23 Views
ਲੁਧਿਆਣਾ,4 ਜੂਨ: ਛੋਟੀ ਉਮਰੇ ਹੀ ਪੰਜਾਬ ਦੀ ਸਿਆਸਤ ਵਿੱਚ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਰਗੀ ਚੁਣੌਤੀਪੂਰਨ ਸੀਟ ਜਿੱਤ ਕੇ ਮੁੜ ਪੰਜਾਬ ਦੀ ਸਿਆਸਤ ਦੇ ਵਿੱਚ ਆਪਣਾ ਲੋਹਾ ਮਨਵਾਇਆ ਹੈ। ਕਾਫੀ ਸਖਤ ਤੇ ਰੌਚਕ ਮੁਕਾਬਲੇ ਤੋਂ ਬਾਅਦ ਇਹ ਸੀਟ ਜਿੱਤਣ ਵਾਲੇ ਨੌਜਵਾਨ ਕਾਂਗਰਸੀ ਆਗੂ ਰਾਜਾ ਵੜਿੰਗ ਦਾ ਇਸਦੇ ਨਾਲ ਹਾਈ ਕਮਾਂਡ ਅਤੇ ਪੰਜਾਬ ਦੇ ਲੋਕਾਂ ਵਿੱਚ ਸਿਆਸੀ ਕੱਦ ਹੋਰ ਵਧਿਆ ਹੈ।
ਦੱਸਣਾ ਬਣਦਾ ਹੈ ਕਿ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਤਿੰਨ ਵਾਰ ਸਿਟਿੰਗ ਐਮਪੀ ਰਹੇ ਅਤੇ ਪੰਜਾਬ ਕਾਂਗਰਸ ਦੇ ਵੱਡੇ ਪਰਿਵਾਰ ਨਾਲ ਤਾਲੁਕਾਤ ਰੱਖਦੇ ਰਵਨੀਤ ਸਿੰਘ ਬਿੱਟੂ ਪਾਲਾ ਬਦਲ ਕੇ ਭਾਜਪਾ ਵਿੱਚ ਚਲੇ ਗਏ ਸਨ। ਲੁਧਿਆਣਾ ਸੀਟ ਜੋ ਕਿ ਮੂਲ ਰੂਪ ਵਿੱਚ ਸ਼ਹਿਰੀ ਹਲਕਾ ਮੰਨਿਆ ਜਾਂਦਾ ਹੈ ਅਤੇ ਇਥੇ ਪ੍ਰਵਾਸੀ ਪੰਜਾਬੀਆਂ ਦੀ ਵੀ ਵੱਡੀ ਵਸੋਂ ਹੈ, ਵਿੱਚ ਐਨ ਮੌਕੇ ਕਾਂਗਰਸ ਹਾਈ ਕਮਾਂਡ ਵੱਲੋਂ ਰਾਜਾ ਵੜਿੰਗ ‘ਤੇ ਵਿਸ਼ਵਾਸ ਪ੍ਰਗਟਾਉਂਦਿਆਂ ਉਹਨਾਂ ਨੂੰ ਰਵਨੀਤ ਬਿੱਟੂ ਦੇ ਸਾਹਮਣੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।
ਆਪਣੀ ਤੇਜ਼ ਤਰਾਰ ਕਾਰਜ ਸ਼ੈਲੀ ਅਤੇ ਟੀਮ ਵਰਕ ਦੇ ਨਾਲ ਇਸ ਚੁਣੌਤੀ ਭਰੀ ਹੋਈ ਚੋਣ ਨੂੰ ਆਪਣੀ ਕਾਮਯਾਬੀ ਵਮ੍ਹ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਲ 2022 ਦੇ ਵਿੱਚ ਵੀ ਜਦ ਪੂਰੇ ਮਾਲਵਾ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਤਰਫਾ ਹਨੇਰੀ ਝੁੱਲ ਰਹੀ ਸੀ ਤਾਂ ਉਹਨਾਂ ਗਿੱਦੜਵਾਹ ਹਲਕੇ ਦੇ ਵਿੱਚ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਸੀ।