ਚੰਡੀਗੜ੍ਹ, 1 ਮਾਰਚ:ਦਿਲ ਦਾ ਦੌਰੇ ਪੈਣ ‘ਤੇ ਕੀਮਤੀ ਜਾਨਾਂ ਬਚਾਉਣ ਲਈ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਸਹਿਯੋਗ ਨਾਲ ਪੰਜਾਬ ਐਸ.ਟੀ.ਈ.ਐਮ.ਆਈ. ਪ੍ਰੋਜੈਕਟ ਸ਼ੁਰੂ ਕੀਤਾ, ਜੋ ਸਰਕਾਰੀ ਸੈਕੰਡਰੀ ਸਿਹਤ ਸਹੂਲਤਾਂ ਨੂੰ ਦਿਲ ਦੇ ਦੌਰੇ ਸਮੇਂ ਮਰੀਜ਼ ਦੀ ਜਾਨ ਬਚਾਉਣ ਲਈ ਸਮੇਂ ਸਿਰ ਕਲੌਟ ਬਸਟਰ ਡਰੱਗ ਟੇਨੈਕਟੇਪਲੇਸ ਲਗਾ ਕੇ ਥ੍ਰੋਮਬੋਲਾਈਸਿਸ ਇਲਾਜ ਦੇਣ ਲਈ ਸਮਰੱਥ ਬਣਾਉਂਦਾ ਹੈ। ਇਸ ਪ੍ਰੋਜੈਕਟ ਦਾ ਨਾਮ ਮਿਸ਼ਨ ਅਮ੍ਰਿਤ (ਐਕਿਊਟ ਮਾਇਓਕਾਰਡਿਅਲ ਰੀਵੈਸਕੁਲਰਾਈਜ਼ੇਸ਼ਨ ਇਨ ਟਾਈਮ) ਰੱਖਿਆ ਗਿਆ ਹੈ।ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 25000 ਰੁਪਏ ਤੋਂ 35000 ਰੁਪਏ ਤੱਕ ਦਾ ਟੇਨੈਕਟੇਪਲੇਸ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। ਇਹ ਟੀਕਾ ਦਿਲ ਦੇ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕੋਲ ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।ਪਾਇਲਟ ਪ੍ਰੋਜੈਕਟ ਜੋ ਕਿ ਸ਼ੁਰੂ ਵਿੱਚ ਦੋ ਜ਼ਿਲ੍ਹਿਆਂ ਲੁਧਿਆਣਾ ਅਤੇ ਪਟਿਆਲਾ ਵਿੱਚ ਲਾਗੂ ਕੀਤਾ ਗਿਆ ਸੀ ਅਤੇ ਜਿਸ ਨੂੰ ਬਾਅਦ ਵਿੱਚ ਛੇ ਹੋਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ, ਦੀ ਸਫਲਤਾ ਤੋਂ ਬਾਅਦ ਇਹ ਪ੍ਰੋਜੈਕਟ ਸੂਬੇ ਭਰ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਪਾਇਲਟ ਪੜਾਅ ਵਿੱਚ, ਐਸ.ਟੀ.ਈ.ਐਮ.ਆਈ. ਪ੍ਰੋਜੈਕਟ ਤਹਿਤ ਲਗਭਗ 2833 ਮਰੀਜ਼ ਰਜਿਸਟਰ ਕੀਤੇ ਗਏ ਅਤੇ ਸੈਕੰਡਰੀ ਸਿਹਤ ਸਹੂਲਤਾਂ ਵਿੱਚ ਸਿਹਤ ਸਟਾਫ਼ ਦੁਆਰਾ ਘੱਟੋ-ਘੱਟ 209 ਮਰੀਜ਼ਾਂ ਨੂੰ ਥ੍ਰੋਮਬੋਲਾਈਸਿਸ ਦਿੱਤਾ ਗਿਆ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਐਸ.ਟੀ.ਈ.ਐਮ.ਆਈ. ਪੰਜਾਬ ਪ੍ਰੋਜੈਕਟ ਇੱਕ ਹਾਰਟ ਅਟੈਕ ਮੈਨੇਜਮੈਂਟ ਪ੍ਰੋਗਰਾਮ ਹੈ, ਜੋ ਸਰਕਾਰੀ ਹਸਪਤਾਲਾਂ ਵਿੱਚ ‘ਹੱਬ ਐਂਡ ਸਪੋਕ’ ਮਾਡਲ ‘ਤੇ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਦਿਲ ਦੇ ਦੌਰੇ ਦੇ ਮਰੀਜ਼ ਦਾ ਇਲਾਜ ਔਸਤਨ 90 ਮਿੰਟ ਘੱਟ ਸਮੇਂ ਵਿੱਚ ਕੀਤਾ ਜਾ ਸਕੇਗਾ। ਸਪੋਕਸ ਨੂੰ ਸੈਕੰਡਰੀ ਹੈਲਥਕੇਅਰ ਵਜੋਂ, ਜਦੋਂ ਕਿ ਹੱਬਸ ਨੂੰ ਤੀਜੇ ਦਰਜੇ ਦੇ ਹਸਪਤਾਲ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਦੋ ਹੱਬ-ਡੀਐਮਸੀ ਐਂਡ ਐਚ ਲੁਧਿਆਣਾ ਅਤੇ ਜੀਐਮਸੀਐਚ-32 ਚੰਡੀਗੜ੍ਹ ਸਨ ਅਤੇ ਹੁਣ ਪਟਿਆਲਾ, ਫਰੀਦਕੋਟ, ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਏਮਜ਼ ਬਠਿੰਡਾ ਸਮੇਤ ਚਾਰ ਹੋਰ ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਕੁੱਲ 64 ਸਪੋਕਸ ਹਨ, ਜਿਨ੍ਹਾਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲ ਅਤੇ ਸਬ-ਡਵੀਜ਼ਨ ਹਸਪਤਾਲ ਸ਼ਾਮਲ ਹਨ।ਸਿਹਤ ਮੰਤਰੀ ਨੇ ਦੱਸਿਆ ਕਿ ਦਿਲ ਦੇ ਦੌਰੇ ਦੇ ਲੱਛਣ ਦਿਖਣ ਵਾਲੇ ਮਰੀਜ਼ਾਂ ਨੂੰ ਪਹਿਲਾਂ 108 ਐਂਬੂਲੈਂਸ ਰਾਹੀਂ ਸਪੋਕਸ ਸੈਂਟਰ ਵਿੱਚ ਸ਼ਿਫਟ ਕੀਤਾ ਜਾਵੇਗਾ ਅਤੇ ਉਥੋਂ ਉਨ੍ਹਾਂ ਦੀ ਸਥਿਤੀ ਦੇ ਆਧਾਰ ’ਤੇ ਮਰੀਜ਼ਾਂ ਨੂੰ ਹੱਬ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਜਾਵੇਗਾ।ਸਪੋਕ ਸੈਂਟਰਾਂ ਵਿੱਚ ਈਸੀਜੀ ਮਸ਼ੀਨਾਂ, ਮਾਹਿਰ ਡਾਕਟਰਾਂ ਅਤੇ ਨਰਸਾਂ ਸਮੇਤ ਸ਼ੁਰੂਆਤੀ ਡਾਇਗਨੌਸਟਿਕ ਉਪਕਰਣ ਅਤੇ ਪੈਰਾ ਮੈਡੀਕਲ ਸਟਾਫ਼ ਉਪਲੱਬਧ ਹੋਵੇਗਾ। ਉਨ੍ਹਾਂ ਕਿਹਾ ਕਿ ਸਪੋਕ ਸੈਂਟਰਾਂ ਦੇ ਡਾਕਟਰ ਡਾਕਟਰੀ ਸਲਾਹ ਲਈ ਹੱਬ ਸੈਂਟਰਾਂ ਨਾਲ ਸਲਾਹ ਕਰਨਗੇ ਅਤੇ ਉਸ ਅਨੁਸਾਰ ਅਗਲੀ ਇਲਾਜ ਪ੍ਰਕਿਰਿਆ ਮੁਹੱਈਆ ਕਰਵਾਈ ਜਾਵੇਗੀ।
ਪ੍ਰੋਫ਼ੈਸਰ ਅਤੇ ਡੀਐਮਸੀਐਚ ਲੁਧਿਆਣਾ ਦੇ ਕਾਰਡੀਓਲੋਜੀ ਦੇ ਮੁਖੀ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਲੋਕਾਂ ਨੂੰ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਜਿਸ ਨੂੰ ਆਮ ਤੌਰ ‘ਤੇ ਲੋਕ ਗੈਸਟਰੋਇੰਟੇਸਟੀਨਲ ਸਮੱਸਿਆਵਾਂ ਸਮਝ ਕੇ ਅਣਦੇਖਿਆ ਕਰ ਦਿੰਦੇ ਹਨ। ਉਹਨਾਂ ਅੱਗੇ ਕਿਹਾ ਕਿ ਇਸਕੇਮਿਕ ਦਿਲ ਦੀ ਬਿਮਾਰੀ ਭਾਰਤ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਪਹੁੰਚ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਮਰੀਜ਼ਾਂ ਨੂੰ ਸਹੀ ਸਮੇਂ ‘ਤੇ ਅਤਿ-ਆਧੁਨਿਕ ਇਲਾਜ ਮੁਹੱਈਆ ਕਰਵਾਇਆ ਜਾਵੇ, ਜਿਸ ਨਾਲ ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਵੱਧ ਸਕਣ। ਇਸ ਮੌਕੇ ਸਾਇੰਟਿਸਟ-ਜੀ ਆਈਸੀਐਮਆਰ ਨਵੀਂ ਦਿੱਲੀ ਡਾ. ਮੀਨਾਕਸ਼ੀ ਸ਼ਰਮਾ, ਏਮਜ਼ ਨਵੀਂ ਦਿੱਲੀ ਦੇ ਪ੍ਰੋਫ਼ੈਸਰ ਕਾਰਡੀਓਲੋਜੀ ਡਾ. ਰਾਮਾਕ੍ਰਿਸ਼ਨਨ, ਐਮਡੀ ਐਨਐਚਐਮ ਅਤੇ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਡਾ. ਅਭਿਨਵ ਤ੍ਰਿਖਾ, ਐਮਡੀ ਪੀਐਚਐਸਸੀ ਵਰਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਸਿਹਤ ਡਾ. ਆਦਰਸ਼ਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਜੀਐਮਸੀਐਚ-32 ਚੰਡੀਗੜ੍ਹ ਵਿਖੇ ਕਾਰਡੀਓਲੋਜੀ ਦੇ ਪ੍ਰੋਫੈਸਰ ਅਤੇ ਮੁਖੀ ਡਾ. ਸ੍ਰੀਨਿਵਾਸ ਰੈਡੀ ਅਤੇ ਐਸਪੀਓ ਐਨਪੀ-ਐਨਸੀਡੀ ਡਾ. ਸੰਦੀਪ ਸਿੰਘ ਗਿੱਲ ਹਾਜ਼ਰ ਸਨ।
ਐਸ.ਟੀ.ਈ.ਐਮ.ਆਈ. ਕੀ ਹੈ?
ਐਸਟੀ-ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ (ਐਸ.ਟੀ.ਈ.ਐਮ.ਆਈ.) ਇੱਕ ਕਿਸਮ ਦਾ ਦਿਲ ਦਾ ਦੌਰਾ ਹੈ ਜੋ ਵਧੇਰੇ ਗੰਭੀਰ ਹੁੰਦਾ ਹੈ ਅਤੇ ਇਸ ਵਿੱਚ ਗੰਭੀਰ ਸਿਹਤ ਸਮੱਸਿਆਵਾਂ ਅਤੇ ਮੌਤ ਦਾ ਵਧੇਰੇ ਜੋਖਮ ਹੁੰਦਾ ਹੈ। ਇਨਫਰੈਕਸ਼ਨ ਦਿਲ ਦੀਆਂ ਮਾਸਪੇਸ਼ੀਆਂ ਮਾਇਓਕਾਰਡੀਅਮ ਵਿੱਚ ਖੂਨ ਦੇ ਪ੍ਰਵਾਹ ਦੀ ਬਲਾਕੇਜ਼ ਹੈ। ਇਸ ਬਲਾਕੇਜ਼ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਡੈੱਡ ਹੋ ਜਾਂਦੀਆਂ ਹਨ। ਇਸ ਲਈ ਖੂਨ ਦੇ ਪ੍ਰਵਾਹ ਨੂੰ ਜਲਦ ਬਹਾਲ ਕਰਕੇ ਨੁਕਸਾਨ ਨੂੰ ਸਥਾਈ ਹੋਣ ਤੋਂ ਰੋਕਿਆ ਜਾ ਸਕਦਾ ਹੈ ਜਾਂ ਨੁਕਸਾਨ ਦੀ ਗੰਭੀਰਤਾ ਨੂੰ ਘੱਟ ਕੀਤਾ ਜਾ ਸਕਦਾ ਹੈ।
Share the post "ਪੰਜਾਬ ਦੇ ਸਿਹਤ ਮੰਤਰੀ ਵੱਲੋਂ ਦਿਲ ਦੇ ਦੌਰੇ ਦੇ ਮਾਮਲੇ ਵਿੱਚ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਪੰਜਾਬ ਐਸ.ਟੀ.ਈ.ਐਮ.ਆਈ. ਪ੍ਰੋਜੈਕਟ ਸ਼ੁਰੂ"