ਚੰਡੀਗੜ੍ਹ, 21 ਦਸੰਬਰ: ਪੰਜਾਬ ਦੇ 5 ਨਗਰ ਨਿਗਮਾਂ ਅਤੇ 43 ਨਗਰ ਕੋਂਸਲਾਂ ਸਹਿਤ ਦਰਜ਼ਨਾਂ ਥਾਵਾਂ ‘ਤੇ ਅੱਜ ਸ਼ਨੀਵਾਰ ਨੂੰ ਹੋ ਰਹੀ ਉਪ ਚੋਣ ਦੌਰਾਨ ਕਈ ਥਾਂ ਹੰਗਾਮੇ ਹੋਣ ਅਤੇ ਮਾਹੌਲ ਗਰਮ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਾਗਜ਼ਾਂ ਦੀ ਨਾਮਜਦਗੀ ਤੋਂ ਲੈ ਕੇ ਹੀ ਚਰਚਾ ਵਿਚ ਚੱਲੇ ਆ ਰਹੇ ਪਟਿਆਲਾ ਦੇ ਵਿਚ ਅੱਜ ਮੁੜ ਕਈ ਵਾਰ ਤਿਖੀਆਂ ਝੜਪਾਂ ਹੋਈਆਂ ਹਨ। ਇੱਥੇ 34 ਨੰਬਰ ਵਾਰਡ ਵਿਚ ਇੱਕ ਉਮੀਦਵਾਰ ਵੱਲੋਂ ਖੁਦ ਨੂੰ ਅੱਗ ਲਗਾਉਣ ਅਤੇ ਛੱਤ ’ਤੇ ਚੜਣ ਕਾਰਨ ਕਾਫ਼ੀ ਹੰਗਾਮਾ ਹੋਇਆ। ਪੁਲਿਸ ਵੱਲੋਂ ਇਸ ਉਮੀਦਵਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਇਹ ਵੀ ਪੜ੍ਹੋ Bathinda News: ਵਾਰਡ 48 ਦੀ ਉਪ ਚੋਣ: 11 ਵਜੇਂ ਤੱਕ 27 ਫ਼ੀਸਦੀ ਵੋਟਿੰਗ, ਪੁਲਿਸ ਦੇ ਭਾਰੀ ਸੁਰੱਖਿਆ ਬੰਦੋਬਸਤ
ਇਸੇ ਤਰ੍ਹਾਂ ਸ਼ਹਿਰ ਦੇ ਇੱਕ ਵਾਰਡ ਵਿਚ ਸੱਤਾਧਾਰੀ ਪਾਰਟੀ ਨਾਲ ਸਬੰਧਤ ਦੋ ਵਿਧਾਇਕਾਂ ਦੇ ਪੁੱਜਣ ਕਾਰਨ ਵੀ ਕਾਫ਼ੀ ਵਿਵਾਦ ਹੋਇਆ। ਇਸ ਮੌਕੇ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਨੇ ਵਿਧਾਇਕ ਚੇਤਨ ਸਿੰਘ ਜੌੜੇਮਾਜ਼ਰਾ ਅਤੇ ਗੁਰਲਾਲ ਸਿੰਘ ਘਨੌਰ ਦੀ ਮੌਜੂਦਗੀ ਉੱਤੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਕੋਈ ਵੀ ਬਾਹਰਲਾ ਵਿਅਕਤੀ ਨਹੀਂ ਆ ਸਕਦਾ। ਉਧਰ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਨਗਰ ਕੋਂਸਲ ਦੀ ਵੋਟਿੰਗ ਦੌਰਾਨ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਤਿੱਖੀਆਂ ਝੜਪਾਂ ਹੋਣ ਦੀ ਸੂਚਨਾ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 23 ਦਸੰਬਰ ਨੂੰ ਮੁੜ ਸੱਦੀ SGPC ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ
ਇੱਥੇ 13 ਵਾਰਡਾਂ ਲਈ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਇੱਕ ਬੂਥ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਦੇ ਸਮਰਥਕਾਂ ਵਿਚਕਾਰ ਕਹਾਸੁਣੀ ਹੋ ਗਈ, ਜੋਕਿ ਥੋੜੇ ਹੀ ਸਮੇਂ ਵਿਚ ਘਸੁੰਨ-ਮੁੱਕੇ ਤੱਕ ਪੁੱਜ ਗਈ। ਮੌਕੇ ’ਤੇ ਪੁੱਜੇ ਕਾਗਰਸ ਦੇ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸੰਧੂ ਨੇ ਸਥਿਤੀ ਨੂੰ ਸ਼ਾਂਤ ਕਰਵਾਇਆ। ਇਸਤੋਂ ਇਲਾਵਾ ਹੁਸ਼ਿਆਰਪੁਰ ਵਿਚ ਵੀ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਵਿਚਕਾਰ ਤਕਰਾਰਬਾਜ਼ੀ ਦੇਖਣ ਨੂੰ ਮਿਲੀ। ਜਦੋਂਕਿ ਸੂਬੇ ਦੇ ਕਈ ਹੋਰਨਾਂ ਹਿੱਸਿਆਂ ਵਿਚ ਵੀ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK