਡ (ਆਰਡੀਐਫ) ਦਾ 5700 ਕਰੋੜ ਰੁਪਿਆ ਰੋਕ ਰੱਖਿਆ ਹੈ ਅਤੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਇਸ ਤੋਂ ਵੱਖਰਾ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਪੰਜਾਬ ਦੀ ਲੜਾਈ ਪੂਰੇ ਧੜੱਲੇ ਨਾਲ ਲੜੀਏ, ਤਾਂ ਹੀ ਇਨਸਾਫ਼ ਮਿਲ ਸਕਦਾ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਖੁੱਡੀਆਂ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਸਿਰਫ ਆਪਣੇ ਹਲਕੇ ਬਠਿੰਡਾ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਨਾਲ ਸਬੰਧਿਤ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਸੰਸਦ ਵਿੱਚ ਉਠਾਉਣਗੇ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ 15 ਸਾਲ ਸੰਸਦ ਵਿੱਚ ਰਹਿ ਕੇ ਆਏ ਹਨ ਅਤੇ ਉਹ ਫ਼ੂਡ ਪ੍ਰੋਸੈਸਿੰਗ ਮਨਿਸਟਰ ਵੀ ਰਹੇ।
“ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇ ਜਿੰਦ ਕੱਡ ਲੈ”: ਹੰਸ ਰਾਜ ਹੰਸ
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਉਹ ਪੰਜਾਬ ’ਚ ਫ਼ੂਡ ਪ੍ਰੋਸੈਸਿੰਗ ਦੇ ਕੋਈ ਪਲਾਂਟ ਜਾਂ ਪਾਰਕ ਬਣਾਉਂਦੇ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਕੋਲ ਬੈਠ ਕੇ ਖੇਤੀ ਨਾਲ ਸਬੰਧਿਤ ਵੱਡੇ ਤੇ ਵਿਵਾਦਤ ਕਾਨੂੰਨ ਪਾਸ ਕਰਵਾਏ। ਸ੍ਰੀ ਖੁੱਡੀਆਂ ਨੇ ਤਨਜ਼ ਕਸਦਿਆਂ ਸਵਾਲ ਉਠਾਇਆ ਕਿ ਜੋ ਤਰੱਕੀ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੇ ਬਠਿੰਡਾ ਦਾ ਥਰਮਲ ਪਲਾਂਟ ਬੰਦ ਕੀਤਾ। ਉਨ੍ਹਾਂ ਅਹਿਮ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਦੀ ਇੱਛਾ ਹੈ ਕਿ ਇਸ ਥਰਮਲ ਪਲਾਂਟ ਨੂੰ ਗੁਰੂ ਅਮਰਦਾਸ ਜੀ ਦੇ ਨਾਂਅ ’ਤੇ ਮੁੜ ਚਾਲੂ ਕਰਕੇ ਸੋਲਰ ਸਿਸਟਮ ਰਾਹੀਂ ਬਿਜਲੀ ਦੀ ਪੈਦਾਵਾਰ ਸ਼ੁਰੂ ਕੀਤੀ ਜਾਵੇ। ਔਰਤਾਂ ਨੂੰ ਇਕ ਹਜ਼ਾਰ ਰੁਪਏ ਮਾਸਿਕ ਭੱਤਾ ਦੇਣ ਬਾਰੇ ਉਨ੍ਹਾਂ ਦੱਸਿਆ ਕਿ ਸਰਕਾਰ ਜਲਦੀ ਹੀ ਇਸ ਗਾਰੰਟੀ ਨੂੰ ਵੀ ਪੂਰੀ ਕਰੇਗੀ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਮੌਕੇ ਸ੍ਰੀ ਖੁੱਡੀਆਂ ਦੇ ਨਾਲ ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਾਲ ’ਚ ਹੀ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਿਲ ਹੋਏ ਚੁਸਪਿੰਦਰ ਸਿੰਘ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਤੇ ‘ਆਪ’ ਦੇ ਬੁਲਾਰੇ ਨੀਲ ਗਰਗ, ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਅਨਿਲ ਠਾਕੁਰ ਆਦਿ ਹਾਜ਼ਰ ਸਨ।









