👉 ਮਰਹੂਮ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫ਼ਖਰੇ-ਕੌਮ ਦਾ ਖਿਤਾਬ ਵਾਪਸ ਲਿਆ
👉 ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿਚ ਭੂਮਿਕਾ ਦਾ ਗੁਨਾਹ ਕਬੂਲਿਆ
👉 ਕਈ ਹੋਰ ਸਾਬਕਾ ਮੰਤਰੀਆਂ ਤੇ ਅਕਾਲੀ ਆਗੂਆਂ ਨੂੰ ਵੀ ਸੁਣਾਈ ਗਈ ਸਜ਼ਾ
👉 ਸਜ਼ਾ ਦੇਣ ਦੌਰਾਨ ਸੰਗਤ ਦੀ ਹਾਜ਼ਰੀ ’ਚ ਸੁਖਬੀਰ ਸਹਿਤ ਲੀਡਰਸ਼ਿਪ ਨੂੰ ਕੀਤੇ ਗਏ ਸਵਾਲ-ਜਵਾਬ
👉 ਲੱਤ ’ਚ ਸੱਟ ਕਾਰਨ ਵੀਲ੍ਹ ਚੇਅਰ ’ਤੇ ਪੁੱਜੇ ਸਨ ਸੁਖਬੀਰ ਬਾਦਲ
ਸ਼੍ਰੀ ਅੰਮ੍ਰਿਤਸਰ ਸਾਹਿਬ, 2 ਦਸੰਬਰ: ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਅਤੇ ਅਕਾਲੀ ਸਰਕਾਰ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀ ਘਟਨਾ ਕਾਰਨ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਖੁੱਲੇ ਤੌਰ ’ਤੇ ਆਪਣਾ ਗੁਨਾਹ ਕਬੂਲ ਲਿਆ ਗਿਆ। ਜਿਸਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਉਨ੍ਹਾਂ ਸਹਿਤ ਕਈ ਹੋਰਨਾਂ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਇਸਤੋਂ ਇਲਾਵਾ ਮਹਰੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਮਾਮਲੇ ਵਿਚ ਨਿਭਾਈ ਭੂਮਿਕਾ ਦੇ ਚੱਲਦਿਆਂ ਉਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਗਿਆ ਫ਼ਖਰੇ-ਕੌਮ ਦਾ ਖਿਤਾਬ ਵੀ ਵਾਪਸ ਲੈ ਲਿਆ ਗਿਆ। ਇਸੇ ਤਰ੍ਹਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਪ੍ਰਧਾਨ ਸਹਿਤ ਹੋਰਨਾਂ ਵੱਲੋਂ ਦਿੱਤੇ ਗਏ ਅਸਤੀਫ਼ਿਆਂ ਨੂੰ ਪ੍ਰਵਾਨ ਕਰਕੇ ਤਿੰਨ ਦਿਨਾਂ ਦੇ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕਰਨ ਦੇ ਹੁਕਮ ਦਿੱਤੇ। ਇਸਤੋਂ ਇਲਾਵਾ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਤਤਕਾਲੀ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਕੋਲੋਂ ਸਾਰੀਆਂ ਸਹੂਲਤਾਂ ਵਾਪਸ ਲੈਣ, ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗਰੰਥੀ ਦੇ ਅਹੁੱਦੇ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਤਬਦੀਲ ਕਰਨ ਅਤੇ ਨਾਲ ਹੀ ਜਨਤਕ ਸਮਾਗਮਾਂ ਵਿਚ ਬੋਲਣ ਤੋਂ ਰੋਕ ਲਗਾ ਦਿੱਤੀ। ਜਦੋਂਕਿ ਡੇਰਾ ਮੁਖੀ ਨੂੰ ਮੁਆਫ਼ੀਨਾਮਾ ਦੇਣ ਦੇ ਮਾਮਲੇ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਦਾ ਇਸ਼ਤਿਹਾਰਾਂ ਦੇ ਰੂਪ ਵਿਚ ਦਿੱਤਾ ਪੈਸਾ ਵਿਆਜ ਸਹਿਤ ਪੈਸੇ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਢਸਾ, ਬਲਵਿੰਦਰ ਸਿੰਘ ਭੂੰਦੜ, ਸੁੱਚਾ ਸਿੰਘ ਲੰਗਾਹ, ਦਲਜੀਤ ਸਿੰਘ ਚੀਮਾ, ਗੁਲਜਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਆਗੂਆਂ ਕੋਲੋਂ ਵਸੂਲਣ ਦੇ ਹੁਕਮ ਦਿੱਤੇ ਗਏ।
ਇਹ ਵੀ ਪੜ੍ਹੋ SKM News: ਦਿੱਲੀ ਚੱਲੋਂ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਕਿਸਾਨ ਮੋਰਚੇ ਦੇ ਆਗੂਆਂ ਨੇ ਕੀਤੀ ਮੀਟਿੰਗ
ਸਾਰਿਆਂ ਦਾ ਪੱਖ ਸੁਣਨ ਤੋਂ ਬਾਅਦ ਕਰੀਬ ਸਵਾ ਤਿੰਨ ਵਜੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ’ਤੇ ਖੜ੍ਹੇ ਹੋ ਕੇ ਗੁਨਾਹਾਂ ’ਤੇ ਸਜ਼ਾ ਦਾ ਫੈਸਲਿਆਂ ਸੁਣਾਉਂਦਿਆਂ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਦੋਨਾਂ ਧੜਿਆਂ ਨੂੰ ਆਪਣੈ ਅਹੁੱਦਿਆਂ ਤੋਂ ਅਸਤੀਫ਼ੇ ਦੇ ਕੇ ਅਕਾਲੀ ਦਲ ਨੂੰ ਮਜਬੂਤ ਕਰਨ ਦਾ ਹੁਕਮ ਦਿੰਦਿਆਂ ਇਸਦੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾਂ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੇਦਪੁਰੀ, ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ, ਜਿਸਦੀ ਅਗਵਾਈ ਵਿਚ ਨਵੀਂ ਮੈਂਬਰਸ਼ਿਪ ਭਰਤੀ ਕਰਕੇ ਅਗਲੇ 6 ਮਹੀਨਿਆਂ ਵਿਚ ਨਵਾਂ ਪ੍ਰਧਾਨ ਚੁਣਨ ਲਈ ਕਿਹਾ ਗਿਆ। ਧਾਰਮਿਕ ਸਜ਼ਾ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਢਸਾ ਦੀ ਸਿਹਤ ਦੇ ਕਾਰਨਾਂ ਨੂੰ ਦੇਖਦਿਆਂ ਘੰਟਾ ਘਰ ਨਜਦੀਕ ਦਰਬਾਰ ਸਾਹਿਬ ਦੇ ਗੇਟ ਤੋਂ ਇਲਾਵਾ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵੀ ਦੋ-ਦੋ ਦਿਨ ਲਈ ਸੇਵਾਦਾਰ ਵਾਲਾ ਚੋਲਾ ਅਤੇ ਗਲ ਵਿਚ ਤਖ਼ਤੀ ਪਾ ਕੇ ਇੱਕ ਘੰਟਾ ਹੱਥ ਵਿਚ ਬਰਛਾ ਫ਼ੜ ਕੇ ਬੈਠਣ ਅਤੇ ਇਸਤੋਂ ਬਾਅਦ ਇਸ਼ਨਾਨ ਕਰਨ ਤੋਂ ਬਾਅਦ ਬਰਤਨ ਵਿਚ ਝੂਠੇ ਭਾਂਡੇ ਮਾਜਣ ਅਤੇ ਹੋਰ ਸੇਵਾ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਬਾਕੀ ਆਗੂਆਂ ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਣੀਕੇ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਦੋ ਦਿਨਾਂ ਲਈ ਜਨਤਕ ਬਾਥਰੂੁਮਾਂ ਦੀ ਸਫ਼ਾਈ ਕਰਨਗੇ। ਇਸਤੋਂ ਬਾਅਦ ਦੂਜੇ ਤਖਤ ਸਾਹਿਬ ਅਤੇ ਗੁਰਦੂਆਰਾ ਸਾਹਿਬ ਵਿਚ ਲਗਾਤਾਰ ਪੰਜ ਦਿਨ ਇਹੀ ਸੇਵਾ ਕਰਨੀ ਹੈ। ਸਾਰੇ ਆਗੂ ਸੇਵਾ ਦੌਰਾਨ ਗਲ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਤਖ਼ਤੀ ਪਾ ਕੇ ਰੱਖਣਗੇ। ਜਦੋਂਕਿ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬਿਕਰਮ ਸਿੰਘ ਮਜੀਠੀਆ, ਸੋਹਣ ਸਿੰਘ ਠੰਡਲ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ, ਚਰਨਜੀਤ ਸਿੰਘ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਜਨਮੇਜਾ ਸਿੰਘ ਸੇਖੋਂ ਨੂੰ ਵੀ ਸਜ਼ਾ ਲਗਾਉਂਦਿਆਂ 3 ਦਸੰਬਰ ਨੂੰ 12 ਤੋਂ 1 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਅਧੀਨ ਜਨਤਕ ਬਾਥਰੂਮਾਂ ਦੀ ਸਫ਼ਾਈ ਕਰਨ ਅਤੇ ਇਸਤੋਂ ਬਾਅਦ ਅਗਲੇ ਪੰਜ ਦਿਨ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿਖੇ ਝਾੜੂ ਮਾਰਨ, ਬਰਤਨ ਸਾਹਿਬ ਕਰਨ ਅਤੇ ਕੀਰਤਨ ਸਰਵਣ ਕਰਨਗੇ। ਇਸਤੋਂ ਇਲਾਵਾ ਸਮੂਹ ਅਕਾਲੀ ਵਰਕਰਾਂ ਨੂੰ ਪੰਜਾਬ ਵਿਚ 1 ਮਾਰਚ ਤੋਂ 30 ਅਪ੍ਰੈਲ ਤੱਕ ਸਵਾ ਲੱਖ ਬੂਟੇ ਲਾਉਣ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਕਿਹਾ ਗਿਆ ਹੈ। ਸਿੱਖ ਵਿਦਵਾਨਾਂ ਤੋਂ ਰਾਏ ਲੈਣ ਦੇ ਮਾਮਲੇ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਟਿੱਪਣੀ ਵਿਰੁਧ ਅਤੇ ਜਥੇਦਾਰਾਂ ਵਿਰੁਧ ਬਿਆਨਬਾਜ਼ੀ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਉਸਨੂੰ ਵੀ ਤਨਖ਼ਾਹੀਆ ਕਰਾਰ ਦਿੱਤਾ ਗਿਆ। ਜਦੋਂਕਿ ਵਿਰਸਾ ਸਿੰਘ ਵਲਟੋਹਾ ਨੂੰ ਵੀ ਬਿਆਨਬਾਜ਼ੀ ਤੋਂ ਬਾਜ਼ ਆਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ ਹੁਕਮਨਾਮਾ 2 ਦਸੰਬਰ 2024 ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ। ਅੰਗ 670
ਉਧਰ ਜਦ ਖੁੱਲੀ ਸ਼ੁਰੂ ਹੋਈ ਸੁਣਵਾਈ ਵਿਚ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਸਵਾਲ ਕੀਤਾ ਗਿਆ ਕਿ ਅਕਾਲੀ ਸਰਕਾਰ ਦੌਰਾਨ ਤੁਸੀ ਸਿੱਖ ਮੁੱਦਿਆਂ ਨੂੰ ਵਸਾਰਿਆਂ ਜਾਂ ਨਹੀਂ, ਜਿਸਦਾ ਜਵਾਬ ਉਨ੍ਹਾਂ ਹਾਂ ਵਿਚ ਦਿੱਤਾ। ਦੂਜਾ ਸਵਾਲ ਕਿ ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਾਲੇ ਅਫ਼ਸਰਾਂ ਦੀ ਪੁਸਤਪਨਾਹੀ ਕੀਤੀ ਤਾਂ ਵੀ ਉਨ੍ਹਾਂ ਹਾਂ ਕਹੀ। ਸੌਦਾ ਸਾਧ ਨੂੰ ਮੁਆਫ਼ੀ ਦਿਵਾਉਣ ਦੇ ਮਾਮਲੇ ਵਿਚ ਬਿਨ੍ਹਾਂ ਮੁਆਫ਼ੀ ਦਿਵਾਉਣ ਸਬੰਧੀ ਪੁੱਛੇ ਸਵਾਲ ਨੂੰ ਵੀ ਉਨ੍ਹਾਂ ਇਸਨੂੰ ਆਪਣੀ ਝੋਲੀ ਵਿਚ ਪਾਇਆ। ਜਥੇਦਾਰ ਸਾਹਿਬਾਨ ਵੱਲੋਂ ਸਵਾਲ ਪੁੱਛੇ ਗਏ ਕਿ ਅਕਾਲੀ ਸਰਕਾਰ ਦੌਰਾਨ ਸਿੱਖੀ ਸਰੂਪ ਚੋਰੀ ਹੋਏ ਅਤੇ ਉਨ੍ਹਾਂ ਦੀ ਬੇਅਦਬੀ ਕੀਤੀ ਗਈ ਤੇ 2 ਸਿੱਖਾਂ ਨੂੰ ਸ਼ਹੀਦ ਕਰਵਾਇਆ ਗਿਆ ਤਾਂ ਕੀ ਇਸ ਗੁਨਾਹ ਨੂੰ ਉਹ ਮੰਨਦੇ ਹਨ ਤਾਂ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ। ਇਸੇ ਤਰ੍ਹਾਂ ਪੁੱਛਿਆ ਗਿਆ ਕਿ ਸੌਦਾ ਸਾਧ ਦੇ ਫੈਸਲੇ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰ ਦਿੱਤੇ ਗਏ ਕਿ ਉਸ ਵਿਚ ਉਨ੍ਹਾਂ ਦੀ ਭੂਮਿਕਾ ਸੀ, ਜਿਸਨੂੰ ਊੁਨ੍ਹਾਂ ਨੀਵੀ ਪਾ ਕੇ ਸਵੀਕਾਰ ਕੀਤਾ। ਇਸਤੋਂ ਇਲਾਵਾ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਦੇ ਮਾਮਲੇ ਵਿਚ ਅਸਫ਼ਲ ਰਹਿਣ ਦੀ ਗੱਲ ਨੂੰ ਵੀ ਕਬੂਲਿਆ। ਹਾਲਾਂਕਿ ਉਨ੍ਹਾਂ ਕਈ ਵਾਰ ਇਹ ਗੱਲ ਕਹਿਣ ਦਾ ਯਤਨ ਕੀਤਾ ਕਿ ਸਰਕਾਰ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ, ਜਿਸਨੂੰ ਉਹ ਆਪਣੀ ਝੋਲੀ ਵਿਚ ਪਾਉਂਦੇ ਹਨ। ਪ੍ਰੰਤੂ ਜਥੇਦਾਰ ਸਾਹਿਬਾਨ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਹਾਂ ਜਾਂ ਨਾਂ ਵਿਚ ਹੀ ਜਵਾਬ ਦੇਣ। ਇਸਤੋਂ ਇਲਾਵਾ ਡਾ ਦਲਜੀਤ ਸਿੰਘ ਚੀਮਾ ਨੂੰ ਪੁਛਿਆ ਗਿਆ ਕਿ, ਕੀ ਉਨ੍ਹਾਂ ਸੌਦਾ ਸਾਧ ਵੱਲੋਂ ਭੇਜੀ ਚਿੱਠੀ ਵਿਚ ਖਿਮਾ ਜਾਚਨਾ ਸ਼ਬਦ ਪਾਏ ਜਾਂ ਨਹੀਂ, ਜਿਸਤੋਂ ਚੀਮਾ ਨੇ ਇੰਨਕਾਰ ਕੀਤਾ। ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ ਤੋਂ ਸੌਦਾ ਸਾਧ ਨੂੰ ਵੀ ਸੌਦਾ ਸਾਧ ਨੂੰ ਮੁਆਫ਼ ਕਰਨ ਦੇ ਮਾਮਲੇ ਵਿਚ ਪ੍ਰੜੋਤਾ ਕਰਨ ਦੇ ਬਿਆਨ ਨੂੰ ਲੈ ਕੇ ਸਵਾਲ ਜਵਾਬ ਕੀਤੇ ਗਏ। ਸੁਖਦੇਵ ਸਿੰਘ ਢੀਂਢਸਾ ਕੋਲੋਂ ਪੁਛਿਆ ਗਿਆ ਕਿ ਅਕਾਲੀ ਸਰਕਾਰ ਦੌਰਾਨ ਜਾਲਮ ਅਫ਼ਸਰਾਂ ਨੂੰ ਤਰੱਕੀਆਂ ਦਿਵਾਈਆਂ ਗਈਆਂ ਤਾਂ ਉਨ੍ਹਾਂ ਇਹ ਜਰੂਰ ਮੰਨਿਆ ਗਿਆ ਕਿ ਉਸਨੇ ਇੱਕ ਅਫ਼ਸਰ ਨੂੰ ਅਕਾਲੀ ਦਲ ਵਿਚ ਸ਼ਾਮਲ ਜਰੂਰ ਕਰਵਾਇਆ ਸੀ।
ਇਹ ਵੀ ਪੜ੍ਹੋ ਜਿਮਨੀ ਚੋਣਾਂ ’ਚ ਆਪ ਦੇ ਚੁਣੇ ਗਏ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਚੁੱਕੀ ਸਹੁੰ
ਹਾਲਾਂਕਿ ਜਿਆਦਾਤਰ ਸਾਬਕਾ ਮੰਤਰੀਆਂ ਅਤੇ ਆਗੂਆਂ ਨੇ ਮੁਆਫ਼ੀਨਾਮੇ ਵਿਚ ਆਪਣੀ ਕੋਈ ਭੂਮਿਕਾ ਨਾ ਹੋਣ ਦੇ ਬਾਵਜੂਦ ਇਸਦਾ ਵਿਰੋਧ ਨਾ ਕਰਨ ਦੇ ਚੱਲਦਿਆਂ ਖ਼ੁਦ ਨੂੰ ਵੀ ਦੋਸ਼ੀ ਮੰਨਦਿਆਂ ਖਿਮਾ ਜਾਂਚਨਾ ਕੀਤੀ। ਜ਼ਿਕਰਯੋਗ ਹੈ ਕਿ ਸਿਕਾਇਤ ਮਿਲਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਸਰਕਾਰ ਵਿਚ ਸਾਲ 2007 ਤੋਂ 2017 ਮੰਤਰੀ ਰਹੇ, 2015 ਵਿਚ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰਾਂ ਨੂੰ ਅੱਜ 2 ਦਸੰਬਰ ਲਈ ਸੱਦਿਆਂ ਹੋਇਆ ਸੀ। ਅੱਜ ਦੇ ਫੈਸਲੇ ਦੀ ਵਿਲੱਖਣ ਗੱਲ ਇਹ ਸੀ ਕਿ ਪਹਿਲੀ ਵਾਰ ਹਜ਼ਾਰਾਂ ਦੀ ਤਾਦਾਦ ਵਿਚ ਸਿੱਖ ਸੰਗਤ ਦੀ ਹਾਜ਼ਰੀ ਵਿਚ ਸਿੰਘ ਸਾਹਿਬਾਨ ਵੱਲੋਂ ਜਨਤਕ ਤੌਰ ’ਤੇ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ ਅਤੇ ਸੰਗਤ ਦੀ ਹਾਜ਼ਰੀ ਵਿਚ ਅਕਾਲੀ ਲੀਡਰਸ਼ਿਪ ਨੂੰ ਸਿੱਧੇ ਸਵਾਲ ਜਵਾਬ ਕੀਤੇ ਗਏ। ਇਸਦੇ ਇਲਾਵਾ ਪੇਸ਼ ਹੋਣ ਆਏ ਆਗੂਆਂ ਵਿਚੋਂ ਦਾੜ੍ਹੀ ਕੇਸ ਕੱਟਣ ਅਤੇ ਰੰਗਣ ਵਾਲਿਆਂ ਨੂੰ ਅਲੱਗ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਅੱਗੇ ਪੇਸ਼ ਹੋ ਕੇ ਅਪਣਾ ਸਪੱਸ਼ਟੀਕਰਨ ਦੇਣ ਦੇ ਹੁਕਮ ਵੀ ਦਿੱਤੇ ਗਏ ਹਨ। ਇਸ ਦੌਰਾਨ ਜਿਆਦਾਤਰ ਅਕਾਲੀ ਆਗੂਆਂ ਨੇ ਸਪੱਸ਼ਟ ਇੰਨਕਾਰ ਕੀਤਾ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਜਾਂ ਹੋਰ ਪੰਥ ਵਿਰੋਧੀ ਮੁੱਦਿਆਂ ਨੂੰ ਕਦੇ ਵੀ ਵਿਚਾਰਿਆਂ ਨਹੀਂ ਗਿਆ। ਅਜਿਹਾ ਹੀ ਕੁੱਝ ਬਿਕਰਮ ਸਿੰਘ ਮਜੀਠਿਆ ਨੇ ਵੀ ਕਿਹਾ। ਪ੍ਰੰਤੂ ਜਿਆਦਾਤਰ ਨੇ ਕਿਹਾ ਕਿ ਬੇਸ਼ੱਕ ਇਹ ਮੁੱਦੇ ਉਨ੍ਹਾਂ ਨਾਲ ਵਿਚਾਰੇ ਨਹੀਂ ਗਏ ਪ੍ਰੰਤੂ ਵਿਰੋਧ ਨਾ ਕਰਨ ਦੇ ਚੱਲਦੇ ਉਹ ਇਸ ਵਿਚ ਬਰਾਬਰ ਦੇ ਭਾਗੀਦਾਰ ਹਨ। ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵੀ ਸਮੂਹਿਕ ਭਾਗੀਦਾਰ ਦੇ ਚੱਲਦਿਆਂ ਆਪਣਾ ਗੁਨਾਹ ਕਬੂਲਿਆ। ਇਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਮਸਲੇ ਵਿਚ ਕਿਸੇ ਵੀ ਵਿਅਕਤੀ ਵੱਲੋਂ ਕੋਈ ਦਬਾਅ ਨਹੀਂ ਪਾਇਆ ਗਿਆ। ਇਸ ਮੌਕੇ ਸਿੰਘ ਸਾਹਿਬਾਨ ਨੇ ਇਹ ਫੈਸਲਾ ਸੁਣਾਉਣ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦਸਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਸਰਕਾਰ ਦੌਰਾਨ ਹੋਈਆਂ ਕਾਰਵਾਈਆਂ ਨਾਲ ਪੰਥਕ ਮਰਿਆਦਾਵਾਂ ਨੂੰ ਢਾਹ ਲੱਗੀ ਹੈ। ਇਸਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਵੀ ਕਮਜੌਰ ਹੋਈ ਹੈ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: ਟਰੈਨਿੰਗ ਪੂਰੀ ਕਰਨ ਤੋਂ ਬਾਅਦ ਡਿਊਟੀ ਜੁਆਇੰਨ ਕਰਨ ਜਾ ਰਹੇ IPS ਅਧਿਕਾਰੀ ਦੀ ਸੜਕ ਹਾਦਸੇ ’ਚ ਹੋਈ ਮੌਤ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਥਾ ਹਮੇਸ਼ਾ ਵੱਡੀ ਹੁੰਦੀ ਹੈ, ਨਾਕਿ ਉਸਨੂੰ ਚਲਾਉਣ ਵਾਲੇ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਹੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ। ਉਨ੍ਹਾਂ 2007 ਵਿਚ ਅਕਾਲੀ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਉਮੀਦ ਸੀ ਕਿ ਸਿੱਖਾਂ ਦੇ ਜਖ਼ਮਾਂ ’ਤੇ ਮੱਲਮ ਲੱਗੇਗੀ ਪ੍ਰੰਤੂ ਇਸਨੂੰ ਹੋਰ ਅੱਲ੍ਹੇ ਕਰ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਮਾਮਲੇ ’ਚ ਕੋਈ ਕਾਰਵਾਈ ਨਹੀਂ ਹੋਈ।ਗੌਰਤਲਬ ਹੈ ਕਿ ਅਕਾਲੀ ਸਰਕਾਰ ਦੌਰਾਨ ਸਾਲ 2007 ਵਿਚ ਸਭ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਬਠਿੰਡਾ ਜ਼ਿਲ੍ਹੇ ਵਿਚ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿਖੇ ਦਸਮ ਗੁਰੁੂ ਗੋਬਿੰਦ ਸਿੰਘ ਜੀ ਵਾਂਗ ਸਵਾਂਗ ਰਚ ਕੇ ਜਾਮ-ਏ-ਇੰਸਾਂ ਪਿਲਾਇਆ ਸੀ, ਜਿਸ ਕਾਰਨ ਪੂਰੇ ਪੰਜਾਬ ਵਿਚ ਵੱਡੀਆਂ ਹਿੰਸਕ ਝੜਪਾਂ ਹੋਈਆਂ ਸਨ ਤੇ ਡੇਰਾ ਮੁਖੀ ਵਿਰੁਧ ਪਰਚਾ ਵੀ ਦਰਜ਼ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿਚ ਅਕਾਲੀ ਸਰਕਾਰ ਦੌਰਾਨ ਹੀ ਵੋਟਾਂ ਤੋਂ ਮਹਿਜ਼ ਚਾਰ ਦਿਨ ਪਹਿਲਾਂ ਇਸ ਪਰਚੇ ਨੂੰ ਅਦਾਲਤ ਵਿਚੋਂ ਵਾਪਸ ਲੈਣ ਦੀ ਅਰਜੀ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ ਸਿੱਖਾਂ ਦੇ ਸਭ ਤੋਂ ਪਵਿੱਤਰ ਗਰੰਥ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਵੀ ਡੇਰਾ ਸਿਰਸਾ ਦਾ ਨਾਮ ਸਿੱਧੇ ਤੌਰ ’ਤੇ ਜੁੜਿਆ ਸੀ। ਲਗਾਤਾਰ ਸਿੱਖ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਪੰਜ ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਇੱਕ ਮੀਟਿੰਗ ਕਰਕੇ ਡੇਰਾ ਮੁਖੀ ਵਿਰੁਧ ਜਾਰੀ ਹੁਕਮਨਾਮ ਵਾਪਸ ਲੈ ਲਿਆ ਸੀ, ਜਿਸਦੇ ਵਿਚ ਸਿੱਧੇ ਤੌਰ ‘ਤੇ ਬਾਦਲ ਪ੍ਰਵਾਰ ਉਪਰ ਦੋਸ਼ ਲੱਗੇ ਸਨ ਕਿ ਇੰਨ੍ਹਾਂ ਵੱਲੋਂ ਵੋਟਾਂ ਦੇ ਲਈ ਇਹ ਮੁਆਫ਼ੀ ਦਿਵਾਈ ਸੀ। ਹਾਲਾਂਕਿ ਸਿੱਖ ਕੌਮ ਵਿਚ ਵਧਦੇ ਰੋਸ਼ ਦੇ ਚੱਲਦੇ 15 ਅਕਤੂਬਰ 2024 ਨੂੰ ਜਥੇਦਾਰਾਂ ਨੇ ਆਪਣਾ ਫੈਸਲਾ ਸੁਧਾਰ ਲਿਆ ਸੀ। ਇਸੇ ਚੱਲਦੇ ਉਸ ਸਮੇਂ ਦੇ ਤਿੰਨ ਤਤਕਾਲੀ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਤੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਸੀ।
ਹੁਣ ਇਹ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਕਿਵੇਂ ਪੁੱਜਾ !
ਹੁਣ ਇਹ ਤਾਜ਼ਾ ਮਾਮਲਾ ਅਕਾਲੀ ਦਲ ਦੇ ਹੀ ਕੁੱਝ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਤੋ ਬਾਅਦ ਸੁਖਬੀਰ ਬਾਦਲ ਕੋਲੋਂ ਪ੍ਰਧਾਨਗੀ ਤੋਂ ਮੰਗੇ ਅਸਤੀਫ਼ੇ ਨਾਲ ਸਾਹਮਣੇ ਆਇਆ। ਅਕਾਲੀ ਦਲ ਵਿਚੋਂ ਅਲੱਗ ਹੋ ਕੇ ਕੁੱਝ ਆਗੂਆਂ ਨੇ ਸੁਧਾਰ ਲਹਿਰ ਦਾ ਗਠਨ ਕੀਤਾ ਤੇ ਫ਼ਿਰ ਇੰਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਵਿਰੁਧ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਸਿਕਾਇਤ ਕੀਤੀ ਗਈ। ਜਿਸਤੋਂ ਬਾਅਦ ਸਿੰਘ ਸਾਹਿਬਾਨਾਂ ਵੱਲੋਂ ਸ: ਬਾਦਲ ਨੂੰ 15 ਜੁਲਾਈ ਨੂੰ ਤਲਬ ਕੀਤਾ ਗਿਆ ਅਤੇ 24 ਜੁਲਾਈ ਨੂੰ ਸੁਖਬੀਰ ਬਾਦਲ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ। ਇਸ ਸਪੱਸ਼ਟੀਕਰਨ ਤੋਂ ਸੰਤੁਸ਼ਟ ਨਾ ਹੁੰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾ ਨੂੰ 30 ਜੁਲਾਈ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ। ਹਾਲਾਂਕਿ 1 ਅਗਸਤ ਨੂੰ ਹੀ ਸੁਖਬੀਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਤੇ ਧਾਰਮਿਕ ਸਜ਼ਾ ਲਗਾਉਣ ਦੀ ਮੰਗ ਕੀਤੀ। ਪ੍ਰੰਤੂ ਇਸ ਦੌਰਾਨ ਇਹ ਮਾਮਲਾ ਉਸ ਸਮੇਂ ਮੁੜ ਭੜਕ ਉੱਠਿਆ ਜਦ ਸੁਖਬੀਰ ਬਾਦਲ ਦੇ ਅਤਿ ਨਜਦੀਕੀ ਮੰਨੇ ਜਾਂਦੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਿੱਧਾ ਜਥੇਦਾਰਾਂ ਨੂੰ ਹੀ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ canada immigration news: ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਨੂੰ ਦਿੱਤਾ ਵੱਡਾ ਝਟਕਾ
ਜਿਸ ਕਾਰਨ 16 ਅਗਸਤ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਪੰਥਕ ਦਬਾਅ ਕਾਰਨ ਸ਼੍ਰੋਮਣੀ ਕਮੇਟੀ ਨੇ ਇਹ ਅਸਤੀਫ਼ਾ ਰੱਦ ਕਰ ਦਿੱਤਾ ਪ੍ਰੰਤੂ ਇਸ ਮਾਮਲੇ ਵਿਚ ਵਲਟੋਹਾ ਦੇ ਭੜਕਾਊ ਬਿਆਨਾਂ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਵੱਡੀ ਕਾਰਵਾਈ ਕਰਦਿਆਂ ਉਸਨੂੰ 10 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਾਹਰ ਕਰਨ ਦਾ ਫੈਸਲਾ ਸੁਣਾ ਦਿੱਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਥੈਦਾਰਾਂ ਵੱਲੋਂ 6 ਨਵੰਬਰ ਨੂੰ ਪੰਥਕ ਵਿਦਵਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਵਿਚਾਰ ਜਾਣੇ ਗਏ। ਇਸਤੋਂ ਬਾਅਦ ਮੁੜ 13 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਅਤੇ ਆਪਣੇ ਬਾਰੇ ਜਲਦ ਕੋਈ ਫੈਸਲਾ ਸੁਣਾਉਣ ਦੀ ਜੋਦੜੀ ਕੀਤੀ। ਇਸ ਦੌਰਾਨ 16 ਨਵੰਬਰ ਨੂੰ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਪ੍ਰੰਤੂ ਜਿਸਨੂੰ ਹਾਲੇ ਤੱਕ ਅਕਾਲੀ ਦਲ ਦੀ ਕੋਰ ਕਮੇਟੀ ਨੇ ਪ੍ਰਵਾਨ ਨਹੀਂ ਕੀਤਾ ਹੈ।
Share the post "ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਨੂੰ ਮਿਲੀ ਧਾਰਮਿਕ ਸਜ਼ਾ"
ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸ਼ਲਾਘਾ ਯੋਗ ਹੈ 🙏