30 Views
ਮਾਮੂਲੀ ਬਹਿਸ ਤੋਂ ਬਾਅਦ ਹੋਈ ਸੀ ਤਕਰਾਰ
ਮੁਹਾਲੀ, 21 ਜੂਨ: ਜ਼ਿਲੇ ਦੇ ਪਿੰਡ ਮਾਜਰਾ ਵਿਖੇ ਸ਼ੁੱਕਰਵਾਰ ਨੂੰ ਇੱਕ ਪ੍ਰਾਈਵੇਟ ਬੈਂਕ ਦੇ ਗਾਰਡ ਵੱਲੋਂ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜਵਾਨ ਬੈਂਕ ਦੇ ਵਿੱਚ ਬਤੌਰ ਗਾਹਕ ਆਇਆ ਸੀ ਜਿੱਥੇ ਉਸਦੀ ਬੈਂਕ ਗਾਰਡ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋ ਗਈ ਜਿਸਨੇ ਬਾਅਦ ਦੇ ਵਿੱਚ ਖੂਨੀ ਰੂਪ ਧਾਰਨ ਕਰ ਲਿਆ। ਗੋਲੀ ਲੱਗਣ ਦੇ ਚਲਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦਾ ਪਤਾ ਚਲਦੇ ਹੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਕਥਿਤ ਦੋਸ਼ੀ ਬੈਂਕ ਗਾਰਡ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਵੀਰ ਸਿੰਘ ਵਾਸੀ ਪਿੰਡ ਮਾਜਰੀ ਦੇ ਤੌਰ ‘ਤੇ ਹੋਈ ਹੈ।ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਮਨਵੀਰ ਸਿੰਘ ਦੀ ਮਾਤਾ ਦਾ ਖਾਤਾ ਮਾਜਰਾ ਪਿੰਡ ਦੇ ਵਿੱਚ ਚੱਲ ਰਹੀ ਯੂਨੀਅਨ ਬੈਂਕ ਦੀ ਬ੍ਰਾਂਚ ਵਿੱਚ ਸੀ। ਉਹ ਖਾਤੇ ਵਿੱਚ ਦਰੁਸਤੀ ਦੇ ਕਿਸੇ ਕੰਮ ਨੂੰ ਲੈ ਕੇ ਕੁਝ ਦਿਨ ਪਹਿਲਾਂ ਬੈਂਕ ਵਿੱਚ ਆਏ ਸਨ।
ਜਿੱਥੇ ਉਸਦੀ ਬੈਂਕ ਗਾਰਡ ਗੁਰਵਿੰਦਰ ਸਿੰਘ ਨਾਲ ਕਹਾ ਸੁਣੀ ਹੋ ਗਈ।ਇਸ ਦੌਰਾਨ ਅੱਜ ਮਨਵੀਰ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਮੁੜ ਬੈਂਕ ਪੁੱਜਾ ਹੋਇਆ ਸੀ ਅਤੇ ਉਸ ਦੀ ਬੈਂਕ ਗਾਰਡ ਗੁਰਵਿੰਦਰ ਸਿੰਘ ਨਾਲ ਬਹਿਸਬਾਜੀ ਹੋਈ। ਗਾਰਡ ਨੇ ਮਨਵੀਰ ਸਿੰਘ ਅਤੇ ਸਾਥੀਆਂ ਨੂੰ ਬੈਂਕ ਦੇ ਵਿੱਚੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਲੋਕਾਂ ਨੇ ਦੱਸਣ ਮੁਤਾਬਿਕ ਮ੍ਰਿਤਕ ਨੌਜਵਾਨ ਦੇ ਉਸਦੇ ਸਾਥੀਆਂ ਨੇ ਬੈਂਕ ਦੇ ਬਾਹਰ ਖੜ ਕੇ ਗਾਰਡ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਤੈਸ਼ ਵਿੱਚ ਆਏ ਬੈਂਕ ਗਾਰਡ ਗੁਰਵਿੰਦਰ ਸਿੰਘ ਨੇ ਆਪਣੀ ਬੰਦੂਕ ਦੇ ਨਾਲ ਮਨਵੀਰ ਦੇ ਉਪਰ ਗੋਲੀ ਚਲਾ ਦਿੱਤੀ ਜੋ ਕਿ ਉਸਦ ਪੇਟ ਵਿੱਚ ਲੱਗੀ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਕਰੀਬ ਪੌਣੇ 11 ਵਜੇ ਵਾਪਰੀ ਹੈ ਅਤੇ ਗਾਰਡ ਗੁਰਵਿੰਦਰ ਸਿੰਘ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਮਿਰਤਕ ਨੌਜਵਾਨ ਦੇ ਸਾਥੀਆਂ ਦੀ ਵੀ ਖੋਜ ਕੀਤੀ ਜਾ ਰਹੀ ਹੈ ਜੋ ਕਿ ਉਸ ਦੇ ਨਾਲ ਬੈਂਕ ਵਿੱਚ ਆਏ ਸਨ।