ਪੰਜਾਬ ਨੇ 1000 ਤੋਂ ਵੱਧ ਸਰਕਾਰੀ ਇਮਾਰਤਾਂ ਨੂੰ ਊਰਜਾ ਕੁਸ਼ਲ ਬਣਾ ਕੇ 6800 ਮੈਗਾਵਾਟ ਨੂੰ ਨਵਿਆਉਣਯੋਗ ਊਰਜਾ ਵੱਲ ਸਫ਼ਲਤਾਪੂਰਵਕ ਤਬਦੀਲ ਕੀਤਾ: ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ
ਪੇਡਾ ਨੇ ਮਨਾਇਆ ਸੂਬਾ ਪੱਧਰੀ ‘ਊਰਜਾ ਸੰਭਾਲ ਦਿਵਸ’
ਚੰਡੀਗੜ੍ਹ, 21 ਦਸੰਬਰ:ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਫ਼ਲਸਫ਼ੇ, “ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ” (ਹਵਾ ਗੁਰੂ ਹੈ, ਪਾਣੀ ਪਿਤਾ ਹੈ ਅਤੇ ਧਰਤੀ ਮਾਤਾ ਹੈ) ਦਾ ਹਵਾਲਾ ਦਿੰਦਿਆਂ ਕਿਹਾ ਕਿ ਟਿਕਾਊ ਭਵਿੱਖ ਦੀ ਪ੍ਰਾਪਤੀ ਲਈ ਪੰਜਾਬ ਵੱਲੋਂ ਰਿਵਾਇਤੀ ਈਂਧਨ ‘ਤੇ ਨਿਰਭਰਤਾ ਨੂੰ ਘਟਾਉਣ ਅਤੇ ਗਰੀਨ ਊਰਜਾ ਵੱਲ ਤਬਦੀਲੀ ਕਰਨ ਸਬੰਧੀ ਰਣਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਹ ਇੱਥੇ ਇੱਕ ਹੋਟਲ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਬਿਜਲੀ ਮੰਤਰਾਲੇ ਦੇ ਸਹਿਯੋਗ ਨਾਲ ਸੂਬਾ ਪੱਧਰੀ ਊਰਜਾ ਸੰਭਾਲ ਦਿਵਸ ਮਨਾਉਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਸੈਂਕੜੇ ਸਾਲ ਪਹਿਲਾਂ ਸਾਡੇ ਪਹਿਲੇ ਗੁਰੂ ਸਾਹਿਬ ਜੀ ਨੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ।
ਇਹ ਵੀ ਪੜ੍ਹੋ Canada ’ਚ ਡਿੱਗ ਸਕਦੀ ਹੈ Justin Trudeau’s ਦੀ ਸਰਕਾਰ, NDP ਲਿਆਏਗੀ ਬੇਭਰੋਸਗੀ ਦਾ ਮਤਾ
ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਖ਼ਰਕਾਰ ਵਿਸ਼ਵ ਹੁਣ ਜਲਵਾਯੂ ਤਬਦੀਲੀ ਦੀ ਸੱਚਾਈ ਪ੍ਰਤੀ ਜਾਗਰੂਕ ਹੋ ਰਿਹਾ ਹੈ ਅਤੇ ਸਮੇਂ ਦੀ ਲੋੜ ਹੈ ਕਿ ਸਾਰੇ ਇਸ ਸੰਕਟ ਦੀ ਗੰਭੀਰਤਾ ਨੂੰ ਸਵੀਕਾਰ ਕਰਨ ਅਤੇ ਸਾਡੀ ਧਰਤੀ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲਾਂ ਸਮੇਤ 1000 ਤੋਂ ਵੱਧ ਸਰਕਾਰੀ ਇਮਾਰਤਾਂ ਨੂੰ ਊਰਜਾ ਕੁਸ਼ਲ ਬਣਾ ਕੇ 6800 ਮੈਗਾਵਾਟ ਨੂੰ ਨਵਿਆਉਣਯੋਗ ਊਰਜਾ ਵੱਲ ਸਫ਼ਲਤਾਪੂਰਵਕ ਤਬਦੀਲ ਕੀਤਾ ਹੈ। 6200 ਮੈਗਾਵਾਟ ਨੂੰ ਨਵਿਆਉਣਯੋਗ ਊਰਜਾ ਵਿੱਚ ਤਬਦੀਲ ਕਰਨ ਸਬੰਧੀ ਇੱਕ ਹੋਰ ਪ੍ਰੋਜੈਕਟ ਪ੍ਰਕਿਰਿਆ ਅਧੀਨ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 2.16 ਲੱਖ ਊਰਜਾ ਕੁਸ਼ਲ ਬੀ.ਈ.ਈ. 4 ਸਟਾਰ ਰੇਟਿੰਗ ਵਾਲੇ ਖੇਤੀ ਪੰਪ-ਸੈੱਟ ਲਗਾਏ ਗਏ ਹਨ। ਸੂਬੇ ਵਿੱਚ 750 ਤੋਂ ਵੱਧ ਇਮਾਰਤਾਂ ਈ.ਸੀ.ਬੀ.ਸੀ. ਅਨੁਕੂਲ ਹਨ।ਪੰਜਾਬ ਨੂੰ ਊਰਜਾ ਕੁਸ਼ਲ ਸੂਬੇ ਵਿੱਚ ਤਬਦੀਲ ਕਰਨ ਲਈ ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਸਰਕਾਰ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਰਕਾਰ ਸਿਰਫ਼ ਈਕੋ-ਸਿਸਟਮ ਤਿਆਰ ਕਰ ਸਕਦੀ ਹੈ ਪਰ ਮੁੱਖ ਜ਼ਿੰਮੇਵਾਰੀ ਨਿੱਜੀ ਅਦਾਰਿਆਂ ਦੀ ਹੈ ਕਿਉਂਕਿ ਉਹਨਾਂ ਨੇ ਆਪਣੀਆਂ ਸੰਸਥਾਵਾਂ ਨੂੰ ਊਰਜਾ ਕੁਸ਼ਲ ਤਕਨੀਕਾਂ ਨਾਲ ਲੈਸ ਕਰਨਾ ਹੈ।ਉਹਨਾਂ ਨੇ ਪੁਰਾਣੀ ਕਹਾਵਤ ‘ਪੈਸੇ ਦੀ ਬੱਚਤ ਕਰਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ’ ਨੂੰ ਭਵਿੱਖੀ ਊਰਜਾ ਦੀ ਮਹੱਤਤਾ ਦੇ ਸੰਦਰਭ ਵਿੱਚ ਵਿੱਚ ਦਰਸਾਉਂਦਿਆਂ ਕਿਹਾ ਕਿ ‘ਊਰਜਾ ਦੀ ਬੱਚਤ ਕਰਨਾ ਹੀ ਊਰਜਾ ਪੈਦਾ ਕਰਨਾ ਹੈ’। ਇਸ ਦੌਰਾਨ ਉਨ੍ਹਾਂ ਨੇ ਊਰਜਾ ਕੁਸ਼ਲਤਾ ਤਕਨਾਲੋਜੀ ਅਤੇ ਊਰਜਾ ਸੰਭਾਲ ਦਿਵਸ ਸਮਾਰੋਹ ਬਾਰੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।
ਇਹ ਵੀ ਪੜ੍ਹੋ ਰੂਸ ਦੇ ਕਜ਼ਾਨ ਸ਼ਹਿਰ ’ਚ 37 ਮੰਜਿਲਾਂ ਟਾਵਰ ’ਤੇ ਡਰੋਨ ਹਮਲਾ, ਹੋਇਆ ਢਹਿ-ਢੇਰੀ
ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰਲੇ ਪਾੜੇ ਨੂੰ ਪੂਰਨ ਲਈ ਸੂਬੇ ਵਿੱਚ ਊਰਜਾ ਦੀ ਸੰਭਾਲ ਅਤੇ ਊਰਜਾ ਕੁਸ਼ਲਤਾ ਦੀ ਲੋੜ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਊਰਜਾ ਸੰਭਾਲ ਤੇ ਊਰਜਾ ਕੁਸ਼ਲਤਾ ਉਪਾਵਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਵੱਖ-ਵੱਖ ਖੇਤਰਾਂ ਵਿੱਚ ਊਰਜਾ ਸੰਭਾਲ ਅਤੇ ਸਵੱਛ ਊਰਜਾ ਦੀ ਮਹੱਤਤਾ ਬਾਰੇ ਹਾਜ਼ਰੀਨਾਂ ਨੂੰ ਜਾਣਕਾਰੀ ਦਿੰਦਿਆਂ ਸੂਬੇ ਵਿੱਚ ਊਰਜਾ ਸੰਭਾਲ ਪ੍ਰੋਗਰਾਮਾਂ ਤਹਿਤ ਕੀਤੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਈ.ਸੀ.ਬੀ.ਸੀ., ਈ.ਸੀ. ਹਫ਼ਤਾ ਮਨਾਉਣ, 85 ਤੋਂ ਵੱਧ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਲਾਗੂ ਕਰਨ ਅਤੇ ਈ.ਸੀ.ਬੀ.ਸੀ. ਤੇ ਗ੍ਰੀਨ ਬਿਲਡਿੰਗਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਪੰਜਾਬ ਊਰਜਾ ਕੁਸ਼ਲਤਾ ਦੇ ਖੇਤਰ ਵਿੱਚ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚੋਂ ਮੋਹਰੀ ਸੂਬਾ ਹੈ।ਇਸ ਸੂਬਾ ਪੱਧਰੀ ਊਰਜਾ ਸੰਭਾਲ ਦਿਵਸ ਦੇ ਸਮਾਗਮ ਵਿੱਚ ਜੀ.ਆਰ.ਆਈ.ਐਚ.ਏ. ਕੌਂਸਲ ਦੇ ਡਿਪਟੀ ਸੀਈਓ ਸ਼ਬਨਮ ਬੱਸੀ, ਵੀਪੀ ਬਿਜ਼ਨਸ ਡਿਵੈਲਪਮੈਂਟ ਗਲੋਬਲ ਨੈਟਵਰਕ ਫਾਰ ਜ਼ੀਰੋ ਦੇ ਗੌਰਵ ਮੁਖੀਜਾ, ਪੀ.ਐਸ.ਪੀ.ਸੀ.ਐਲ., ਜਲ ਸਪਲਾਈ ਅਤੇ ਸੈਨੀਟੇਸ਼ਨ, ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ, ਸਿਹਤ, ਮੈਡੀਕਲ ਸਿੱਖਿਆ ਤੇ ਖੋਜ, ਗਮਾਡਾ ਸਮੇਤ ਹੋਰ ਭਾਈਵਾਲ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ ‘ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ"