ਕਿਹਾ ਸਾਰਿਆਂ ਨਾਲ ਰਾਏ ਮਸ਼ਵਰੇ ਤੋਂ ਬਾਅਦ ਲਵਾਂਗੇ ਫੈਸਲਾ
ਸ਼੍ਰੀ ਮੁਕਤਸਰ ਸਾਹਿਬ, 11 ਨਵੰਬਰ: ਬੀਤੇ ਕੱਲ ਪੰਜਾਬ ਦੇ ਵਿਚ ਸਿੰਥੈਟਿਕ ਨਸ਼ੇ ਦੇ ਖ਼ਾਤਮੇ ਲਈ ਰਿਵਾਇਤੀ ਨਸ਼ਿਆਂ ਭੁੱਕੀ ਤੇ ਅਫ਼ੀਮ ਦੇ ਠੇਕੇ ਖੋਲਣ ਦੀ ਗੱਲ ਕਰਕੇ ਚਰਚਾ ਵਿਚ ਆਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਮੁੜ ਇਸਦੇ ਹੱਕ ਵਿਚ ਦਲੀਲਾਂ ਦਿੰਦਿਆਂ ਦਾਅਵਾ ਕੀਤਾ ਹੈ ਕਿ ‘‘ ਸਾਰਿਆਂ ਦੇ ਨਾਂਲ ਰਾਏ ਮਸ਼ਵਰੇ ਤੋਂ ਬਾਅਦ ਇਸਦੇ ਬਾਰੇ ਕੋਈ ਫੈਸਲਾ ਲਿਆ ਜਾਵੇਗਾ। ’’ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਿੱਟੂ ਨੇ ਕਿਹਾ ਕਿ ਉਨ੍ਹਾਂ ਗਿੱਦੜਬਾਹਾ ਹਲਕੇ ’ਚ ਚੋਣ ਪ੍ਰਚਾਰ ਦੌਰਾਨ ਕੁੱਝ ਅਜਿਹੇ ਪ੍ਰਵਾਰਾਂ ਨਾਲ ਮੁਲਾਕਾਤ ਹੋਈ, ਜਿੰਨ੍ਹਾਂ ਦੇ ਨੌਜਵਾਨਾਂ ਪੁੱਤਾਂ ਦਾ ਚਿੱਟੇ ਦੇ ਨਾਲ ਬੁਰਾ ਹਾਲ ਸੀ ਤੇ ਇਹ ਸੁਝਾਅ ਉਥੋਂ ਹੀ ਆਇਆ ਸੀ।
ਅੰਮ੍ਰਿਤਸਰ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਪੰਜ ਬਦਮਾਸ਼ ਕਾਬੂ, ਇੱਕ ਦੇ ਲੱਗੀ ਗੋ+ਲੀ
ਮੰਤਰੀ ਬਿੱਟੂ ਨੇ ਕਿਹਾ ਕਿ ‘‘ ਭੁੱਕੀ-ਪੋਸਤ ਖ਼ਾਣ ਨਾਲ ਨਾਂ ਤਾਂ ਕਿਸੇ ਦੀ ਮੌਤ ਹੁੰਦੀ ਹੈ ਅਤੇ ਨਾਂ ਹੀ ਲੜਾਈ ਕਲੈਸ਼, ਬਲਕਿ ਇਸਦੇ ਨਾਲ ਬੰਦਾ ਕੰਮ ਵੀ ਕਰਦਾ ਹੈ ਤੇ ਪੰਜਾਬ ਵਿਚ ਨਸ਼ਿਆਂ ਦੀ ਪੂਰਤੀ ਲਈ ਹੋ ਰਹੀਆਂ ਲੁੱਟਾਂ ਖੋਹਾਂ ਵੀ ਬੰਦ ਹੋ ਜਾਣਗੀਆਂ। ’’ ਕੇਂਦਰੀ ਮੰਤਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਵੀ ਭੁੱਕੀ ਦੀ ਖੇਤੀ ਹੁੰਦੀ ਹੈ ਤੇ ਇਸਦੀ ਵਰਤੋਂ ਡਾਕਟਰੀ ਦਵਾਈ ਲਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਪਹਿਲਾਂ ਦੀ ਤਰ੍ਹਾਂ ਡਾਕਟਰਾਂ ਦੀ ਸਲਾਹ ਨਾਲ ਜੇਕਰ ਇਸਦੇ ਕਾਰਡ ਬਣ ਜਾਣ ਤਾਂ ਸਪਲਾਈ ਲਈ ਠੇਕੇ ਖੋਲੇ ਜਾਣ ਵਿਚ ਕੋਈ ਹਰਜ਼ ਨਹੀਂ ਹੈ। ਸ਼੍ਰੀ ਬਿੱਟੂ ਨੇ ਇਹ ਵੀ ਦਾਅਵਾ ਕੀਤਾ ਕਿ ਪਟਿਆਲਾ ਤੋਂ ਕਾਂਗਰਸ ਐਮ.ਪੀ ਡਾ ਧਰਮਵੀਰ ਗਾਂਧੀ ਨੇ ਵੀ ਇਹ ਮੁੱਦਾ ਚੁੱਕਿਆ ਸੀ। ਪੰਜਾਬ ਦੇ ਵਿਚ ਲੁੱਟਾਂ ਖੋਹਾਂ ਤੇ ਗੈਂਗਸਟਰਵਾਦ ਦੀ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ 2027 ਵਿਚ ਇੱਕ ਵਾਰ ਭਾਜਪਾ ਦੀ ਸਰਕਾਰ ਆ ਜਾਵੇ, ਉਸਤੋਂ ਬਾਅਦ ਯੂ.ਪੀ ਦੀ ਤਰ੍ਹਾਂ ਡੰਡਾ ਇਸ ਤਰ੍ਹਾਂ ਚਲਾਇਆ ਜਾਵੇਗਾ ਕਿ ਉਹ ਅਜਿਹਾ ਕਰਨ ਦੀ ਸੋਚੇਗਾ ਵੀ ਨਹੀਂ।