ਹੁਣ ਜਥੇਦਾਰਾਂ ਦੇ ਫੈਸਲਿਆਂ ਉਪਰ ਵੀ ਲੱਗੇਗੀ ਬੰਦਿਸ਼!, ਸ਼੍ਰੋਮਣੀ ਕਮੇਟੀ ਵੱਲੋਂ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਫੈਸਲਾ

0
72
+1

ਸ਼੍ਰੀ ਅੰਮ੍ਰਿਤਸਰ ਸਾਹਿਬ, 29 ਅਕਤੂਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਨਿਭਾਈ ਜਾ ਰਹੀ ਭੂਮਿਕਾ ਉਪਰ ਵੱਖ ਵੱਖ ਧੜਿਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੌਰਾਨ ਹੁਣ ਸ਼੍ਰੋਮਣੀ ਕਮੇਟੀ ਨੇ ਇਕ ਮਹੱਤਵਪੂਰਨ ਫੈਸਲਾ ਲਿਆ ਹੈ। ਬੀਤੇ ਕੱਲ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹੋਏ ਸਲਾਨਾ ਇਜਲਾਸ ਵਿਚ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸਦੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਲਈ ਇੱਕ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ:ਕੁਦਰਤ ਦਾ ਕਹਿਰ: ਤਿੰਨ ਪੁੱਤਰਾਂ ਨੂੰ ਜਨਮ ਦੇਣ ਵਾਲੀ ਮਾਂ ਦੀ ਜਣੇਪੇ ਦੌਰਾਨ ਹੋਈ ਮੌਤ, ਬੱਚੇ ਵੀ ਨਹੀਂ ਬਚੇ

ਹਾਲਾਂਕਿ ਇਸ ਸਲਾਹਕਾਰ ਬੋਰਡ ਦੇ ਮੈਂਬਰ ਉੱਘੇ ਪੰਥਕ ਬਣਾਉਣ ਦਾ ਪ੍ਰਸਤਾਵ ਹੈ ਪ੍ਰੰਤੂ ਇੰਨ੍ਹਾਂ ਮੈਂਬਰਾਂ ਨੂੰ ਨਾਮਜਦ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਤੇ ਖ਼ਾਸਕਰ ਇਸਦੇ ਪ੍ਰਧਾਨ ਕੋਲ ਹੀ ਹੋਣਗੇ। ਵਿਰੋਧੀ ਇਸ ਫੈਸਲੇ ਨੂੰ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਬੰਦਿਸ਼ ਲਗਾਉਣ ਦੇ ਬਰਾਬਰ ਮੰਨ ਰਹੇ ਹਨ। ਗੌਰਤਲਬ ਹੈ ਕਿ ਬੀਤੇ ਕੱਲ ਦੇ ਸਲਾਨਾ ਚੋਣ ਇਜਲਾਸ ਵਿਚ ਬਾਦਲ ਧੜੇ ਪੱਖੀ ਹਰਜਿੰਦਰ ਸਿੰਘ ਧਾਮੀ 107 ਵੋਟਾਂ ਦੇ ਨਾਲ ਮੁੜ ਪ੍ਰਧਾਨ ਬਣਨ ਵਿਚ ਸਫ਼ਲ ਰਹੇ ਸਨ ਅਤੇ ਵਿਰੋਧੀ ਧੜੇ ਸੁਧਾਰ ਲਹਿਰ ਦੀ ਬੀਬੀ ਜੰਗੀਰ ਕੌਰ ਨੂੰ ਸਿਰਫ਼ 33 ਵੋਟਾਂ ਹੀ ਮਿਲੀਆਂ ਸਨ।

ਇਹ ਵੀ ਪੜ੍ਹੋ:ਨਾਮਜ਼ਦਗੀ ਪੱਤਰਾਂ ਦੀ ਘੋਖ ਉਪਰੰਤ ਉਪ ਚੋਣ ਗਿੱਦੜਬਾਹਾ ਲਈ ਬਚੇ 15 ਉਮੀਦਵਾਰ

ਸੂਚਨਾ ਮੁਤਾਬਕ ਇਸ ਇਜਲਾਸ ਦੌਰਾਨ ਹੀ ਪਾਸ ਕੀਤੇ ਹੋਰਨਾਂ ਮਤਿਆਂ ਦੇ ਨਾਲ ਇੱਕ ਮਤਾ ਇਹ ਵੀ ਪਾਸ ਕੀਤਾ ਗਿਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਲਈ ਇੱਕ 11 ਮੈਂਬਰੀ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾਵੇ, ਜਿਸਦੇ ਵਿਚ ਪੰਥਕ ਦੇ ਉੱਘੇ ਵਿਦਵਾਨਾਂ ਤੇ ਮਾਹਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਇਸ ਮਤੇ ਸਬੰਧੀ ਹੋਰ ਜਿਆਦਾ ਵੇਰਵੇ ਸਾਹਮਣੇ ਨਹੀਂ ਆਏ ਪ੍ਰੰਤੂ ਪੰਥਕ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਸਲਾਹਕਾਰ ਬੋਰਡ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਆਉਣ ਵਾਲੇ ਮੁੱਦੇ ਤੇ ਖ਼ਾਸਕਰ ਸਿਕਾਇਤਾਂ ’ਤੇ ਨਜ਼ਰਸਾਨੀ ਰੱਖੇਗਾ ਤੇ ਇਸਨੂੰ ਅੱਗੇ ਜਥੇਦਾਰ ਸਾਹਿਬਾਨ ਨੂੰ ਅੱਗੇ ਭੇਜੇਗਾ।

 

+1

LEAVE A REPLY

Please enter your comment!
Please enter your name here