👉ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਖਿਲਾਫ ਨਹੀਂ, ਕੇਵਲ ਐਕਟ ਅੰਦਰ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਨੂੰ ਹਟਾਉਣ ਦੀ ਕਰਦੇ ਹਾਂ ਮੰਗ – ਐਡਵੋਕੇਟ ਧਾਮੀ
👉ਕੋਈ ਵੀ ਅਜਿਹਾ ਕਨੂੰਨ ਪ੍ਰਵਾਨ ਨਹੀਂ, ਜੋ ਪੰਥ ਦੀ ਮਰਜੀ ਤੋਂ ਬਿਨਾਂ ਬਣੇਗਾ – ਗਿਆਨੀ ਕੁਲਦੀਪ ਸਿੰਘ ਗੜਗੱਜ
👉ਪੰਜਾਬ ਸਰਕਾਰ ਵੱਲੋਂ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ‘ਚ ਦਖਲ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ -ਬਾਬਾ ਟੇਕ ਸਿੰਘ
Talwandi Sabo News:ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਗਏ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਵਿੱਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਨੂੰ ਲੈਣ ਕੇ ਖਾਲਸਾ ਪੰਥ ਵੱਲੋਂ ਪ੍ਰਗਟਾਏ ਜਾ ਰਹੇ ਸੰਕਿਆਂ ਬਾਰੇ ਵਿਚਾਰ ਵਟਾਂਦਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਵੱਲੋਂ ਅਹਿਮ ਇਕੱਤਰਤਾ ਬੁਲਾਈ ਗਈ। ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਵਿਚਾਰਵਾਨ ਸਿੱਖਾਂ ਅਤੇ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਖੁੱਲ੍ਹੇ ਮਾਹੌਲ ਵਿੱਚ ਆਪਣੇ ਵਿਚਾਰ ਰੱਖੇ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਬਾਰੇ ਇਕੱਤਰਤਾ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਾਸ ਕੀਤਾ ਗਿਆ ਐਕਟ ਸਿੱਖਾਂ ਦੇ ਧਾਰਮਿਕ ਮਾਮਲਿਆਂ ਅੰਦਰ ਸਿੱਧਾ ਦਖਲ ਹੈ ਅਤੇ ਇਸ ਨਾਲ ਬੇਅਦਬੀ ਦੇ ਮਾਮਲਿਆਂ ਅੰਦਰ ਦੋਸ਼ੀਆਂ ਨੂੰ ਸਜ਼ਾਵਾਂ ‘ਤੇ ਕੇਂਦ੍ਰਿਤ ਹੋਣ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕਾਂ, ਸ਼ਰਧਾਲੂ ਸੰਗਤ, ਗ੍ਰੰਥੀ ਸਿੰਘਾਂ ਦੀ ਵਧੇਰੇ ਜ਼ਿੰਮੇਵਾਰੀ ਤੈਅ ਕੀਤੀ ਹੈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਐਕਟ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਖਿਲਾਫ ਨਹੀਂ ਕੇਵਲ ਸਿੱਖ ਭਾਵਨਾਵਾਂ ਦੇ ਵਿਰੁੱਧ ਦਰਜ ਮੱਦਾਂ ਨੂੰ ਹਟਾਉਣ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਟਕਰਾ ਨਹੀਂ ਚਹੁੰਦੇ ਅਤੇ ਸਰਕਾਰ ਨੂੰ ਵੀ ਸਿੱਖ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ।
ਇਹ ਵੀ ਪੜ੍ਹੋ 👉 Haryana News : ਹਰਿਆਣਾ ਵਿੱਚ ਜਨਗਣਨਾ ਦੇ ਕੰਮ ਵਿੱਚ ਤੇਜ਼ੀ;ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕੀਤੀ ਸਮੀਖਿਆ ਮੀਟਿੰਗ
ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਇਸ ਐਕਟ ਨਾਲ ਕੋਈ ਵੀ ਦੋਸ਼ੀ ਮੰਦਬੁੱਧੀ ਕਹਿ ਕੇ ਬੱਚ ਨਹੀਂ ਸਕੇਗਾ ਪ੍ਰੰਤੂ ਐਕਟ ਵਿੱਚ ਮੰਦਬੁੱਧੀ ਬਾਰੇ ਕਿਤੇ ਵੀ ਜਿਕਰ ਨਹੀਂ ਕੀ ਇਹ ਸਰਕਾਰ ਦੀ ਮਨਸ਼ਾ ਤੇ ਸਵਾਲ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਐਕਟ ਨਵਾਂ ਨਹੀਂ ਸਗੋਂ 2008 ਦੇ ਐਕਟ ਵਿੱਚ ਸੋਧ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਸਰਕਾਰ ਨੇ ਬੇਅਦਬੀਆਂ ਰੋਕਣ ਲਈ ਐਕਟ ਬਨਾਉਣ ਲਈ ਜੋ ਕਮੇਟੀ ਬਣਾਈ ਸੀ ਉਸ ਕਮੇਟੀ ਦੇ ਸਮੇਂ ਵਿੱਚ ਵਾਧਾ ਕਰ ਦਿੱਤਾ ਗਿਆ ਜਦਕਿ ਬਿਨਾਂ ਕਿਸੇ ਦੀ ਰਾਏ ਲਏ ਪਹਿਲਾਂ ਮੌਜੂਦ ਕਨੂੰਨ ਵਿਚ ਸੋਧਾਂ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਐਕਟ ਵਿੱਚ ਦਰਜ਼ ਕੁਝ ਮੱਦਾਂ ਸਿੱਖ ਸ਼ਰਧਾਲੂਆਂ ਨੂੰ ਗੁਰਬਾਣੀ ਨਾਲੋਂ ਤੋੜਨ ਦਾ ਕਾਰਨ ਬਣਨਗੀਆਂ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਰਕਾਰ ਨੂੰ ਹਠਧਰਮੀ ਛੱਡ ਕੇ ਸਿੱਖ ਭਾਵਨਾਵਾਂ ਵਿਰੁੱਧ ਦਰਜ ਸ਼ਬਦਾਵਲੀ ਨੂੰ ਬਦਲਣ ਲਈ ਆਖਿਆ।ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੋਲਦਿਆਂ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਪੰਥ ਦੇ ਨਿਯਮ ਨਹੀਂ ਘੜ ਸਕਦੀ। ਸਿੰਘ ਸਾਹਿਬ ਨੇ ਵੀ ਬੁਲਾਰਿਆਂ ਦੀ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ ਇੱਕੋ ਹੈ ਕਿ ਕਿਵੇਂ ਨਾ ਕਿਵੇਂ ਪੰਥ ਨੂੰ ਗ੍ਰੰਥ ਨਾਲੋਂ ਤੋੜਿਆ ਜਾਵੇ। ਉਨ੍ਹਾਂ ਮੁੱਖ ਮੰਤਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਰੇਆਮ ਮੁੱਖ ਮੰਤਰੀ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ। ਮੁੱਖ ਮੰਤਰੀ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਜੋ ਕਨੂੰਨ ਬਣਾਇਆ ਹੈ ਇਸ ਨਾਲ ਹੁਣ ਬੇਅਦਬੀ ਕਰਨ ਵਾਲਾ ਭਾਵੇਂ ਮੰਦਬੁੱਦੀ ਵੀ ਕਿਉਂ ਨਾ ਹੋਵੇ ਉਸ ਨੂੰ ਸਜ਼ਾ ਮਿਲੇਗੀ ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਨੇ ਇਹ ਕਨੂੰਨ ਪੜਿਆ ਹੀ ਨਹੀਂ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਚਿੱਠੀ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਇੱਕ ਕੰਪਨੀ ਹਾਇਰ ਕੀਤੀ ਹੈ ਜਿਹੜੀ ਕਿ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਵੇਗੀ ਅਤੇ ਪ੍ਰੋਪੋਗੰਡਾ ਸੈੱਟ ਕਰੇਗੀ ਇਸ ਵਿਸ਼ੇ ‘ਤੇ ਵੀ ਸਿੰਘ ਸਾਹਿਬ ਨੇ ਸਖਤ ਪ੍ਰਤੀਕਰਮ ਦਿੱਤਾ।
ਇਹ ਵੀ ਪੜ੍ਹੋ 👉 International News :ਦੁਨੀਆਂ ਮੁੜ੍ਹ ਜਾ ਸਕਦੀ ਹੈ ਲਾਕਡਾਊਨ ਵੱਲ, WHO ਦਾ ਗਲੋਬਲ ਅਲਰਟ ਜਾਰੀ!
ਸਿੰਘ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਸਮਾਂ ਸਰੀਰ ‘ਚ ਜਾਨ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਲਈ ਜੂਝਦੇ ਰਹਿਣਗੇ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੋਈ ਵੀ ਅਜਿਹਾ ਕਨੂੰਨ ਪ੍ਰਵਾਨ ਨਹੀਂ ਹੈ ਜੋ ਪੰਥ ਦੀ ਮਰਜੀ ਤੋਂ ਬਿਨਾਂ ਬਣੇਗਾ। ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿੱਚ ਕੀਤਾ ਗਿਆ ਦਖਲ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿੱਚ ਲਏ ਬਿਨਾਂ ਜੋ ਕਾਨੂੰਨ ਪਾਸ ਕੀਤਾ ਹੈ, ਉਹ ਸਿੱਖੀ ਪ੍ਰਚਾਰ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਸਾਜ਼ਿਸ਼ ਜਾਪਦਾ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਅਤੇ ਸਤਿਕਾਰ ਦਾ ਮਾਮਲਾ ਪੰਥ ਦਾ ਅੰਦਰੂਨੀ ਮਾਮਲਾ ਹੈ। ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਕਾਨੂੰਨ ਬਣਾਏ, ਪਰ ਗੁਰੂ ਸਾਹਿਬ ਦੇ ਸਰੂਪਾਂ ਦੀ ਸੇਵਾ-ਸੰਭਾਲ ਅਤੇ ਪ੍ਰਚਾਰ ਵਿੱਚ ਸਰਕਾਰੀ ਦਖਲਅੰਦਾਜ਼ੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ।” ਉਨ੍ਹਾਂ ਕਿਹਾ ਕਿ ਕਸਟੋਡੀਅਨ ਮੱਦ ਦੀ ਆੜ ਵਿੱਚ ਘਰਾਂ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜਾਂ ਸ੍ਰੀ ਸਹਿਜ ਪਾਠ ਸਾਹਿਬ ਦੀ ਜ਼ਿੰਮੇਵਾਰੀ ਤੈਅ ਕਰਨ ਨਾਲ ਸੰਗਤ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਸਹਿਮ ਕਾਰਨ ਸੰਗਤ ਆਪਣੇ ਘਰਾਂ ਵਿੱਚੋਂ ਪਵਿੱਤਰ ਪੋਥੀਆਂ ਅਤੇ ਗੁਟਕਾ ਸਾਹਿਬ ਗੁਰਦੁਆਰਾ ਸਾਹਿਬਾਨ ਵਿੱਚ ਜਮ੍ਹਾ ਕਰਵਾ ਰਹੀ ਹੈ। ਇਹ ਰੁਝਾਨ ਸਿੱਖੀ ਦੇ ਪ੍ਰਚਾਰ ਅਤੇ ਘਰ-ਘਰ ਬਾਣੀ ਪਹੁੰਚਾਉਣ ਦੇ ਮਿਸ਼ਨ ਲਈ ਇੱਕ ਵੱਡੀ ਚੁਣੌਤੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਅੱਜ ਸਰਕਾਰ ਇਸ ਕਨੂੰਨ ਰਾਹੀਂ ਸਿੱਖ ਸੰਗਤ ਨੂੰ ਗੁਰਬਾਣੀ ਨਾਲੋਂ ਤੋੜਨ ਦਾ ਯਤਨ ਕਰ ਰਹੀ ਹੈ। ਸ. ਝੱਬਰ ਨੇ ਕਿਹਾ ਕਿ ਜਿਸ ਤਰੀਕੇ ਕਦੀ ਮੁਗਲ ਸਰਕਾਰ ਅਤੇ ਅੰਗਰੇਜ਼ ਸਰਕਾਰ ਤਾਨਾਸ਼ਾਹੀ ਕਰਦੀ ਰਹੀ ਹੈ ਉਸੇ ਤਰ੍ਹਾਂ ਹੀ ਇਹ ਸਰਕਾਰ ਸਿੱਖ ਪੰਥ ਨਾਲ ਧੱਕਾ ਕਰ ਰਹੀ ਹੈ। ਜੇਕਰ ਅੱਜ ਅਸੀਂ ਇਸ ਵਿਰੁੱਧ ਕਮਰਕੱਸਾ ਕਰਕੇ ਨਾ ਤੁਰੇ ਤਾਂ ਆਉਣ ਵਾਲੀਆਂ ਪੀੜੀ੍ਆਂ ਸਾਨੂੰ ਕੋਸਣਗੀਆਂ।ਇਸ ਮੌਕੇ ਗ੍ਰੰਥੀ ਸਭਾ ਦੇ ਪ੍ਰਧਾਨ ਸ. ਜਗਮੇਲ ਸਿੰਘ ਛਾਜਲਾ ਨੇ ਬੋਲਦਿਆਂ ਕਿਹਾ ਕਿ ਨਵੇਂ ਕਾਨੂੰਨ ਦੇ ਡਰੋਂ ਉਨ੍ਹਾਂ ਕੋਲ ਲਗਾਤਾਰ ਸਿੱਖ ਸੰਗਤ ਵੱਡੀ ਗਿਣਤੀ ‘ਚ ਗੁੱਟਕੇ ਜਮ੍ਹਾਂ ਕਰਵਾ ਰਹੀ ਹੈ। ਸ. ਛਾਜਲਾ ਨੇ ਕਿਹਾ ਕਿ ਕਨੂੰਨ ਦੀ ਆੜ ‘ਚ ਸਰਕਾਰ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਮੌਕੇ ਸਮੁੱਚੇ ਸੰਤ ਸਮਾਜ ਵੱਲੋਂ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲਿਆਂ ਨੇ ਸੰਬੋਧਨ ਹੁੰਦਿਆਂ ਕਨੂੰਨ ਵਿਚਲੀਆਂ ਖਾਮੀਆਂ ਨੂੰ ਸੰਗਤ ਦੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਧਰਤੀ ਹੈ ਤੇ ਸਰਕਾਰ ਨੇ ਕਨੂੰਨ ਅੰਗਰੇਜ਼ੀ ਭਾਸ਼ਾ ‘ਚ ਲਿਖਿਆ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਕੁਝ ਚੋਰ ਮੋਰੀਆਂ ਰੱਖ ਰਹੀ ਹੈ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਮੋਹਨ ਸਿੰਘ ਬੰਗੀ, ਸ. ਮੇਜਰ ਸਿੰਘ ਢਿੱਲੋਂ, ਬਾਬਾ ਬੂਟਾ ਸਿੰਘ, ਬੀਬੀ ਜੋਗਿੰਦਰ ਕੌਰ, ਸ. ਸੁਰਜੀਤ ਸਿੰਘ ਰਾਏਪੁਰ, ਬਾਬਾ ਗੁਰਮੀਤ ਸਿੰਘ ਤਿਲੋਕਾਵਾਲਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਸੁਖਬੀਰ ਸਿੰਘ, ਗਿਆਨੀ ਪ੍ਰਨਾਮ ਸਿੰਘ ਮੁੱਖ ਗ੍ਰੰਥੀ ਗੁ. ਦੂਖ ਨਿਵਾਰਨ ਸਾਹਿਬ ਪਟਿਆਲਾ, ਸ. ਨਰਿੰਦਰਜੀਤ ਸਿੰਘ ਮੈਂਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਮੈਨੇਜਰ ਸ. ਸੁਰਜੀਤ ਸਿੰਘ, ਸ. ਭਾਗ ਸਿੰਘ, ਸ. ਰਜਿੰਦਰ ਸਿੰਘ, ਸ. ਨਿਰਮਲ ਸਿੰਘ, ਸ. ਜਗਜੀਤ ਸਿੰਘ, ਸ. ਹਰਭਗਵਾਨ ਸਿੰਘ, ਸ. ਸੁਖਦੇਵ ਸਿੰਘ ਮੀਤ ਮੈਨੇਜਰ, ਸ. ਭੋਲਾ ਸਿੰਘ ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ, ਸ. ਰਵਿੰਦਰ ਸਿੰਘ ਖਾਲਸਾ, ਸ. ਮਨਿੰਦਰ ਸਿੰਘ ਇੰਚਾਰਜ ਸਬ ਆਫਿਸ ਸ਼੍ਰੋਮਣੀ ਕਮੇਟੀ, ਸ. ਅਵਤਾਰ ਸਿੰਘ ਇੰਚਾਰਜ, ਸ. ਬਹਾਲ ਸਿੰਘ ਇੰਚਾਰਜ, ਹੈੱਡ ਪ੍ਰਚਾਰਕ ਗਿਆਨੀ ਸਰਬਜੀਤ ਸਿੰਘ ਢੋਟੀਆਂ, ਸ. ਜਸਪ੍ਰੀਤ ਸਿੰਘ, ਸ. ਆਤਮਜੀਤ ਸਿੰਘ, ਸ. ਸੁਰਜੀਤ ਸਿੰਘ, ਬਾਬਾ ਨਾਰਾਇਣ ਸਿੰਘ ਪ੍ਰਧਾਨ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਗ੍ਰੰਥੀ ਸਭਾ, ਗਿਆਨੀ ਜਗਬੀਰ ਸਿੰਘ ਗ੍ਰੰਥੀ, ਸ. ਰਾਜਪਾਲ ਸਿੰਘ, ਸ. ਤਰਸੇਮ ਸਿੰਘ, ਨੇਤਰਹੀਨ ਸੰਸਥਾ ਗੁ. ਚੰਦੂਆਣਾ ਸਾਹਿਬ ਪਿੰਡ ਦੀਵਾਨਾ, ਸੰਤ ਬਾਬਾ ਮੋਹਨ ਦਾਸ ਜੀ, ਸੰਤ ਬਾਬਾ ਕਰਤਾਰ ਦਾਸ ਜੀ, ਸੰਤ ਬਾਬਾ ਲਾਲ ਦਾਸ ਜੀ, ਬਾਬਾ ਸੁੱਖਾ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ, ਸ. ਜਰਨੈਲ ਸਿੰਘ ਹੀਰੋਂ, ਸ. ਰਣਧੀਰ ਸਿੰਘ ਚੈਨੇਵਾਲਾ, ਪ੍ਰਧਾਨ ਦਰਸ਼ਨ ਸਿੰਘ ਪੱਕਾ ਸ਼ਹੀਦਾਂ, ਬਾਬਾ ਭੋਲਾ ਸਿੰਘ ਮੁਕਤਸਰ ਸਾਹਿਬ, ਰੁਪਿੰਦਰ ਸਿੰਘ ਦੀਦਾਰੀਵਾਲਾ, ਸੰਤ ਬਾਬਾ ਭਰਭੂਰ ਸਿੰਘ ਘਨੌਰ ਕਲਾਂ ਵਾਲੇ, ਬਾਬਾ ਸੁਖਦੇਵ ਸਿੰਘ ਜੀ, ਬਾਬਾ ਹਰਬੇਅੰਤ ਸਿੰਘ ਜੀ ਮਸਤੂਆਣਾ ਸਾਹਿਬ, ਬਾਬਾ ਵਾਹਿਗੁਰੂ ਸਿੰਘ ਜੀ, ਬਾਬਾ ਸਤਪਾਲ ਸਿੰਘ ਜੀ,ਬਾਬਾ ਨਾਮਦੇਵ ਸਭਾ ਬਰੇਟਾ ਮੰਡੀ, ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਬਰਨਾਲਾ, ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਗ੍ਰੰਥੀ ਸਭਾ ਆਲ ਇੰਡਿਆ ਸਰਪ੍ਰਸਤ ਬਾਬਾ ਬੂਟਾ ਸਿੰਘ, ਹਰੀ ਨਰੈਣ ਸਿੰਘ ਬੋਹਾ, ਰਾਮਪੁਰਾ ਅਤੇ ਬਠਿੰਡਾ ਤੋਂ ਸਮੂਹ ਗ੍ਰੰਥੀ ਸਿੰਘ, ਸਮੂਹ ਪ੍ਰਬੰਧਕ ਕਮੇਟੀ ਗੁ. ਝੋਟਾਸਰ ਸਾਹਿਬ, ਸੰਤ ਬਾਬਾ ਘਾਲਾ ਸਿੰਘ ਨਾਨਕਸਰ ਸਾਹਿਬ, ਬਾਬਾ ਜਗਰੂਪ ਸਿੰਘ ਨਿਰਮਲੇ, ਬਾਬਾ ਜਗਸੀਰ ਸਿੰਘ, ਬਾਬਾ ਪ੍ਰਦੀਪ ਸਿੰਘ ਜੀ, ਭਾਈ ਮੱਖਣ ਸਿੰਘ ਸ. ਜਗਮੇਲ ਸਿੰਘ ਛਾਜਲਾ, ਸੰਤ ਬਾਬਾ ਹਰਵਿੰਦਰ ਸਿੰਘ ਨਿਰਮਲੇ ਸਮੇਤ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





