ਬਠਿੰਡਾ, 9 ਦਸੰਬਰ : ਆਪਣੀਆਂ ਮੰਗਾਂ ਨੂੰ ਲੈ ਕੇ 25 ਨਵੰਬਰ ਤੋਂ 5 ਦਸੰਬਰ ਤੱਕ ਏਮਜ਼ ਬਠਿੰਡਾ ਵਿਖੇ ਨਰਸਿੰਗ ਅਧਿਕਾਰੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਅਤੇ 6 ਦਸੰਬਰ ਤੋਂ ਐਮਰਜੈਂਸੀ ਅਤੇ ਵਿਸ਼ੇਸ਼ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਕੀਤੇ ਜਾਣ ਵਾਲੇ ਬਾਈਕਾਟ ਦੇ ਚੌਥੇ ਦਿਨ ਅੱਜ ਏਮਜ਼ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਨੂੰ ਮੀਟਿੰਗ ਲਈ ਸੱਦਿਆ ਗਿਆ। ਡਿਪਟੀ ਡਾਇਰੈਕਟਰ ਕਰਨਲ ਰਾਜੀਵ ਸੈਨ ਰਾਏ ਵਲੋਂ ਨਰਸਿੰਗ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਰੀਜ਼ਾਂ ਦੀ ਭਲਾਈ ਲਈ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ’ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਸਹਿਯੋਗ ਦਾ ਵੀ ਭਰੋਸਾ ਦਿੱਤਾ ਪ੍ਰੰਤੂ ਲਿਖਤੀ ਭਰੋਸਾ ਨਾ ਮਿਲਣ ’ਤੇ ਧਰਨਾਕਾਰੀਆਂ ਨੇ ਇਹ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਹਾਲਾਂਕਿ ਮੀਟਿੰਗ ਦੌਰਾਨ ਧਰਨਾਕਾਰੀਆਂ ਵਲੋਂ ਧਰਨੇ ਵਾਲੀ ਥਾਂ ’ਤੇ ਟੈਂਟ ਲਗਾਉਣ ਦੀ ਇਜਾਜਤ ਦੇਣ ਦੀ ਅਪੀਲ ਕੀਤੀ ਪ੍ਰੰਤੂ ਅਧਿਕਾਰੀਆਂ ਨੇ ਇਸਦੀ ਸਹਿਮਤੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਵੱਲੋਂ 15 ਦਸੰਬਰ ਨੂੰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ
ਦੱਸਣਯੋਗ ਹੈ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਰਸਿੰਗ ਅਧਿਕਾਰੀ ਮੌਸਮੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਖੁੱਲ੍ਹੇ ਅਸਮਾਨ ਹੇਠ ਧਰਨੇ ਵਾਲੀ ਥਾਂ ’ਤੇ ਡਟੇ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਏਮਜ਼ ਪਸ਼ਾਸਨ ਨੇ ਮੁੱਖ ਗੇਟ ਦੇ ਨੇੜੇ ਅਧਿਕਾਰੀਆਂ ਲਈ ਪਖਾਨੇ ਅਤੇ ਪ੍ਰਦਰਸ਼ਨ ਵਾਲੀ ਥਾਂ ਜੋ ਕਿ ਫਾਇਰ ਸਟੇਸ਼ਨ ਅਤੇ ਰੈਣ ਬਸੇਰੇ ਦੇ ਪਿੱਛੇ ਹਨ, ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਪ੍ਰੰਤੂ ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਇਸਨੂੰ ਖੋਲ੍ਹ ਦਿੱਤਾ ਗਿਆ। ਨਰਸਿੰਗ ਅਫਸਰ ਵੀ ਜ਼ਰੂਰੀ ਸੇਵਾਵਾਂ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।ਨਰਸਿੰਗ ਅਫਸਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਏਮਜ਼ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ, ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ। ਨਰਸਿੰਗ ਅਫਸਰਾਂ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਕੋਈ ਵੀ ਨਰਸਿੰਗ ਅਫਸਰ ਕਿਸੇ ਵਿਦਿਆਰਥੀ ਨੂੰ ਮਰੀਜ਼ਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਰਿਹਾ, ਸਗੋਂ ਉਹ ਖੁਦ ਐਮਰਜੈਂਸੀ ਅਤੇ ਜ਼ਰੂਰੀ ਸੇਵਾ ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
Share the post "ਏਮਜ਼ ਦੇ ਨਰਸਿੰਗ ਸਟਾਫ਼ ਦੀ ਪ੍ਰਬੰਧਕਾਂ ਨਾਲ ਮੀਟਿੰਗ ਰਹੀ ਬੇਸਿੱਟਾ, ਧਰਨਾ ਜਾਰੀ"