1.5 ਕਿਲੋ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ
ਐਸਏਐਸ ਨਗਰ, 4 ਅਕਤੂਬਰ:ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਿੰਡੀਕੇਟ, ਜੋ ਸੂਬੇ ਵਿੱਚ ਹੈਰੋਇਨ ਦੀ ਤਸਕਰੀ ਲਈ ਜੈਕਟਾਂ ਦੀ ਵਰਤੋਂ ਕਰਦਾ ਸੀ, ਦਾ ਪਰਦਾਫਾਸ਼ ਕਰਦਿਆਂ ਇਸਦੇ ਦੋ ਕਾਰਕੁਨਾਂ ਨੂੰ 500-500 ਗ੍ਰਾਮ ਹੈਰੋਇਨ ਨਾਲ ਭਰੀਆਂ ਤਿੰਨ ਹਾਫ ਸਲੀਵ ਜੈਕਟਾਂ ਸਮੇਤ ਗ੍ਰਿਫਤਾਰ ਕੀਤਾ ਹੈ।ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਫਰੀਦਕੋਟ ਦੇ ਭਾਨਾ ਦੇ ਰਹਿਣ ਵਾਲੇ ਸੁਖਦੀਪ ਸਿੰਘ ਉਰਫ ਰਾਜਾ ਅਤੇ ਰੋਹਤਕ ਦੇ ਅਜੈਬ ਦੇ ਰਹਿਣ ਵਾਲੇ ਕ੍ਰਿਸ਼ਨ ਵਜੋਂ ਹੋਈ ਹੈ।ਉਹਨਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 1.5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਚਿੱਟੇ ਰੰਗ ਦੀ ਹੁੰਡਈ ਔਰਾ (ਐਚਆਰ 12 ਏਟੀ 7091) ਕਾਰ ਨੂੰ ਵੀ ਜ਼ਬਤ ਕੀਤਾ ਹੈ, ਜਿਸ ਨੂੰ ਉਹ ਟੈਕਸੀ ਵਜੋਂ ਵਰਤਦਿਆਂ ਉਸ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਦਿੱਲੀ ਸਥਿਤ ਅਫਗਾਨ ਨਾਗਰਿਕ ਤੋਂ ਖਰੀਦੀ ਗਈ ਸੀ, ਜਿਸ ਨਾਲ ਇਸ ਨੈੱਟਵਰਕ ਦੇ ਅੰਤਰਰਾਸ਼ਟਰੀ ਡਰੱਗ ਕਾਰਟਿਲ ਨਾਲ ਸਬੰਧਾਂ ਦਾ ਪਰਦਾਫਾਸ਼ ਹੋਣ ਦੇ ਨਾਲ-ਨਾਲ ਇਹ ਸਾਹਮਣੇ ਆਇਆ ਹੈ ਕਿ
ਇਹ ਖ਼ਬਰ ਵੀ ਪੜ੍ਹੋ: ਬੇਕਾਬੂ ਟਰੱਕ ਨੇ ਟਰੈਕਟਰ-ਟਰਾਲੀ ’ਤੇ ਜਾ ਰਹੇ ਮਜਦੂਰ ਦਰੜ੍ਹੇ, 10 ਦੀ ਹੋਈ ਮੌ+ਤ
ਉਹ ਗ੍ਰਿਫਤਾਰੀ ਤੋਂ ਬਚਣ ਲਈ ਜੈਕਟਾਂ ਵਿੱਚ ਹੈਰੋਇਨ ਲੁਕਾ ਕੇ ਇਸ ਦੀ ਤਸਕਰੀ ਕਰਦੇ ਸਨ।ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਕੋਟਕਪੂਰਾ ਦੇ ਨਸ਼ਾ ਤਸਕਰ ਲਖਵਿੰਦਰ ਸਿੰਘ ਨਾਲ ਮਿਲੀਭੁਗਤ ਕਰਕੇ ਹੈਰੋਇਨ ਦੀਆਂ ਚਾਰ ਖੇਪਾਂ ਦੀ ਤਸਕਰੀ ਕੀਤੀ ਸੀ ਅਤੇ ਹਾਲ ਹੀ ਵਿੱਚ ਸਤੰਬਰ ਦੇ ਅੱਧ ਵਿੱਚ 10 ਕਿਲੋ ਹੈਰੋਇਨ ਖਰੀਦੀ ਸੀ, ਜੋ ਮੋਗਾ ‘ਚ ਸਪਲਾਈ ਕੀਤੀ ਗਈ ਸੀ। ਐਨਡੀਪੀਐਸ ਐਕਟ ਦੇ ਘੱਟੋ-ਘੱਟ 10 ਕੇਸਾਂ ਦਾ ਸਾਹਮਣਾ ਕਰ ਰਿਹਾ ਮੁਲਜ਼ਮ ਲਖਵਿੰਦਰ ਸਿੰਘ ਇਸ ਮਾਡਿਊਲ ਦਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਹੈ, ਜੋ ਨਸ਼ੇ ਦੇ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ।ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਫਰਾਰ ਲਖਵਿੰਦਰ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।ਇਸ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਡੀਆਈਜੀ ਰੋਪੜ ਰੇਂਜ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਹੈਰੋਇਨ ਸਮੇਤ ਡਰੱਗ ਸਿੰਡੀਕੇਟ ਦੇ ਦੋ ਮੈਂਬਰ ਚਿੱਟੇ ਰੰਗ ਦੀ ਹੁੰਡਈ ਔਰਾ ਵਿੱਚ ਦਿੱਲੀ ਤੋਂ ਮੁਹਾਲੀ ਵੱਲ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ: ਭਿਆਨਕ ਹਾਦਸੇ ’ਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ
ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਲਾਲੜੂ ਦੇ ਦੱਪਰ ਟੋਲ ਪਲਾਜ਼ਾ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਵਾਹਨ ਨੂੰ ਸਫਲਤਾਪੂਰਵਕ ਘੇਰਾ ਪਾ ਕੇ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰ ਲਿਆ।ਐਸ.ਐਸ.ਪੀ ਦੀਪਕ ਪਾਰੀਕ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਗੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਸੁਖਦੀਪ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ ਜਿਸ ਖਿਲਾਫ 2020 ਵਿੱਚ ਅਗਵਾ ਦਾ ਕੇਸ ਦਰਜ ਹੋਇਆ ਸੀ। ਉਹਨਾਂ ਦੱਸਿਆ ਕਿ ਮਈ 2024 ਵਿੱਚ ਫਰੀਦਕੋਟ ਜੇਲ ਤੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਹ ਜੁਲਾਈ 2024 ਵਿੱਚ ਹੈਰੋਇਨ ਦੀ ਤਸਕਰੀ ਦੇ ਇਸ ਨੈੱਟਵਰਕ ਵਿੱਚ ਸ਼ਾਮਲ ਹੋਇਆ ਸੀ।ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸੋਹਾਣਾ, ਐਸ.ਏ.ਐਸ.ਨਗਰ ਵਿੱਚ ਕਿਰਾਏ ’ਤੇ ਰਿਹਾਇਸ਼ ਵੀ ਲਈ ਹੋਈ ਸੀ।ਇਸ ਸਬੰਧ ਵਿੱਚ ਐਸ.ਏ.ਐਸ.ਨਗਰ ਦੇ ਥਾਣਾ ਲਾਲੜੂ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਐਫ.ਆਈ.ਆਰ ਨੰਬਰ 141 ਮਿਤੀ 03/10/2024 ਦਰਜ ਕੀਤੀ ਗਈ ਹੈ।
Share the post "ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਲਈ ਜੈਕਟਾਂ ਦੀ ਵਰਤੋਂ ਕਰਨ ਵਾਲੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼"