Chandigarh News:ਪੰਜਾਬ ਨੂੰ ਭਾਰਤ ਦੇ ਰੱਖਿਆ ਨਿਰਮਾਣ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਅਤੇ ਸੂਬੇ ਦੀਆਂ ਅਥਾਹ ਸਮਰੱਥਾ ਨੂੰ ਦੇਸ਼ ਦੀਆਂ ਰੱਖਿਆ ਲੋੜਾਂ ਨਾਲ ਜੋੜਨ ਵੱਲ ਅਹਿਮ ਕਦਮ ਚੁੱਕਦਿਆਂ ਅੱਜ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉੱਚ-ਪੱਧਰੀ ਡਿਫੈਂਸ ਸਕਿੱਲਜ਼ ਕਨਕਲੇਵ (ਰੱਖਿਆ ਹੁਨਰ ਸੰਮੇਲਨ) ਕਰਵਾਇਆ ਗਿਆ, ਜਿਸ ਵਿੱਚ ਰੱਖਿਆ, ਏਅਰੋਸਪੇਸ ਅਤੇ ਰਣਨੀਤਕ ਖੇਤਰਾਂ ਲਈ ਹੁਨਰ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸੰਮੇਲਨ ਨੇ ਰੱਖਿਆ ਨਿਰਮਾਣ ਖੇਤਰ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਸੂਬੇ ਨੂੰ ਅਹਿਮ ਸਰੋਤ ਵਜੋਂ ਉਭਾਰਨ ਵਾਲੇ ਪਲੇਟਫਾਰਮ ਵਜੋਂ ਭੂਮਿਕਾ ਨਿਭਾਈ। ਇਸ ਸੰਮੇਲਨ ਵਿੱਚ ਰੱਖਿਆ ਸਕੱਤਰ (ਭਾਰਤ ਸਰਕਾਰ) ਸ੍ਰੀ ਰਾਜੇਸ਼ ਕੁਮਾਰ ਸਿੰਘ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਅਲਕਨੰਦਾ ਦਿਆਲ ਅਤੇ ਸੀਨੀਅਰ ਨੀਤੀ ਘਾੜ੍ਹਿਆਂ, ਪ੍ਰਮੁੱਖ ਡਿਫੈਂਸ ਪੀ.ਐਸ.ਯੂਜ਼ ਅਤੇ ਮੂਲ ਉਪਕਰਣ ਨਿਰਮਾਤਾਵਾਂ (ਓ.ਈ.ਐਮ.) ਤੋਂ ਉੱਘੇ ਉਦਯੋਗਪਤੀਆਂ, ਪ੍ਰਮੁੱਖ ਅਕਾਦਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਹੁਨਰ ਮਾਹਿਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸੰਮੇਲਨ ਦਾ ਉਦੇਸ਼ ਇਕ ਅਜਿਹਾ ਉਦਯੋਗ ਪੱਖੀ ਹੁਨਰ ਵਿਕਾਸ ਈਕੋਸਿਸਟਮ ਸਿਰਜਣਾ ਸੀ ਜੋ ਆਧੁਨਿਕ ਯੁੱਧ ਅਤੇ ਏਅਰੋਸਪੇਸ ਸਬੰਧੀ ਉਭਰ ਰਹੀਆਂ ਤਕਨੀਕੀ ਮੰਗਾਂ ਨੂੰ ਪੂਰਾ ਕਰਦਾ ਹੈ।ਸ੍ਰੀ ਅਮਨ ਅਰੋੜਾ ਨੇ ਮੁਗਲ ਯੁੱਗ ਤੋਂ ਲੈ ਕੇ ਹੁਣ ਤੱਕ ਭਾਰਤ ਦੀ ਰੱਖਿਆ ਵਿੱਚ ਪੰਜਾਬ ਦੇ ਯੋਗਦਾਨ ਦਾ ਹਵਾਲਾ ਦਿੰਦਿਆਂ ਸੂਬੇ ਦੀ ਅਮੀਰ ਵਿਰਾਸਤ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਦੀਆਂ ਯੁੱਗ ਤਕਨੀਕਾਂ ਨੂੰ ਵੇਖਦਿਆਂ ਬਹਾਦਰੀ ਨੂੰ ਅਤਿ-ਆਧੁਨਿਕ ਹੁਨਰਾਂ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ।
ਇਹ ਸੰਮੇਲਨ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਨੂੰ ਇੱਕ ਅਜਿਹੇ ਹੱਬ ਵਿੱਚ ਬਦਲਣ ਦੀ ਵਚਨਬੱਧਤਾ ਨੂੰ ਦਹੁਰਾਉਂਦਾ ਹੈ ਜਿਸ ਤਹਿਤ ਸੂਬਾ ਨਾ ਸਿਰਫ਼ ਸੈਨਿਕ ਪੈਦਾ ਕਰੇ ਬਲਕਿ ਦੇਸ਼ ਨੂੰ ਰੱਖਿਆ ਨਿਰਮਾਣ ਵਿੱਚ ‘ਆਤਮਨਿਰਭਰ’ ਬਣਾਉਣ ਲਈ ਹੁਨਰਮੰਦ ਟੈਕਨਾਲੋਜਿਸਟ ਅਤੇ ਇੰਜੀਨੀਅਰ ਵੀ ਪੈਦਾ ਕਰੇ।ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਆਬਾਦੀ ਦਾ ਮਹਿਜ਼ 2 ਫ਼ੀਸਦੀ ਹਿੱਸਾ ਹੈ, ਇਸ ਦੇ ਬਾਵਜੂਦ ਦੇਸ਼ ਦੀ ਸੈਨਾ ਵਿੱਚ ਸੂਬੇ ਦਾ ਯੋਗਦਾਨ 12 ਫ਼ੀਸਦੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਵਿੱਚ ਪੰਜਾਬ ਦੀ ਇੱਕ ਵਿਲੱਖਣ ਪਛਾਣ ਹੈ ਅਤੇ ਰੱਖਿਆ ਉਦਯੋਗ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀਆਂ ਅਥਾਹ ਸਮਰੱਥਾਵਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਕੌਮਾਂਤਰੀ ਹਵਾਈ ਅੱਡੇ ਅਤੇ ਭਾਰਤ ਦੇ ਸਭ ਤੋਂ ਵੱਡੇ ਹਵਾਈ ਸੈਨਾ ਬੇਸਾਂ ਵਿੱਚੋਂ ਇੱਕ ਆਦਮਪੁਰ ਵਿੱਚ ਸਥਿਤ ਹੈ। ਇਸ ਤੋਂ ਇਲਾਵਾ, ਸੂਬੇ ਵਿੱਚ ਕਾਰੋਬਾਰ-ਪੱਖੀ ਨੀਤੀਆਂ ਅਤੇ ਸਾਜ਼ਗਾਰ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰੱਖਿਆ ਖੇਤਰ ਲਈ ਹੁਨਰ ਦੇ ਪਾੜੇ ਦੀ ਪੜਚੋਲ ਕਰਨ ਅਤੇ ਟੀਚਾਗਤ ਸਿਖਲਾਈ ਪ੍ਰੋਗਰਾਮ ਵਿਕਸਤ ਕਰਨ ਲਈ ਉਦਯੋਗਪਤੀਆਂ, ਵਿਦਿਅਕ ਸੰਸਥਾਵਾਂ ਅਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਅਤੇ ਸ੍ਰੀਮਤੀ ਅਲਕਨੰਦਾ ਦਿਆਲ ਨੇ ਸੂਬੇ ਵਿੱਚ ਰੱਖਿਆ ਨਿਰਮਾਣ ਖੇਤਰ ਵਿੱਚ ਆਉਣ ਵਾਲੇ ਨਿਵੇਸ਼ਕਾਂ ਨੂੰ ਨਿਰਵਿਘਨ ਸਹੂਲਤ ਅਤੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੌਮੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਰੱਖਿਆ, ਏਅਰੋਸਪੇਸ ਅਤੇ ਰਣਨੀਤਕ ਖੇਤਰਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਮੁੱਖ ਸਕੱਤਰ ਸ੍ਰੀ ਸਿਨਹਾ ਨੇ ਕਿਹਾ ਕਿ ਇਹ ਸੰਮੇਲਨ ਭਾਰਤ ਦੇ ਰੱਖਿਆ ਖੇਤਰ ਵਿੱਚ ਨਵੀਨਤਾ ਅਤੇ ਸਵੈ-ਨਿਰਭਰਤਾ ਨੂੰ ਵਧਾਉਣ ਵਿੱਚ ਸਹਾਈ ਹੋਵੇਗਾ।ਇਹ ਡਿਫੈਂਸ ਸਕਿੱਲਜ਼ ਕੰਨਕਲੇਵ ਪੰਜਾਬ ਦੇ ਵਿਕਾਸ ਵਿੱਚ ਇੱਕ ਵੱਡੀ ਤਬਦੀਲੀ ਲਿਆਉਣ ਵਾਲਾ ਕਦਮ ਹੈ, ਜੋ ਸੂਬੇ ਦੀ ਹੁਨਰਮੰਦ, ਨਵੀਨਤਾਕਾਰੀ ਅਤੇ ਟਿਕਾਊ ਵਰਕਫ਼ੋਸ ‘ਤੇ ਕੇਂਦਰਿਤ ਹੈ ਅਤੇ ਭਾਰਤ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


