ਝੋਨਾ 2300 ਤੇ ਕਪਾਹ ਦੀ ਕੀਮਤ ਰੱਖੀ 7121
ਨਵੀਂ ਦਿੱਲੀ, 20 ਜੂਨ: ਲਗਾਤਾਰ ਤੀਜੀ ਵਾਰ ਸਰਕਾਰ ਬਣਾ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਾਬਰੀ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਕਿਸਾਨਾਂ ਨੂੰ ਖ਼ੁਸ ਕਰਨ ਦਾ ਯਤਨ ਕੀਤਾ ਗਿਆ ਹੈ। ਉਂਝ ਵੀ ਪ੍ਰਧਾਨ ਮੰਤਰੀ ਵਜੋਂ ਕਾਰਜ਼ਕਾਲ ਸੰਭਾਲਣ ਸਮੇਂ ਸ਼੍ਰੀ ਮੋਦੀ ਨੇ ਕਿਸਾਨ ਸਨਮਾਨ ਨਿਧੀ ਯੋਜਨਾ ’ਤੇ ਦਸਖ਼ਤ ਕਰਕੇ ਇਹ ਇਸ਼ਾਰਾ ਕੀਤਾ ਸੀ ਕਿ ਪਿਛਲੇ ਕੁੱਝ ਸਾਲਾਂ ਤੋਂ ਨਰਾਜ਼ ਚੱਲ ਰਹੇ ਕਿਸਾਨਾਂ ਨੂੰ ਸਰਕਾਰ ਆਪਣੇ ਨਾਲ ਜੋੜਣ ਦਾ ਯਤਨ ਕਰੇਗੀ। ਇਸਤੋਂ ਬਾਅਦ ਹੁਣ ਪਹਿਲੀ ਕੈਬਨਿਟ ਮੀਟਿੰਗ ਵਿਚ ਝੋਨੇ ਸਹਿਤ 14 ਫ਼ਸਲਾਂ ਦੀਆਂ ਕੀਮਤਾਂ ’ਤੇ ਵਾਧਾ ਕੀਤਾ ਗਿਆ ਹੈ।
NEET ਤੋਂ ਬਾਅਦ NET-UGC ਦੀ ਪ੍ਰੀਖ੍ਰਿਆ ਇੱਕ ਦਿਨ ਬਾਅਦ ਹੀ ਰੱਦ
ਝੋਨੇ ਦੇ ਭਾਅ ਵਿਚ 117 ਰੁਪਏ ਅਤੇ ਕਪਾਹ ਦੀਆਂ ਕੀਮਤਾਂ ਵਿਚ 501 ਦਾ ਵਾਧਾ ਕੀਤਾ ਹੈ। ਸਰਕਾਰ ਵੱਲੋਂ ਫ਼ਸਲਾਂ ’ਤੇ ਜਾਰੀ ਨਵੇਂ ਐਮ.ਐਸ.ਪੀ ਮੁਤਾਬਕ ਝੋਨਾ ਹੁਣ 2300 ਰੁਪਏ ਵਿਕੇਗਾ। ਇਸੇ ਤਰ੍ਹਾਂ ਗਰੇਡ 1 ਝੋਨੇ ਦੀ ਕੀਮਤ 2320 ਰੱਖੀ ਗਈ ਹੈ। ਇਸਤੋਂ ਇਲਾਵਾ ਜਵਾਰ 3371, ਬਾਜ਼ਰਾ 2625, ਰਾਗੀ 4290, ਮੱਕੀ 2225, ਅਰਹਰ 7650, ਮੂੰਗੀ 8682, ਉੜਦ ਦੀ ਦਾਲ 7400, ਮੂੰਗਵਾਲੀ 6783, ਸੂੁਰਜਮੁਖੀ 7280, ਸੋਇਆਬੀਨ 4892, ਕਪਾਹ ਛੋਟੇ ਰੇਸ਼ੇ ਵਾਲੀ 7121 ਅਤੇ ਲੰਮੇ ਰੇਸ਼ੇ ਵਾਲੀ 7521 ਰੁਪਏ ਐਮ.ਐਸ.ਪੀ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਫ਼ਸਲਾਂ ਦੇ ਭਾਅ ਵਿਚ ਵਾਧਾ ਕਰਨ ਬਦਲੇ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ।