ਜਲੰਧਰ, 7 ਜੁਲਾਈ: ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਸਰਗਰਮ ਹੋਏ ਬਾਗੀ ਧੜੇ ਨੇ ਹੁਣ ਮੁੜ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਹੈ। ਬੀਤੇ ਕੱਲ ਜਲੰਧਰ ’ਚ ਹੀ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ ਦੀ ਅਗਵਾਈ ਹੇਠ ਬਾਗੀ ਧੜੇ ਦੀ ਹੋਈ ਮੀਟਿੰਗ ਵਿਚ ਹੁਣ ਤੱਕ ਦੀ ਰਣਨੀਤੀ ’ਤੇ ਚਰਚਾ ਕੀਤੀ ਗਈ ਹੈ। ਸੂਚਨਾ ਮੁਤਾਬਕ ਕੁੱਝ ਆਗੂਆਂ ਵੱਲਂੋ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਚੁੱਕਿਆ ਅਤੇ ਇਸਦੇ ਲਈ ਲੀਡਰਸ਼ਿਪ ਨੂੰ ਘੇਰਿਆ ਗਿਆ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਵੱਡੀ ਢਾਹ ਲੱਗੀ। ਇਸਤੋਂ ਪਹਿਲਾਂ ਵੀ ਇਸ ਧੜੇ ਵੱਲੋਂ ਲੰਘੀ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਬੇਅਦਬੀ ਘਟਨਾ, ਡੇਰਾ ਮੁਖੀ ਨੂੰ ਮੁਆਫ਼ੀ, ਸੁਮੇਧ ਸੈਣੀ ਨੂੰ ਡੀਜੀਪੀ ਲਗਾਉਣ ਆਦਿ ਦੇ ਮਾਮਲੇ ਵਿਚ ਅਕਾਲੀ ਸਰਕਾਰ ਦੌਰਾਨ ਖ਼ੁਦ ਨੂੰ ਭਾਗੀਦਾਰ ਮੰਨਦਿਆਂ ਸਮੂਹਿਕ ਭੁੱਲ ਬਖ਼ਸਾਉਣ ਦੇ ਲਈ ਅਰਜ਼ੀ ਦਿੱਤੀ ਗਈ ਸੀ।
ਭਾਈ ਅੰਮ੍ਰਿਤਪਾਲ ਸਿੰਘ ਨੇ ਮੁੜ ਚੁੱਕਿਆ ਖ਼ਾਲਿਸਤਾਨ ਦਾ ਮੁੱਦਾ, ਕਿਹਾ ਮਾਂ ਦੇ ਬਿਆਨ ਨਾਲ ਨਹੀਂ ਹਾਂ ਸਹਿਮਤ
ਸੂਚਨਾ ਮੁਤਾਬਕ ਉਸਤੋਂ ਬਾਅਦ ਬੀਤੇ ਕੱਲ ਇਸ ਧੜੇ ਦੀ ਹੋਈ ਮੀਟਿੰਗ ਵਿਚ ਪ੍ਰੋ ਚੰਦੂਮਾਜਰਾ ਤੋ ਇਲਾਵਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾ ਬੀਬੀ ਜੰਗੀਰ ਕੌਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਰਵਣ ਸਿੰਘ ਫ਼ਿਲੌਰ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਢਸਾ, ਸੁੱਚਾ ਸਿੰਘ ਛੋਟੇਪੁਰ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਗੁਰਪ੍ਰਤਾਪ ਸਿੰਘ ਵਡਾਲਾ, ਜਸਟਿਸ ਨਿਰਮਲ ਸਿੰਘ, ਕਰਨੈਲ ਸਿੰਘ ਪੰਜੋਲੀ ਆਦਿ ਦਰਜਨਾਂ ਆਗੂ ਮੌਜੂਦ ਸਨ। ਮੀਟਿੰਗ ਵਿਚ ਇਸ ਧੜੇ ਦੇ ਵੱਲੋਂ ਕੋਈ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਜਥੇਦਾਰ ਦੇ ਫੈਸਲੇ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ। ਜਿਕਰਯੋਗ ਹੈ ਕਿ ਇਸ ਧੜੇ ਦੇ ਵੱਲੋਂ ਪਿਛਲੇ ਦਸ ਸਾਲਾਂ ਤੋਂ ਅਕਾਲੀ ਦਲ ਨੂੰ ਮਿਲ ਰਹੀਆਂ ਨਮੋਸ਼ੀਜਨਕ ਹਾਰਾਂ ਦੇ ਲਈ ਲੀਡਰਸ਼ਿਪ ਨੂੰ ਜਿੰਮੇਵਾਰ ਠਹਿਰਾਉਂਦਿਆਂ ਪਾਰਟੀ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਬਦਲ ਵਜੋਂ ਪਾਰਟੀ ਨੂੰ ਚਲਾਉਣ ਦੇ ਲਈ ਪੰਚ ਪ੍ਰਧਾਨੀ ਸਿਸਟਮ ਲਾਗੂ ਕਰਨ ਅਤੇ ਇਕਬਾਲ ਸਿੰਘ ਝੂੰਦਾ ਦੀ ਰੀਪੋਰਟ ’ਤੇ ਅਮਲ ਕਰਨ ਲਈ ਵੀ ਕਿਹਾ ਜਾ ਰਿਹਾ।
ਬਠਿੰਡਾ ’ਚ ਮੀਂਹ ਨੇ ਖ਼ੋਲੀ ਨਗਰ ਨਿਗਮ ਦੀ ਪੋਲ, ਸ਼ਹਿਰ ਦੇ ਕਈ ਇਲਾਕਿਆਂ ਵਿਚ ਥੋੜੇ ਜਿਹੇ ਮੀਂਹ ਨਾਲ ਭਰਿਆ ਪਾਣੀ
ਦੂਜੇ ਪਾਸੇ ਸੁਖਬੀਰ ਧੜਾ ਕਿਸੇ ਵੀ ਕੀਮਤ ’ਤੇ ਪ੍ਰਧਾਨਗੀ ਆਪਣੇ ਹੱਥੋਂ ਖੁੱਸਣ ਤੋਂ ਬਚਾਉਣ ਲਈ ਸਿਰਤੋੜ ਯਤਨ ਕਰ ਰਿਹਾ। ਇਸਦੇ ਲਈ ਅਕਾਲੀ ਦਲ ਦੇ ਵੱਖ ਵੱਖ ਵਿੰਗਾਂ ਦੀਆਂ ਲਗਾਤਾਰ ਮੀਟਿੰਗਾਂ ਕਰਕੇ ਪਾਰਟੀ ਪ੍ਰਧਾਨ ਦੇ ਹੱਕ ਵਿਚ ਖੜਣ ਦੇ ਫ਼ਤਵੇ ਦਿੱਤੇ ਜਾ ਰਹੇ ਹਨ। ਜਿਸਦੇ ਚੱਲਦੇ ਹੁਣ ਦਿਨੋਂ-ਦਿਨ ਦੋਨਾਂ ਧੜਿਆਂ ਵਿਚ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਅਹਿਮ ਗੱਲ ਇਹ ਵੀ ਹੈ ਕਿ ਜਲੰਧਰ ਪੱਛਮੀ ਹਲਕੇ ਤੋਂ ਜਿੱਥੇ ਸੁਖਬੀਰ ਬਾਦਲ ਧੜੇ ਨੇ ਆਪਣੇ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਤੋਂ ਹਿਮਾਇਤ ਵਾਪਸ ਲੈ ਕੇ ਬਸਪਾ ਦੀ ਮੱਦਦ ਦਾ ਐਲਾਨ ਕੀਤਾ ਗਿਆ ਹੈ, ਉਥੇ ਬਾਗੀ ਧੜੇ ਵੱਲੋਂ ਖੁੱਲ ਕੇ ਸੁਰਜੀਤ ਕੌਰ ਦੀ ਮੱਦਦ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਇਸ ਧੜੇ ਦਾ ਟੀਚਾ ਇਸ ਹਲਕੇ ਵਿਚੋਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਨੂੰ ਮਿਲੀਆਂ 2623 ਵੋਟਾਂ ਦੇ ਮੁਕਾਬਲੇ ਸਤਿਕਾਰਤ ਵੋਟਾਂ ਹਾਸਲ ਕਰਨਾ ਹੈ।
Share the post "ਬਾਗੀ ਧੜਾ ਮੁੜ ਹੋਇਆ ਇੱਕਜੁਟ, ਜਲੰਧਰ ’ਚ ਸੁਰਜੀਤ ਕੌਰ ਦੇ ਹੱਕ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ"