ਸਰਕਾਰ ਨੇ ਜੋ ਕਰਨਾ, ਉਹ ਕਰ ਲਵੇ
ਮਾਨਸਾ, 8 ਮਈ: ਸਾਬਕਾ ਆਈਏਐਸ ਅਧਿਕਾਰੀ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੀ ਪਰਮਪਾਲ ਕੌਰ ਮਲੂਕਾ ਨੇ ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦਿਆਂ ਐਲਾਨ ਕੀਤਾ ਹੈ ਕਿ ਉਹ ਬਠਿੰਡਾ ਤੋਂ ਨਾਮਜਦਗੀ ਪੇਪਰ ਵੀ ਦਾਖਲ ਕਰੇਗੀ ਅਤੇ ਚੋਣ ਵੀ ਲੜੇਗੀ, ਸਰਕਾਰ ਨੇ ਉਸਦੇ ਖਿਲਾਫ ਜੋ ਕਰਨਾ ਹੈ ਉਹ ਕਰ ਲਵੇ। ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ‘ਤੇ ਟਿੱਪਣੀ ਕਰਦਿਆਂ ਮੈਡਮ ਪਰਮਪਾਲ ਕੌਰ ਨੇ ਕਿਹਾ ਕਿ ਉਸਨੇ ਆਪਣਾ ਅਸਤੀਫਾ ਕਾਨੂੰਨੀ ਤੌਰ ‘ਤੇ ਸਹੀ ਢੰਗ ਨਾਲ ਦਿੱਤਾ ਹੈ ਅਤੇ ਉਸਨੂੰ ਭਾਰਤ ਸਰਕਾਰ ਨੇ ਸਵੀਕਾਰ ਵੀ ਕਰ ਲਿਆ ਹੈ ਜਿਸਦੇ ਚਲਦੇ ਹੁਣ ਉਹ ਸਰਕਾਰ ਦੀ ਨੌਕਰ ਨਹੀਂ ਰਹੀ ਹੈ ਅਤੇ ਹੁਣ ਆਪਣੀ ਆਜ਼ਾਦ ਜ਼ਿੰਦਗੀ ਜੀਅ ਰਹੀ ਹੈ। ਮਾਨਸਾ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਬੀਬੀ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਨੇ ਆਪਣੇ ਅਸਤੀਫੇ ਦੇ ਵਿੱਚ ਇਹ ਗੱਲ ਸਪੱਸ਼ਟ ਕੀਤੀ ਸੀ ਕਿ ਉਹ ਆਪਣੀ ਸੱਸ ਦੇ ਨਾਲ ਬਠਿੰਡਾ ਦੇ ਵਿੱਚ ਰਹਿਣਾ ਚਾਹੁੰਦੀ ਹੈ ਅਤੇ ਹੁਣ ਉਹ ਬਠਿੰਡਾ ਵਿੱਚ ਵੀ ਰਹਿ ਰਹੀ ਹੈ।
ਅਕਾਲੀ ਦਲ ਨੂੰ ਝਟਕਾ: ਸ਼੍ਰੋਮਣੀ ਕਮੇਟੀ ਮੈਂਬਰ ਆਪ ਵਿਚ ਹੋਇਆ ਸ਼ਾਮਲ
ਇਹ ਪੁੱਛੇ ਜਾਣ ‘ਤੇ ਕਿ ਚੋਣ ਲੜਨ ਬਾਰੇ ਉਹਨਾਂ ਸਰਕਾਰ ਨੂੰ ਜਾਣਕਾਰੀ ਦਿੱਤੀ ਸੀ, ਦੇ ਜਵਾਬ ਵਿੱਚ ਪਰਮਪਾਲ ਕੌਰ ਨੇ ਕਿਹਾ ਕਿ ਉਸਨੇ ਅਸਤੀਫੇ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਸੀ ਕਿ ਉਸ ਦੇ ਉਸ ਦੀਆਂ ਕੁਝ ਹੋਰ ਯੋਜਨਾਵਾਂ ਹਨ ਜਿਸ ‘ਤੇ ਉਹ ਅਮਲ ਕਰਨਾ ਚਾਹੁੰਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਕੱਲ ਪੰਜਾਬ ਸਰਕਾਰ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਵੱਲੋਂ ਦਿੱਤੇ ਅਸਤੀਫੇ ਨੂੰ ਨਾ ਮਨਜ਼ੂਰ ਕਰਦਿਆ ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਸਨ। ਜਿਸ ਕਾਰਨ ਸਿਆਸੀ ਹਲਕਿਆਂ ਵਿੱਚ ਉਹਨਾਂ ਵੱਲੋਂ ਨਾਮਜਦਗੀ ਪਰਚੇ ਦਾਖਲ ਕੀਤੇ ਜਾਣ ‘ਤੇ ਸਵਾਲ ਉੱਠਣ ਲੱਗੇ ਸਨ। ਗੌਰਤਲਬ ਹੈ ਕਿ ਪਰਮਪਾਲ ਕੌਰ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਧੜੱਲੇਦਾਰ ਆਗੂ ਮੰਨੇ ਜਾਂਦੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹਨ।
Share the post "ਪਰਮਪਾਲ ਕੌਰ ਨੇ ਸਰਕਾਰ ਨੂੰ ਦਿੱਤੀ ਚੁਣੌਤੀ, ਕਿਹਾ ਮੈਂ ਬਠਿੰਡਾ ਤੋਂ ਲੜਾਂਗੀ ਚੋਣ"