ਮਲੋਟ, 25 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਉਹਨਾਂ ਦੀ ਸਖ਼ਤ ਮਿਹਨਤ ਨਾਲ ਪੈਦਾ ਕੀਤੀ ਕਣਕ ਦੀ ਫਸਲ ਮੰਡੀਆਂ ਵਿਚੋਂ ਚੁੱਕਣ ਤੋਂ ਇਨਕਾਰੀ ਹੋ ਕੇ ਉਹਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ ਜਦੋਂ ਕਿ ਸੂਬੇ ਦੀਆਂ ਸਾਰੀਆਂ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਗਏ ਹਨ। ਸੁਖਬੀਰ ਸਿੰਘ ਬਾਦਲ, ਜਿਹਨਾਂ ਨੇ ਮਾਹੂਆਣਾ ਤੇ ਮਲੌਟ ਮੰਡੀਆਂ ਦਾ ਦੌਰਾ ਕੀਤਾ, ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਭਰੋਸਾ ਦੁਆਇਆ ਕਿ ਜੇਕਰ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਅਕਾਲੀ ਦਲ ਉਹਨਾਂ ਵਾਸਤੇ ਨਿਆਂ ਲੈਣ ਲਈ ਸੰਘਰਸ਼ ਸ਼ੁਰੂ ਕਰੇਗਾ।
ਲੋਕ ਸਭਾ ਚੋਣਾਂ ਲਈ ਬਸਪਾ ਨੇ ਫਤਿਹਗੜ੍ਹ ਸਾਹਿਬ ‘ਤੇ ਬਠਿੰਡਾ ਤੋਂ ਐਲਾਨੇ ਉਮੀਦਵਾਰ
ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਮੰਡੀਆਂ ਵਿਚ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਪਰ ਮੁੱਖ ਮੰਤਰੀ ਆਪ ਆਸਾਮ ਤੇ ਗੁਜਰਾਤ ਦੇ ਦੌਰਿਆਂ ਵਿਚ ਰੁੱਝੇ ਹਨ। ਸ:ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਸੂਬੇ ਦਾ ਖੇਤੀਬਾੜੀ ਅਰਥਚਾਰ ਤਬਾਹ ਕਰ ਕੇ ਰੱਖ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰਅਪੀਲ ਕੀਤੀ ਕਿ ਕਿਸਾਨ ਵਿਰੋਧੀ ਆਪ ਸਰਕਾਰ ਨੂੰ ਹਰਿਆਣਾ ਦੇ ਨਾਲ ਰਲ ਕੇ ਮੌਜੂਦਾ ਚਲ ਰਹੇ ਕਿਸਾਨ ਸੰਘਰਸ਼ ਨੂੰ ਕੁਚਲਣ ਦੀ ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਕਿਹਾ ਕਿ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀਆਂ ਵੋਟਾਂ ਨਾਲ ਪੰਜਾਬ ਦੇ ਬਾਰਡਰ ਸੀਲ ਕਰ ਕੇ ਦਿੱਲੀ ਆਧਾਰਿਤ ਪਾਰਟੀਆਂ ਲਈ ਇਹ ਯਕੀਨੀ ਬਣਾਉਣ ਕਿ ਉਹ ਫਿਰ ਤੋਂ ਉਹਨਾਂ ਦਾ ਫਤਵਾ ਨਾ ਹਾਸਲ ਕਰ ਲੈਣ ਤੇ ਫਿਰ ਤੋਂ ਧੋਖਾ ਨਾ ਕਰਨ।
Share the post "ਸੁਖਬੀਰ ਸਿੰਘ ਬਾਦਲ ਨੇ ਮਲੋਟ ਦੀਆਂ ਮੰਡੀਆਂ ਦਾ ਕੀਤਾ ਦੌਰਾ, ਕਿਹਾ ਆਪ ਸਰਕਾਰ ਮੰਡੀਆਂ ਵਿਚੋਂ ਕਣਕ ਚੁੱਕਣ ਤੋਂ ਭੱਜੀ"