ਪੰਜਾਬ ਭਾਜਪਾ ਦੀ ਅਗਲੇ ਮਹੀਨੇ ਬਣੇਗੀ ਨਵੀਂ ਟੀਮ; ਪ੍ਰਧਾਨਗੀ ਲਈ ਅੱਧੀ ਦਰਜ਼ਨ ਤੋਂ ਵੱਧ ਨਾਵਾਂ ਦੀ ਚਰਚਾ

0
1239

ਚੰਡੀਗੜ੍ਹ, 5 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਵੱਖ ਹੋ ਕੇ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਲਈ ਸਿਰਤੋੜ ਯਤਨ ਕਰ ਰਹੀ ਭਾਰਤੀ ਜਨਤਾ ਪਾਰਟੀ ’ਚ ਅਗਲੇ ਮਹੀਨੇ ਨਵੀਂ ਟੀਮ ਬਣਨ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਭਾਜਪਾ ਸਮਾਗਮਾਂ ਤੋਂ ਲਗਾਤਾਰ ਟਾਲਾ ਵੱਟ ਰਹੇ ਮੌਜੂਦਾ ਪ੍ਰਧਾਨ ਸੁਨੀਲ ਜਾਖ਼ੜ ਦੀ ਥਾਂ ਲੈਣ ਲਈ ਸੂਬੇ ਦੇ ਅੱਧੀ ਦਰਜ਼ਨ ਭਾਜਪਾ ਆਗੂਆਂ ਵੱਲੋਂ ਅੰਦਰਖ਼ਾਤੇ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਹਾਲਾਂਕਿ ਚੱਲ ਰਹੀਆਂ ਚਰਚਾਵਾਂ ਮੁਤਾਬਕ ਇਸ ਵਾਰ ਵੀ ਪਾਰਟੀ ਦਾ ਸੂਬਾ ਪ੍ਰਧਾਨ ਹਾਈਕਮਾਂਡ ਦੀ ਪਸੰਦ ਦਾ ਹੀ ਬਣਨ ਦੀ ਉਮੀਦ ਹੈ। ਜਿਕਰਯੋਗ ਹੈਕਿ 21 ਜਨਵਰੀ ਨੂੰ ਮੈਂਬਰਸ਼ਿਪ ਮੁਹਿੰਮ ਖ਼ਤਮ ਹੋਣ ਜਾ ਰਹੀ ਹੈ। ਜਿਸਤੋਂ ਬਾਅਦ ਸੂਬੇ ਭਰ ਵਿਚ ਐਕਟਿਵ ਮੈਂਬਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ ਅਮਰੀਕਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਕੀਤਾ ਗੋ.ਲੀ+ਆਂ ਮਾਰ ਕੇ ਕ+ਤ.ਲ

ਇਸਤੋਂ ਬਾਅਦ ਪਾਰਟੀ ਦੀ ਪਰੰਪਰਾ ਮੁਤਾਬਕ ਬੂਥ ਕਮੇਟੀਆਂ ਦੀ ਚੋਣ ਹੋਵੇਗੀ ਤੇ ਉਸਤੋਂ ਅਗਲਾ ਕਦਮ ਮੰਡਲ ਪ੍ਰਧਾਨ ਅਤੇ ਮੁੜ ਜ਼ਿਲ੍ਹਾ ਪ੍ਰਧਾਨ ਚੁਣੇ ਜਾਣਗੇ। ਹਾਲਾਂਕਿ ਪਿਛਲੇ ਕੁੱਝ ਸਾਲਾਂ ਤੋਂ ਕਹਿਣ ਨੂੰ ਤਾਂ ਪੰਜਾਬ ਭਾਜਪਾ ਵਿਚ ਲੋਕਤੰਤਰੀ ਢੰਗ ਨਾਲ ਅਹੁੱਦੇਦਾਰਾਂ ਦੀ ਚੋਣ ਹੋ ਰਹੀ ਹੈ ਪ੍ਰੰਤੁੂ ਅਸਲ ਦੇ ਵਿਚ ਜਿਆਦਾਤਰ ਥਾਵਾਂ ‘ਤੇ ਸੂੁਬਾ ਤੇ ਕੇਂਦਰੀ ਹਾਈਕਮਾਂਡ ਦੀ ਪਸੰਦ ’ਤੇ ਨਿਯੁਕਤੀਆਂ ਹੀ ਹੋ ਰਹੀਆਂ ਹਨ। ਪਾਰਟੀ ਦੇ ਉਚ ਆਗੂਆਂ ਮੁਤਾਬਕ ਆਉਣ ਵਾਲੇ ਦੋ ਸਾਲਾਂ ਦੇ ਅੰਦਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਹਨ, ਜਿਸਦੇ ਚੱਲਦੇ ਹਾਈਕਮਾਂਡ ਸੂਬੇ ਦੀ ਕਮਾਂਡ ਕਿਸੇ ਅਜਿਹੇ ਆਗੂ ਨੂੰ ਸੌਂਪਣ ਦੇ ਲਈ ਕੋਸ਼ਿਸ ਕਰ ਰਹੀ ਹੈ, ਜਿਸਦੀ ਪਹੁੰਚ ਪਿੰਡਾਂ ਤੱਕ ਵੀ ਹੋਵੇ। ਜਿਸਤੋਂ ਬਾਅਦ ਕਿਸੇ ਸਿੱਖ ਚਿਹਰੇ ਦੇ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਦੀਆਂ ਕਿਆਸਅਰਾਈਆਂ ਵੀ ਲੱਗ ਰਹੀਆਂ ਹਨ।

ਇਹ ਵੀ ਪੜ੍ਹੋ ਰਾਜਾ ਵੜਿੰਗ ਨੇ ਜਥੇਦਾਰ ਨੂੰ ਪੱਤਰ ਲਿਖ ਕੇ ਡਾ ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣ ਦੀ ਕੀਤੀ ਅਪੀਲ

ਹਾਲਾਂਕਿ ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਬਾਦਲ, ਰਾਣਾ ਸੋਢੀ, ਫ਼ਤਿਹਜੰਗ ਬਾਜਵਾ, ਹਰਜੀਤ ਸਿੰਘ ਗਰੇਵਾਲ ਤੇ ਦਿਆਲ ਸੋਢੀ ਤੋਂ ਇਲਾਵਾ ਸ਼ੁਭਾਸ਼ ਸਰਮਾ, ਅਵਿਨਾਸ਼ ਰਾਏ ਖੰਨਾ ਅਤੇ ਮਨੋਰੰਜਨ ਕਾਲੀਆ ਆਦਿ ਵੀ ਪ੍ਰਧਾਨਗੀ ਦੀ ਦੋੜ ਵਿਚ ਸ਼ਾਮਲ ਦੱਸੇ ਜਾ ਰਹੇ ਹਨ। ਭਾਜਪਾ ਦੇ ਅੰਦਰ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਪੰਜਾਬ ਜਿੱਤਣ ਤੋਂ ਪਹਿਲਾਂ ਮਾਲਵਾ ਜਿੱਤਣਾ ਜਰੂਰੀ ਹੈ, ਜਿਸਦੇ ਵਿਚ 117 ਵਿਚੋਂ 68 ਵਿਧਾਨ ਸਭਾ ਸੀਟਾਂ ਪੈਂਦੀਆਂ ਹਨ। ਜੇਕਰ ਇਸ ਗੱਲ ਨੂੰ ਮੁੱਖ ਤੌਰ ’ਤੇ ਧਿਆਨ ਵਿਚ ਰੱਖਿਆ ਜਾਂਦਾ ਹੈ ਤਾਂ ਮਾਲਵਾ ਵਿਚੋਂ ਵੀ ਕਿਸੇ ਆਗੂ ਨੂੰ ਪ੍ਰਧਾਨਗੀ ਲਈ ਅੱਗੇ ਕੀਤਾ ਜਾ ਸਕਦਾ ਹੈ। ਉਂਝ ਭਾਜਪਾ ਦੇ ਟਕਸਾਲੀਆਂ ਦਾ ਇਸ ਗੱਲ ’ਤ ਵੀ ਜੋਰ ਲੱਗਾ ਹੋਇਆ ਹੈ ਕਿ ਦਲ-ਬਦਲੂਆਂ ਦੀ ਬਜਾਏ ਉਨ੍ਹਾਂ ਵਿਚੋਂ ਕਿਸੇ ਇੱਕ ਨੂੰ ਪਹਿਲ ਦਿੱਤੀ ਜਾਵੇ।

ਇਹ ਵੀ ਪੜ੍ਹੋ ਖੁੱਡੀਆਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

ਗੌਰਤਲਬ ਹੈ ਕਿ ਪੰਜਾਬ ’ਚ ਪਾਰਟੀ ਦੇ ਸਰਵੇ-ਸਰਵਾ ਸ਼੍ਰੀਨਿਵਾਸਲੂ ਵੱਲੋਂ ਲਗਾਤਾਰ ਕਾਂਗਰਸ ਤੇ ਅਕਾਲੀਆਂ ਵਿਚੋਂ ਆਗੂਆਂ ਨੂੰ ਲਿਆ ਕੇ ਸਥਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਲੀਡਰਾਂ ਨੂੰ ਪੰਜਾਬੀ ਮੁੜ ਆਪਣੇ ਸਿਰਾਂ ’ਤੇ ਬਿਠਾਉਣ ਲਈ ਰਾਜ਼ੀ ਨਹੀਂ ਹੋ ਰਹੇ ਹਨ।ਗੌਰਤਲਬ ਹੈ ਕਿ ਭਾਜਪਾ ਦੀਆਂ ਲੱਖ ਕੋਸ਼ਿਸਾਂ ਦੇ ਬਾਵਜੂਦ ਵੀ ਪੰਜਾਬ ਦਾ ਕਿਸਾਨ ਤੇ ਦਿਹਾਤੀ ਵੋਟਰ ਇਸਦੇ ਨਾਲ ਜੁੜ ਨਹੀਂ ਰਿਹਾ ਹੈ। ਜਿਸਦੇ ਚੱਲਦੇ ਪਾਰਟੀ ਦੀ ਪੂਰੀ ਕੋਸਿਸ ਰਹੇਗੀ ਕਿ ਕਿਸੇ ਅਜਿਹੇ ਆਗੂ ’ਤੇ ਸਹਿਮਤੀ ਕੀਤੀ ਜਾ ਸਕੇ, ਜੋ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਵੋਟਰ ਤੇ ਖ਼ਾਸਕਰ ਕਿਸਾਨੀ ਨੂੰ ਵੀ ਪਾਰਟੀ ਨਾਲ ਜੋੜ ਸਕੇ। ਹਾਲਾਂਕਿ ਅਜਿਹਾ ਕੇਂਦਰ ਸਰਕਾਰ ਦੇ ਵਤੀਰੇ ਵਿਚ ਤਬਦੀਲੀ ਕੀਤੇ ਬਿਨ੍ਹਾਂ ਅਸੰਭਵ ਲੱਗਦਾ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here