ਫ਼ੌਜ ਦੇ ਦਾਅਵਿਆਂ ਨੂੰ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਤੇ ਧਾਮੀ ਨੇ ਨਕਾਰਿਆ

0
264

Amritsar News: ਬੀਤੇ ਕੱਲ੍ਹ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਇੱਕ ਚੈਨਲ ਨਾਲ ਇੰਟਰਵੀਊ ਦੌਰਾਨ ਹਾਲੀਆ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕੀਤੇ ਗਏ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗਰੰਥੀ ਗਿਆਨੀ ਰਘਵੀਰ ਸਿੰਘ ਤੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਬੇਸ਼ੱਕ ਬੀਤੇ ਕੱਲ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਹੀ ਫ਼ੌਜ ਦੇ ਇਸ ਦਾਅਵੇ ਨੂੰ ਨਕਾਰ ਦਿੱਤਾ ਸੀ। ਇਸਤੋਂ ਬਾਅਦ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੈਦਾਰ ਅਤੇ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਰਘਵੀਰ ਸਿੰਘ ਨੇ ਵੀ ਇਸ ਬਿਆਨ ਨਾਲ ਅਸਹਿਮਤੀ ਜਤਾਉਂਦਿਆਂ ਭਾਰਤੀ ਫ਼ੌਜ ਦੇ ਇਸ ਬਿਆਨ ਉਪਰ ਸਵਾਲ ਖੜੇ ਕੀਤੇ ਹਨ। ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਉਹ 22 ਅਪ੍ਰੈਲ ਤੋਂ 14 ਮਈ ਤੱਕ ਵਿਦੇਸ਼ ਦੌਰੇ ’ਤੇ ਸਨ, ਜਿਸਦੇ ਚੱਲਦੇ ਉਨ੍ਹਾਂ ਵੱਲੋਂ ਫ਼ੌਜ ਦੇ ਕਿਸੇ ਅਧਿਕਾਰੀ ਨਾਲ ਸੰਪਰਕ ਨਹੀਂ ਕੀਤਾ। ਹੈੱਡ ਗਰੰਥੀ ਨੇ ਕਿਹਾ ਕਿ ਪਹਿਲਾਂ ਸਿੱਖਾਂ ਦੇ ਮਨਾਂ ਵਿਚ ਸ਼ੰਕੇ ਖੜੇ ਕਰਨੇ ਅਤੇ ਬਾਅਦ ਵਿਚ ਇਸਦੇ ਲਈ ਦਰਬਾਰ ਸਾਹਿਬ ਦੇ ਇਰਦ-ਗਿਰਦ ਏਅਰਗੰਨਾਂ ਤੈਨਾਤ ਕਰਨ ਲਈ ਸ਼੍ਰ੍ਰੋਮਣੀ ਕਮੇਟੀ ਦੀ ਇਜ਼ਾਜਤ ਲੈਣ ਦੇ ਦਾਅਵੇ ਵੀ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਭਾਰਤ ਸਰਕਾਰ ਨੂੰ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਦਸਣਾ ਬਣਦਾ ਹੈਕਿ ਇੱਕ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਭਾਰਤੀ ਫ਼ੌਜ ਦੇ ਇੱਕ ਜਰਨੈਲ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫ਼ੌਜ ਦੇ ਰਣਨੀਤਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਅਸਫ਼ਲ ਰਹਿਣ ਬਾਅਦ ਪਾਕਿਸਤਾਨੀ ਫ਼ੌਜ ਨੇ ਭਾਰਤੀ ਪੰਜਾਬ ਦੇ ਸ਼ਹਿਰਾਂ ਅਤੇ ਧਾਰਮਿਕ ਸਥਾਨਾਂ, ਖਾਸਕਰ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ ਕੀਤੀ ਸੀ। ਜਿਸਦੇ ਚੱਲਦੇ ਇੱਥੈ ਭਾਰਤੀ ਫ਼ੌਜ ਵੱਲੋਂ ਏਅਰਡਿਫੈੱਸ ਸਿਸਟਮ ਤੈਨਾਤ ਕੀਤਾ ਗਿਆ। ਇਸਤੋਂ ਇਲਾਵਾ ਉਨ੍ਹਾਂ 8 ਮਈ ਨੂੰ ਡਰੋਨ ਤੇ ਰਾਕਟ ਹਮਲੇ ਕਰਨ ਦੇ ਵੀ ਦਾਅਵੇ ਕੀਤੇ ਸਨ।

ਉਧਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ, ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਬਾਹਰਲੀਆਂ ਤੇ ਉੱਪਰਲੀਆਂ ਲਾਈਟਾਂ ਤੈਅ ਸਮੇਂ ਸੀਮਾ ਅਨੁਸਾਰ ਬੰਦ ਕੀਤੀਆਂ ਗਈਆਂ ਪ੍ਰੰਤੂ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚਲਦੀ ਹੈ ਉਨ੍ਹਾਂ ਥਾਵਾਂ ਉੱਤੇ ਲਾਈਟਾਂ ਚੱਲਦੀਆਂ ਰੱਖ ਕੇ ਪੂਰੀ ਜਿੰਮੇਵਾਰੀ ਨਾਲ ਮਰਿਆਦਾ ਨਿਭਾਈ ਗਈ ਹੈ। ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ਆਪਰੇਸ਼ਨ ਸਿੰਧੂਰ ਦੌਰਾਨ ਹੈਡ ਗ੍ਰੰਥੀ ਵੱਲੋਂ ਫੌਜ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹ ਮੂਲੋਂ ਗਲਤ ਹੈ ਕਿਉਂਕਿ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾਂ ਲਗਾਉਣ ਜਿਹਾ ਘਟਨਾਕ੍ਰਮ ਇਸ ਪਾਵਨ ਅਸਥਾਨ ਉੱਤੇ ਪ੍ਰਵਾਨ ਕੀਤਾ ਗਿਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਤਾਂ ਉਹ ਹੀ ਸਪੱਸ਼ਟ ਕਰ ਸਕਦੇ ਹਨ ਪਰੰਤੂ ਅਜਿਹੀ ਗੱਲ ਕਹੀ ਜਾਣੀ ਬਹੁਤ ਗ਼ਲਤ ਤੇ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਬਤੌਰ ਐਡੀਸ਼ਨਲ ਮੁੱਖ ਗ੍ਰੰਥੀ ਉਹ ਇਹ ਗੱਲ ਦਾਅਵੇ ਨਾਲ ਕਹਿ ਰਹੇ ਹਨ ਕਿ ਗੰਨਾਂ ਲਗਾਉਣ ਸਬੰਧੀ ਕੋਈ ਪ੍ਰਵਾਨਗੀ ਫ਼ੌਜ ਨੂੰ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ  ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਜ ਤੋਂ ਮੁੜ ਸ਼ੁਰੂ ਹੋਵੇਗਾ ‘ਬੀਟਿੰਗ ਰਿਟਰੀਟ’ ਸਮਾਰੋਹ

ਫ਼ੌਜ ਦੇ ਅਧਿਕਾਰੀ ਵੱਲੋਂ ਇਸ ਬਿਆਨ ਦੇ ਸਬੰਧ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ਉੱਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਤੇ ਸੇਵਾ ਕਰਨ ਪੁੱਜਦੀ ਰਹੀ ਹੈ ਅਤੇ ਜੇਕਰ ਗੰਨਾਂ ਲਗਾਉਣ ਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਦੇਖਿਆ ਅਤੇ ਨੋਟਿਸ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਫੌਜ ਦੇ ਇੱਕ ਅਧਿਕਾਰੀ ਵੱਲੋਂ ਅਜਿਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਅਜਿਹੇ ਬਿਆਨ ਫੌਜ ਦੇ ਅਧਿਕਾਰੀਆਂ ਵੱਲੋਂ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਣੇ ਤਣਾਅਪੂਰਨ ਹਾਲਾਤ ਵਿੱਚ ਦੇਸ਼ ਅਤੇ ਫੌਜ ਵੱਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰੰਤੂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗਲਤ ਗੱਲ ਫੈਲਾਉਣੀ ਹੈਰਾਨੀਜਨਕ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here