ਨਵੀਂ ਦਿੱਲੀ, 5 ਅਪ੍ਰੈਲ: ਦਹਾਕਿਆਂ ਤੋਂ ਗਾਂਧੀ ਪ੍ਰਵਾਰ ਦੀ ਘਰੇਲੂ ਸੀਟ ਮੰਨੇ ਜਾਣ ਵਾਲੇ ਅਮੇਠੀ ਲੋਕ ਸਭਾ ਹਲਕੇ ਤੋਂ ਹੁਣ ਗਾਂਧੀ ਪ੍ਰਵਾਰ ਦੇ ਜਵਾਈ ਨੇ ਚੋਣ ਲੜਣ ਦੀ ਇੱਛਾ ਪ੍ਰਗਟਾਈ ਹੈ। ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਡੇਰਾ ਨੇ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਇਸ ਹਲਕੇ ਤੋਂ ਚੋਣ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਪਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਦੂਜੀਆਂ ਪਾਰਟੀਆਂ ਦੇ ਆਗੂ ਵੀ ਉਸਨੂੰ ਪਸੰਦ ਕਰਦੇ ਹਨ ਤੇ ਚੋਣਾਂ ਵਿਚ ਮਦਦ ਕਰਨਗੇ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਮੇਠੀ ਲੋਕ ਸਭਾ ਹਲਕੇ ਤੋਂ ਸੋਨੀਆ ਗਾਂਧੀ ਖੁਦ ਚੋਣ ਲੜਦੇ ਰਹੇ ਹਨ ਤੇ ਮੁੜ ਪ੍ਰਿਅੰਕਾ ਗਾਂਧੀ ਨੇ ਵੀ ਚੋਣ ਲੜੀ ਸੀ।
ਭਾਜਪਾ ਨੂੰ ਲੱਗੇਗਾ ਵੱਡਾ ਝਟਕਾ: ਸੀਨੀਅਰ ਆਗੂ ਨੇ ਚੋਣ ਲੜਣ ਦਾ ਕੀਤਾ ਐਲਾਨ
ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕੇਂਦਰੀ ਮੰਤਰੀ ਸਮਿਰਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਇਸ ਹਲਕੇ ਤੋਂ ਹਰਾ ਦਿੱਤਾ ਸੀ। ਰਾਹੁਲ ਹੁਣ ਦਖਣ ਦੇ ਵਾਈਨਾਡੂ ਹਲਕੇ ਤੋਂ ਹੀ ਚੋਣ ਲੜ ਰਹੇ ਹਨ। ਰਾਬਰਟ ਦਾ ਇਹ ਵੀ ਤਰਕ ਹੈ ਕਿ ਗਾਂਧੀ ਪ੍ਰਵਾਰ ਵੱਲੋਂ ਇਸ ਹਲਕੇ ਤੋਂ ਲਗਾਤਾਰ ਚੋਣ ਲੜਣ ਕਰਕੇ ਉਹ ਇਸ ਹਲਕੇ ਦੇ ਲੋਕਾਂ ਨਾਲ ਸੰਪਰਕ ਵਿਚ ਹਨ। ਉਧਰ ਭਾਜਪਾ ਨੇ ਰਾਬਰਟ ਵਡੇਰਾ ਦੀ ਇਸ ਇੱਛਾ ’ਤੇ ਤੰਜ਼ ਕਸਿਆ ਹੈ। ਭਾਜਪਾ ਨੇ ਕਿਹਾ ਹੈ ਕਿ ‘‘ ਰਾਬਰਟ ਵਡੇਰਾ ਦੀ ਇੱਕੋ-ਇੱਕ ਪਹਿਚਾਣ ਗਾਂਧੀ ਪ੍ਰਵਾਰ ਦਾ ਜਵਾਈ ਹੋਣਾ ਹੈ ਤੇ ਇਹ ਪ੍ਰਵਾਰ ਪੂਰੀ ਤਰ੍ਹਾਂ ਪ੍ਰਵਾਰਵਾਦ ਵਿਚ ਡੁੱਬਿਆ ਹੋਇਆ ਹੈ। ’’ ਰਾਬਰਟ ਦੇ ਇਸ ਐਲਾਨ ’ਤੇ ਹਾਲੇ ਤੱਕ ਗਾਂਧੀ ਪ੍ਰਵਾਰ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਈ ਹੈ।