ਲੁਧਿਆਣਾ, 2 ਮਈ: ਕਾਂਗਰਸ ਛੱਡ ਕੇ ਭਾਜਪਾ ਦੇ ਉਮੀਦਵਾਰ ਬਣੇ ਰਵਨੀਤ ਸਿੰਘ ਬਿੱਟੂ ਦੇ ਮੁਕਾਬਲੇ ਗਾਂਧੀ ਪ੍ਰਵਾਰ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਇੱਕ ਵੱਡਾ ਰੋਡ ਸ਼ੋਅ ਕੱਢ ਕੇ ਲੁਧਿਆਣਾ ਵਿੱਚ ‘ਇੰਟਰੀ’ ਕੀਤੀ ਗਈ। ਸਮਰਾਲਾ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਅਤੇ ਲੁਧਿਆਣਾ ਨਾਲ ਸੰਬੰਧਿਤ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਆਪੋ ਆਪਣੇ ਹਲਕਿਆਂ ਦੇ ਵਿੱਚ ਇੱਕਜੁੱਟਤਾ ਦੇ ਨਾਲ ਇਸ ਰੋਡ ਸ਼ੋਅ ਦਾ ਸਵਾਗਤ ਕੀਤਾ।
ਇਸ ਦੌਰਾਨ ਰਾਜਾ ਵੜਿੰਗ ਦੇ ਨਾਲ ਉਹਨਾਂ ਦੇ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸ਼ਾਮ ਨੂੰ ਜਗਰਾਉਂ ਦੇ ਵਿੱਚ ਸਮਾਪਤ ਹੋਣ ਵਾਲੇ ਇਸ ਰੋਡ ਸ਼ੋਅ ਦੌਰਾਨ ਥਾਂ-ਥਾਂ ਕਾਂਗਰਸ ਦੇ ਉਮੀਦਵਾਰ ਦਾ ਭਰਵਾਂ ਸੁਆਗਤ ਕੀਤਾ ਜਾ ਰਿਹਾ ਅਤੇ ਉਹਨਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਕਾਂਗਰਸ ਦੇ ਜਿਲਾ ਪ੍ਰਧਾਨ ਸੰਜੇ ਤਲਵਾਰ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਹਿਤ ਸਮੂਹ ਕਾਂਗਰਸੀ ਆਗੂ ਆਪਣੇ ਸਮਰਥਕਾਂ ਦੇ ਨਾਲ ਕਾਫ਼ਲਿਆਂ ਦੇ ਰੂਪ ਵਿੱਚ ਸ਼ਾਮਿਲ ਹੁੰਦੇ ਰਹੇ।
ਦੱਸਣਾ ਪੈਂਦਾ ਹੈ ਇਹ ਕਾਂਗਰਸ ਹਾਈ ਕਮਾਂਡ ਨੇ ਰਵਨੀਤ ਬਿੱਟੂ ਵੱਲੋਂ ਚੁੱਕੇ ਕਦਮਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਹਨਾਂ ਦੇ ਮੁਕਾਬਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਰੂਪ ਵਿੱਚ ਕੱਦਾਵਾਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਰਵਨੀਤ ਸਿੰਘ ਬਿੱਟੂ ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਜਾਂਦੇ ਹਨ ਤੋਂ ਸਿਆਸਤ ਤੋਂ ਸਨਿਆਸ ਲੈ ਲੈਣਗੇ। ਸ੍ਰੀ ਬਾਜਵਾ ਵੱਲੋਂ ਹੁਣ ਰਾਜਾ ਬੜਿੰਗ ਨੂੰ ਟਿਕਟ ਮਿਲਣ ਤੋਂ ਬਾਅਦ ਲੁਧਿਆਣਾ ਦੇ ਵਿੱਚ ਪੱਕੇ ਡੇਰੇ ਲਾਉਣ ਦਾ ਐਲਾਨ ਵੀ ਕੀਤਾ ਗਿਆ ਹੈ।




