23 Views
ਲੁਧਿਆਣਾ, 8 ਜੂਨ: ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਮਰਹੂਮ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਬੇਸ਼ਕ ਲੁਧਿਆਣਾ ਤੋਂ ਚੋਣ ਜਿੱਤਣ ਵਿੱਚ ਸਫਲ ਨਹੀਂ ਰਹੇ ਪਰੰਤੂ ਹੁਣ ਉਹ ਬਤੌਰ ਰਾਜ ਮੰਤਰੀ ਮੋਦੀ ਸਰਕਾਰ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਪ੍ਰਧਾਨ ਮੰਤਰੀ ਦਫਤਰ ਵੱਲੋਂ ਉਹਨਾਂ ਨੂੰ ਅੱਜ ਸ਼ਾਮ ਨਰਿੰਦਰ ਮੋਦੀ ਦੁਆਰਾ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਜਾ ਰਹੀ ਸਹੁੰ ਸਮਾਗਮ ਦੌਰਾਨ ਬਤੌਰ ਰਾਜ ਮੰਤਰੀ ਅਹੁਦਾ ਸੰਭਾਲਣ ਦਾ ਪ੍ਰਸਤਾਵ ਦਿੱਤਾ ਹੈ।
ਇਸ ਤੋਂ ਇਲਾਵਾ ਦੁਪਹਿਰ 12 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਸੰਭਾਵੀ ਮੰਤਰੀਆਂ ਨੂੰ ਦਿੱਤੀ ਚਾਹ ਪਾਰਟੀ ਵਿੱਚ ਵੀ ਰਵਨੀਤ ਬਿੱਟੂ ਨੂੰ ਬੁਲਾਇਆ ਗਿਆ ਸੀ। ਇਸ ਚਾਹ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਖੁਦ ਰਵਨੀਤ ਸਿੰਘ ਬਿੱਟੂ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਦਫਤਰ ਵੱਲੋਂ ਉਹਨਾਂ ਨੂੰ ਬਤੌਰ ਰਾਜ ਮੰਤਰੀ ਵਜੋਂ ਮੰਤਰੀ ਮੰਡਲ ਵਿਚ ਸ਼ਾਮਿਲ ਕਰਨ ਦੀ ਪੁਸ਼ਟੀ ਕੀਤੀ ਹੈ। ਉਹਨਾਂ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।
ਦੱਸਣਾ ਬਣਦਾ ਹੈ ਕਿ ਤਿੰਨ ਵਾਰ ਦੇ ਸੰਸਦ ਰਹੇ ਰਵਨੀਤ ਬਿੱਟੂ ਇਸ ਵਾਰ ਭਾਜਪਾ ਦੀ ਟਿਕਟ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੋਲੋਂ ਕਰੀਬ 20 ਹਜਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ। ਚੋਣਾਂ ਦੌਰਾਨ ਰਵਨੀਤ ਬਿੱਟੂ ਦੇ ਹੱਕ ਵਿੱਚ ਰੈਲੀ ਕਰਨ ਆਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਗੱਲ ਦਾ ਪਹਿਲਾ ਹੀ ਇਸ਼ਾਰਾ ਕਰ ਦਿੱਤਾ ਸੀ ਕਿ ਬਿੱਟੂ ਨੂੰ ਤੀਜੀ ਵਾਰ ਬਣਨ ਜਾ ਰਹੀ ਮੋਦੀ ਸਰਕਾਰ ਦੇ ਵਿੱਚ ਵੱਡਾ ਸਨਮਾਨ ਦਿੱਤਾ ਜਾਵੇਗਾ।