Ludhiana News:PAU ਨੇ ਅੱਜ ਇਕ ਵਿਸ਼ੇਸ਼ ਪਰ ਸਾਦਾ ਸਮਾਰੋਹ ਦੌਰਾਨ ਖੇਤੀਬਾੜੀ ਅਤੇ ਸਿੱਖਿਆ ਨੂੰ ਤਕਨੀਕੀ ਦਿਸ਼ਾ ਵਿਚ ਤੋਰਨ ਲਈ ਬਿਰਲਾ ਇੰਸਟੀਚਿਊਟ ਆਫ ਤਕਨਾਲੋਜੀ ਐਂਡ ਸਾਇੰਸ ਨਾਲ ਵਿਸ਼ੇਸ਼ ਸਮਝੌਤਾ ਕੀਤਾ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ, ਆਈ ਏ ਐੱਸ ਅਤੇ ਬਿਟਸ ਪਿਲਾਨੀ ਦੇ ਨਿਰਦੇਸ਼ਕ ਪ੍ਰੋ. ਸੁਧੀਰ ਕੁਮਾਰ ਬਰਾਈ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਆਪਣੀਆਂ ਸੰਸਥਾਵਾਂ ਦੀ ਤਰਫੋਂ ਦਸਤਖਤ ਕੀਤੇ| ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਤੋਂ ਬਿਨਾਂ ਬਿਟਸ ਪਿਲਾਨੀ ਦੇ ਵਫਦ ਵਿਚ ਰਜਿਸਟਰਾਰ ਕਰਨਲ ਸੋਮੀ ਬਰਾਤਾ ਚੱਕਰਵਰਤੀ, ਸੀਨੀਅਰ ਪ੍ਰੋ. ਐੱਸ ਕੇ ਵਰਮਾ, ਪ੍ਰੋ. ਬੀ ਕੇ. ਰਾਊਤ, ਪ੍ਰੋ. ਪੂਨਮ ਗੋਇਲ, ਪ੍ਰੋ. ਰਾਧਾ ਰਮਨ ਮਿਸ਼ਰਾ ਅਤੇ ਪ੍ਰੋ. ਨਵਨੀਤ ਗੋਇਲ ਤੋਂ ਬਿਨਾਂ ਦੁਬਈ ਕੈਂਪਸ ਦੇ ਪ੍ਰੋ. ਨੀਰੂ ਸੂਦ ਅਤੇ ਪ੍ਰੋ. ਰਾਜੇਸ਼ ਮਹਿਰੋਤਰਾ ਸ਼ਾਮਿਲ ਸਨ|ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਮਝੌਤੇ ਮੌਕੇ ਹਾਰਦਿਕ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਇਤਿਹਾਸਕ ਤੌਰ ਤੇ ਮਹੱਤਵਪੂਰਨ ਘਟਨਾ ਕਿਹਾ| ਉਹਨਾਂ ਦੱਸਿਆ ਕਿ ਪੀ.ਏ.ਯੂ. ਨੇ ਇਸ ਖਿੱਤੇ ਵਿਚ ਕੀਤੇ ਖੇਤੀ ਕਾਰਜ ਲਈ ਸੰਸਾਰ ਪੱਧਰ ਤੇ ਨਾਮਣਾ ਖੱਟਿਆ ਹੈ| ਇਸ ਸੰਸਥਾ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਹਨਾਂ ਜ਼ਾਹਿਰ ਕੀਤਾ ਕਿ ਸੱਤ ਹੋਰ ਯੂਨੀਵਰਸਿਟੀਆਂ ਪੀ.ਏ.ਯੂ. ਦੀਆਂ ਧਾਰਾਵਾਂ ਵਾਂਗ ਇਸ ਵਿੱਚੋਂ ਪ੍ਰਗਟ ਹੋਈਆਂ| ਕਿਸਾਨੀ ਦੀ ਬਿਹਤਰੀ ਲਈ ਕੀਤੇ ਕਾਰਜ ਸਦਕਾ ਨਿਰਫ ਦੀ 2023 ਅਤੇ 2024 ਦੀ ਰੈਂਕਿੰਗ ਅਨੁਸਾਰ ਪੀ.ਏ.ਯੂ. ਦੇਸ਼ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਬਣੀ| ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾ ਕੇ ਹਰੀ ਕ੍ਰਾਂਤੀ ਲਿਆਉਣ ਦਾ ਸਿਹਰਾ ਵੀ ਇਸ ਸੰਸਥਾ ਦੇ ਸਿਰ ਬੱਝਦਾ ਹੈ|
ਇਹ ਵੀ ਪੜ੍ਹੋ ਬਠਿੰਡਾ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਨੌਜਵਾਨ ਨੇ ਸਿਖ਼ਰ-ਦੁਪਿਹਰੇ ਕੀਤੀ ਆਤਮ+ਹੱਤਿਆ
ਉਹਨਾਂ ਨੇ ਪੰਜਾਬ ਦੇ ਖਿੱਤੇ ਵਿਚ ਫਸਲੀ ਦ੍ਰਿਸ਼ ਬਾਰੇ ਗੱਲ ਕੀਤੀ ਅਤੇ ਕਿਹਾ ਕਿਹਾ 2% ਤੋਂ ਵੀ ਘੱਟ ਰਕਬੇ ਵਾਲਾ ਸੂਬਾ ਹੋਣ ਦੇ ਬਾਵਜੂਦ ਪੰਜਾਬ ਕਣਕ ਪੱਖੋਂ ਦੇਸ਼ ਦਾ 50% ਅਤੇ ਝੋਨੇ ਪੱਖੋਂ 30% ਤੋਂ ਵਧੇਰੇ ਹਿੱਸੇਦਾਰੀ ਪਾਉਂਦਾ ਹੈ| ਭਾਵੇਂ ਕਿ ਸੂਬੇ ਨੇ ਇਸ ਯੋਗਦਾਨ ਦੀ ਕੀਮਤ ਕੁਦਰਤੀ ਸਰੋਤਾਂ ਦੇ ਤੌਰ ਤੇ ਅਦਾ ਕੀਤੀ ਹੈ| ਡਾ. ਗੋਸਲ ਨੇ ਦੱਸਿਆ ਕਿ ਪੰਜਾਬ ਵਿਚ ਪ੍ਰਤੀ ਹੈਕਟੇਅਰ 80-90 ਕੁਇੰਟਲ ਜੈਵਿਕ ਰਹਿੰਦ-ਖੂੰਹਦ ਪੈਦਾ ਹੁੰਦੀ ਹੈ ਜਿਸਨੂੰ ਨਜਿੱਠਣਾ ਇਕ ਚੁਣੌਤੀ ਬਣ ਗਿਆ ਹੈ| ਇਸ ਤੋਂ ਇਲਾਵਾ ਧਰਤੀ ਹੇਠਲਾ ਪਾਣੀ ਅਤੇ ਭੂਮੀ ਵਿਚ ਲੋੜੀਂਦੇ ਤੱਤਾਂ ਦੀ ਕਮੀ, ਜਲਵਾਯੂ ਤਬਦੀਲੀ ਤੋਂ ਇਲਾਵਾ ਵਾਧੂ ਉਪਜ ਦੀ ਸਮੱਸਿਆ, ਨਵੇਂ ਤਕਨੀਕੀ ਰੁਝਾਨਾਂ ਤੋਂ ਬਿਨਾਂ ਹੱਲ ਹੋਣ ਵਾਲੀ ਨਹੀਂ| ਉਹਨਾਂ ਕਿਹਾ ਕਿ ਖੇਤੀ ਨੂੰ ਮੁਨਾਫੇ ਦਾ ਕਿੱਤਾ ਬਨਾਉਣ ਦੀ ਚੁਣੌਤੀ ਵੀ ਸਾਹਮਣੇ ਹੈ| ਇਹਨਾਂ ਸਾਰੇ ਮੁੱਦਿਆਂ ਉੱਪਰ ਨਵੀਆਂ ਖੋਜਾਂ ਅਤੇ ਲੱਭਤਾਂ ਲਈ ਬਿਟਸ ਪਿਲਾਨੀ ਨਾਲ ਕੀਤਾ ਜਾ ਰਿਹਾ ਇਹ ਸਮਝੌਤਾ ਬੇਹੱਦ ਲਾਭਕਾਰੀ ਅਤੇ ਸਾਰਥਕ ਹੈ| ਡਾ. ਗੋਸਲ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਭਾਰਤ ਦੇ ਖੇਤੀਬਾੜੀ ਅਤੇ ਤਕਨੀਕੀ ਵਿਕਾਸ ਦੀਆਂ ਜ਼ਾਮਨ ਹਨ ਅਤੇ ਭਵਿੱਖ ਵਿਚ ਦੋਵਾਂ ਦਾ ਸਹਿਯੋਗ ਸਮਾਜ ਅਤੇ ਕਿਸਾਨੀ ਲਈ ਲਾਭਕਾਰੀ ਸਿੱਧ ਹੋਵੇਗਾ|ਬਿਰਲਾ ਇੰਸਟੀਚਿਊਟ ਆਫ ਤਕਨੀਕ ਐਂਡ ਸਾਇੰਸ ਦੇ ਨਿਰਦੇਸ਼ਕ ਪ੍ਰੋ. ਸੁਧੀਰ ਕੁਮਾਰ ਬਰਾਈ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਖੁਸ਼ੀ ਪ੍ਰਗਟਾਈ ਕਿ ਉਹ ਇਤਿਹਾਸ ਵਿਚ ਉੱਚਾ ਮੁਕਾਮ ਰੱਖਣ ਵਾਲੀ ਸੰਸਥਾ ਨਾਲ ਸੰਪਰਕ ਵਿਚ ਜੁੜ ਰਹੇ ਹਨ| ਉਹਨਾਂ ਨੇ ਪਿਲਾਨੀ ਤੋਂ ਇਲਾਵਾ ਦੁਬਈ, ਗੋਆ ਅਤੇ ਹੈਦਰਾਬਾਦ ਕੈਂਪਸ ਵਿਚ ਜਾਰੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਦੋਵੇਂ ਸੰਸਥਾਵਾਂ ਮਿਲ ਕੇ ਨਵੀਨਤਾ ਅਤੇ ਉੱਦਮ ਪੱਖੀ ਤਕਨਾਲੋਜੀ ਨੂੰ ਸਿਰਜ ਸਕਣਗੀਆਂ|ਉਹਨਾਂ ਨੇ ਕਿਸਾਨਾਂ ਦੇ ਲਾਭ ਲਈ ਏ ਆਈ, ਆਈ ਓ ਟੀ ਅਤੇ ਸੈਂਸਿੰਗ ਤਕਨਾਲੋਜੀ ਵਰਗੀਆਂ ਨਵੀਆਂ ਤਕਨੀਕੀ ਵਿਧੀਆਂ ਦੇ ਖੇਤਰ ਵਿਚ ਸਾਂਝ ਦੀ ਗੁਜਾਇੰਸ਼ ਦੀ ਗੱਲ ਕੀਤੀ|
ਇਹ ਵੀ ਪੜ੍ਹੋ ਪਾਣੀਆਂ ਦਾ ਮੁੱਦਾ; ਪੰਜਾਬ ਦੇ ਖਿਲਾਫ਼ ਹਾਈਕੋਰਟ ਪੁੱਜਿਆ ਬੀਬੀਐਮਬੀ
ਡਾ. ਬਰਾਈ ਨੇ ਕਿਹਾ ਕਿ ਖੇਤੀ ਅਤੇ ਉਦਯੋਗ ਅਧਾਰਿਤ ਮੁਸ਼ਕਿਲਾਂ ਦੇ ਹੱਲ ਲਈ ਵੱਖ-ਵੱਖ ਅਨੁਸ਼ਾਸਨਾਂ ਵਾਲੀਆਂ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ| ਨਾਲ ਹੀ ਬਿਟਸ ਦੇ ਨਿਰਦੇਸ਼ਕ ਨੇ ਸਮਝੌਤੇ ਤਹਿਤ ਕਾਰਵਾਈ ਦੀ ਰੂਪਰੇਖਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਜ਼ਮੀਨ ਨਾਲ ਜੁੜੀ ਹੋਣ ਕਾਰਨ ਪੀ.ਏ.ਯੂ. ਕੋਲ ਸਮੱਸਿਆਵਾਂ ਬਾਰੇ ਬਿਹਤਰ ਨਜ਼ਰੀਆ ਮੌਜੂਦ ਹੈ| ਬਿਰਲਾ ਸੰਸਥਾਨ ਦੀ ਜ਼ਿੰਮੇਵਾਰੀ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਮਿਲ ਕੇ ਯੋਗਤਾ ਦਾ ਵਿਕਾਸ ਕਰਨਾ ਹੈ|ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਇਤਿਹਾਸਕ ਮਹੱਤਵ ਵਾਲੀਆਂ ਦੋ ਸੰਸਥਾਵਾਂ ਦਾ ਇਹ ਗਠਜੋੜ ਨਵੇਂ ਖੇਤਰਾਂ ਵਿਚ ਤਕਨੀਕੀ ਸਹਿਯੋਗ ਪੱਖੋਂ ਕ੍ਰਾਂਤੀਕਾਰੀ ਕਦਮ ਹੈ| ਉਹਨਾਂ ਕਿਹਾ ਕਿ ਵਾਤਾਵਰਨ ਪੱਖੀ ਖੇਤੀ ਲਈ ਇਹ ਸਮਝੌਤਾ ਪੀ.ਏ.ਯੂ. ਦੀ ਤਕਨੀਕੀ ਸਮਰਿੱਧਤਾ ਦਾ ਵਿਕਾਸ ਕਰਕੇ ਨਵੇਂ ਸੰਸਾਰ ਦੀਆਂ ਮੁਸ਼ਕਿਲਾਂ ਦਾ ਹੱਲ ਤਲਾਸ਼ ਕਰੇਗਾ|ਬਿਟਸ ਪਿਲਾਨੀ ਦੇ ਰਜਿਸਟਰਾਰ ਕਰਨਲ ਸੋਮੀ ਬਰਾਤਾ ਚੱਕਰਵਰਤੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਸਮਝੌਤੇ ਨੂੰ ਬੇਹੱਦ ਮਹੱਤਵਪੂਰਨ ਕਿਹਾ ਅਤੇ ਨਾਲ ਹੀ ਸ਼ੁਭ ਕਾਮਨਾਵਾਂ ਵੀ ਦਿੱਤੀਆਂ|ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਤੋਂ ਪਹਿਲਾਂ ਸੰਸਥਾ ਦੇ ਵਿਕਾਸ ਸੰਬੰਧੀ ਸੰਖੇਪ ਪਰ ਅਹਿਮ ਜਾਣਕਾਰੀ ਪ੍ਰਦਾਨ ਕੀਤੀ| ਉਹਨਾਂ ਦੱਸਿਆ ਕਿ ਪੀ.ਏ.ਯੂ. ਆਪਣੀ ਸਥਾਪਨਾ ਤੋਂ ਹੀ ਇਸ ਖਿੱਤੇ ਦੀ ਕਿਸਾਨੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹੀ ਹੈ| ਪੀ.ਏ.ਯੂ. ਮਾਹਿਰਾਂ ਅਤੇ ਕਿਸਾਨਾਂ ਦੇ ਗਠਜੋੜ ਸਦਕਾ ਇਹ ਖਿੱਤਾ ਦੁਨੀਆਂ ਭਰ ਵਿਚ ਉੱਚ ਉਤਪਾਦਕਤਾ ਵਾਲਾ ਸਾਬਿਤ ਹੋਇਆ ਹੈ|ਦੇਸ਼ ਦੇ ਅੰਨ ਭੰਡਾਰ ਭਰਦਿਆਂ ਇਲਾਕੇ ਦੇ ਕੁਦਰਤੀ ਸਰੋਤਾਂ ਦੇ ਨੁਕਸਾਨ ਬਾਰੇ ਗੱਲ ਕਰਦਿਆਂ ਡਾ. ਢੱਟ ਨੇ ਕਿਹਾ ਕਿ ਪੀ.ਏ.ਯੂ. ਦੀਆਂ ਖੋਜਾਂ ਉਤਪਾਦਨ ਦੇ ਨਾਲ-ਨਾਲ ਵਾਤਾਵਰਨ ਪੱਖੀ ਕਾਸ਼ਤਕਾਰੀ ਵੱਲ ਰੁਝਾਨ ਵਜੋਂ ਸਾਹਮਣੇ ਆ ਰਹੀਆਂ ਹਨ|
ਇਹ ਵੀ ਪੜ੍ਹੋ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦੇ ਹੁਕਮਾਂ ਵਿਰੁਧ ਪੰਜਾਬ ਵਿਧਾਨ ਸਭਾ ਵੱਲੋਂ ਪ੍ਰਸਤਾਵ ਪਾਸ
ਉਹਨਾਂ ਨੇ ਯੂਨੀਵਰਸਿਟੀ ਵੱਲੋਂ ਕੀਤੀਆਂ ਖੋਜ ਪਹਿਲਕਦਮੀਆਂ ਦੀ ਗੱਲ ਕੀਤੀ ਅਤੇ ਘੱਟ ਮਿਆਦ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਨਵੀਆਂ ਕਿਸਮਾਂ ਅਤੇ ਪਾਣੀ ਬਚਾਉਣ ਵਾਲੀ ਤਕਨੀਕੀ ਅਤੇ ਮਸ਼ੀਨਰੀ ਸੰਬੰਧੀ ਖੋਜ ਦਾ ਹਵਾਲਾ ਦਿੱਤਾ| ਨਵੀਆਂ ਤਕਨੀਕਾਂ ਬਾਰੇ ਗੱਲ ਕਰਦਿਆਂ ਡਾ. ਢੱਟ ਨੇ ਏ ਆਈ, ਆਈ ਓ ਟੀ, ਸੈਸਰਿੰਗ ਆਦਿ ਖੇਤਰਾਂ ਵਿਚ ਜਾਰੀ ਖੋਜ ਬਾਰੇ ਦੱਸਿਆ ਅਤੇ ਕਿਹਾ ਕਿ ਪੀ.ਏ.ਯੂ. ਦੇਸ਼-ਵਿਦੇਸ਼ ਦੀਆਂ ਬਹੁਤ ਸਾਰੀਆਂ ਉੱਚ ਪੱਧਰੀ ਸੰਸਥਾਵਾਂ ਨਾਲ ਸੰਸਥਾਈ ਸੰਬੰਧਾਂ ਵਿਚ ਹੈ| ਬਿਟਸ ਪਿਲਾਨੀ ਨਾਲ ਇਹ ਸਮਝੌਤਾ ਇਸ ਦਿਸ਼ਾ ਵਿਚ ਬੜਾ ਅਹਿਮ ਕਦਮ ਸਾਬਿਤ ਹੋਵੇਗਾ|ਇਸ ਸਮਾਰੋਹ ਦੌਰਾਨ ਮਹਿਮਾਨ ਵਫਦ ਦਾ ਸਵਾਗਤ ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ. ਮਨਜੀਤ ਸਿੰਘ ਨੇ ਕੀਤਾ| ਅੰਤ ਵਿਚ ਧੰਨਵਾਦ ਦੇ ਸ਼ਬਦ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਕਹੇ| ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ|ਬਿਟਸ ਪਿਲਾਨੀ ਦੇ ਇਸ ਵਫਦ ਨੇ ਯੂਨੀਵਰਸਿਟੀ ਦੀਆਂ ਤਕਨੀਕੀ ਖੇਤਰ ਵਿਚ ਕੀਤੀਆਂ ਖੋਜਾਂ ਅਤੇ ਪ੍ਰਾਪਤੀਆਂ ਨੂੰ ਜਾਨਣ ਲਈ ਫਸਲ ਵਿਗਿਆਨ ਵਿਭਾਗ ਦੇ ਤਜਰਬਾ ਖੇਤਰ ਦਾ ਦੌਰਾ ਕੀਤਾ| ਉੱਘੇ ਫਸਲ ਵਿਗਿਆਨ ਡਾ. ਅਜਮੇਰ ਸਿੰਘ ਬਰਾੜ ਨੇ ਵਫਦ ਨੂੰ ਪਾਣੀ ਬਚਾਊ ਤਕਨੀਕਾਂ ਤੋਂ ਜਾਣੂੰ ਕਰਵਾਇਆ| ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਇਸ ਵਫਦ ਨੇ ਸਪੀਡ ਬਰੀਡਿੰਗ, ਜੀਨੋਮ ਸੰਪਾਦਨ ਆਦਿ ਵਿਧੀਆਂ ਬਾਰੇ ਜਾਣਕਾਰੀ ਲਈ| ਡਾ. ਜੀ ਐੱਸ ਖੁਸ਼ ਇੰਸਟੀਚਿਊਟ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਅਤੇ ਡਾ. ਯੋਗੇਸ਼ ਵਿਕਲ ਨੇ ਲੋੜੀਂਦੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ| ਇਸੇ ਤਰ੍ਹਾਂ ਖੇਤੀ ਪ੍ਰੋਸੈਸਿੰਗ ਕੰਪਲੈਕਸ ਅਤੇ ਭੋਜਨ ਉਦਯੋਗ ਸਿਖਲਾਈ ਕੇਂਦਰ ਦੇ ਦੌਰੇ ਦੌਰਾਨ ਡਾ. ਟੀ ਸੀ ਮਿੱਤਲ ਅਤੇ ਡਾ. ਸਵਿਤਾ ਸ਼ਰਮਾ ਨੇ ਵਫਦ ਨੂੰ ਪ੍ਰੋਸੈਸਿੰਗ ਅਤੇ ਮੁੱਲਵਾਧੇ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂੰ ਕਰਵਾਇਆ| ਖੇਤੀ ਇੰਜਨੀਅਰਿੰਗ ਕਾਲਜ ਦੇ ਖੋਜ ਹਾਲ ਵਿਖੇ ਮਹਿਮਾਨਾਂ ਨੂੰ ਮਸ਼ੀਨਰੀ ਅਤੇ ਤਕਨੀਕੀ ਉਪਕਰਨਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ|
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।






