ਬਠਿੰਡਾ, 3 ਅਕਤੂਬਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਲਖਮੀਰਪੁਰ ਖੀਰੀ ਵਿਖੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਇੱਕ ਪੱਤਰਕਾਰ ਅਤੇ ਚਾਰ ਕਿਸਾਨ ਸਾਥੀਆਂ ਦਾ ਸ਼ਹੀਦੀ ਦਿਹਾੜਾ ਸਥਾਨਕ ਟੀਚਰਜ ਹੋਮ ਵਿਖੇ ਮਨਾਇਆ ਗਿਆ। ਸ਼ਹੀਦ ਹੋਏ ਸਾਥੀਆਂ ਨੂੰ ਫੁੱਲ ਮਾਲਾ ਅਰਪਣ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇੱਥੇ ਪਹੁੰਚੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ,ਬੀ ਕੇ ਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ,ਬੀਕੇਯੂ ਡਕੌੰਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ,ਜਮਹੂਰੀ ਕਿਸਾਨ ਸਭਾ ਦੇ ਜਿਲਾ ਆਗੂ ਸੰਪੂਰਨ ਸਿੰਘ ਬਠਿੰਡਾ, ਬੀਕੇਯੂ ਮਾਲਵਾ ਦੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਕੋਟਸ਼ਮੀਰ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਨਿਆ ਦਵਾਉਣ ਵਿੱਚ ਫੇਲ ਹੋਈ ਹੈ ਜਿਸ ਕਾਰਨ ਉਸ ਨੂੰ ਉੱਤਰੀ ਭਾਰਤ ਵਿੱਚ ਆਮ ਚੋਣਾਂ ਵਿੱਚ ਮੂੰਹ ਦੀ ਖਾਣੀ ਪਈ ਹੈ। ਉਹਨਾਂ ਮੰਗ ਕੀਤੀ ਕਿ ਲਖਮੀਰਪੁਰ ਖੀਰੀ ਦੇ ਸ਼ਹੀਦਾਂ ਨੂੰ ਨਿਆ ਦਵਾਇਆ ਜਾਵੇ ,
ਇਹ ਖ਼ਬਰ ਵੀ ਪੜ੍ਹੋ: ਖ਼ੂਨਦਾਨ ਵਿੱਚ ਪੰਜਾਬ ਸਮੁੱਚੇ ਭਾਰਤ ਦੇ ਤਿੰਨ ਮੋਹਰੀ ਰਾਜਾਂ ’ਚੋਂ ਇੱਕ
ਕਿਸਾਨਾਂ ਉੱਪਰ ਦਰਜ ਝੂਠੇ ਮੁਕਦਮੇ ਖਤਮ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਐਮਐਸਪੀ ,ਕਿਸਾਨਾਂ ਮਜ਼ਦੂਰਾਂ ਦੀ ਕਰਜਾ ਮੁਕਤੀ ,ਫਸਲੀ ਬੀਮਾ ਯੋਜਨਾ ਅਤੇ ਕਿਸਾਨ ਮਜ਼ਦੂਰ ਪੈਨਸ਼ਨ ਸਮੇਤ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ ਪਿਛਲੇ ਸਾਲ ਦਾ 14 ਲੱਖ ਟਨ ਚਾਵਲ ਹਾਲੇ ਤੱਕ ਸੈਲਰਾਂ ਵਿੱਚ ਪਿਆ ਹੈ ਅਤੇ ਉੱਪਰੋਂ ਝੋਨੇ ਦਾ ਨਵਾਂ ਸੀਜਨ ਸ਼ੁਰੂ ਹੋ ਗਿਆ ਹੈ ਅਤੇ ਝੋਨਾ ਸ਼ੈਲਰਾਂ ਵਿੱਚ ਲਾਉਣ ਲਈ ਕੋਈ ਥਾਂ ਨਹੀਂ ਹੈ। ਪੰਜਾਬ ਸਰਕਾਰ ਸਮੇਂ ਸਿਰ ਚਾਵਲ ਕੇਂਦਰ ਸਰਕਾਰ ਨੂੰ ਚੁਕਵਾਉਣ ਵਿੱਚ ਫੇਲ ਹੋਈ ਹੈ। 1 ਅਕਤੂਬਰ ਤੋਂ ਨਵੇਂ ਝੋਨੇ ਦੀ ਖਰੀਦ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਹਾਲੇ ਤੱਕ ਮੰਡੀਆਂ ਵਿੰਚ ਝੋਨੇ ਦੀ ਖਰੀਦ ਦਾ ਪੁਖਤਾ ਪ੍ਰਬੰਧ ਨਹੀਂ ਕਰ ਸਕੀ । ਝੋਨਾ ਮੰਡੀਆਂ ਵਿੱਚ ਆ ਰਿਹਾ ਹੈ ਤੇ ਕਿਸਾਨ ਝੋਨੇ ਦੀ ਵਾਢੀ ਕਰਨ ਲਈ ਖਰੀਦ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਲੋਕਾਂ ਨੂੰ ਚੁਟਕਲੇ ਸੁਣਾ ਕੇ ਕੰਮ ਸਾਰ ਰਿਹਾ ਹੈ ।
ਇਹ ਖ਼ਬਰ ਵੀ ਪੜ੍ਹੋ: ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ
ਦੂਜੇ ਪਾਸੇ ਆਲੂ ਅਤੇ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋ ਗਈ ਹੈ ਜਿਸ ਵਾਸਤੇ ਲੋੜੀਦੀ ਡੀਏਪੀ ਹਾਲੇ ਤੱਕ ਬਾਜ਼ਾਰ ਜਾਂ ਸੁਸਾਇਟੀਆਂ ਉੱਪਰ ਦੇਣ ਵਾਸਤੇ ਕੋਈ ਪ੍ਰਬੰਧ ਨਹੀਂ ਹੋ ਸਕਿਆ ।ਡੀਏਪੀ ਦੀ ਭਾਰੀ ਬਲੈਕ ਮੇਲਿੰਗ ਹੋ ਰਹੀ ਹੈ ਅਤੇ ਵੱਡੇ ਪੱਧਰ ਤੇ ਨਕਲੀ ਡੀਏਪੀ ਬਾਜ਼ਾਰ ਵਿੱਚ ਵਿਕ ਰਹੀ ਹੈ। ਡੀਏਪੀ ਦੇ ਨਾਲ ਬਾਜ਼ਾਰ ਅਤੇ ਸੁਸਾਇਟੀਆਂ ਵਿੱਚ ਗੈਰ ਜਰੂਰੀ ਖਾਦਾਂ ਤੇ ਦਵਾਈਆਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਰੋਕਣ ਵਿੱਚ ਵੀ ਪੰਜਾਬ ਸਰਕਾਰ ਨਾਕਾਮ ਹੋ ਚੁੱਕੀ ਹੈ। ਇਸ ਨਾਲ ਕਿਸਾਨਾਂ ਦੀ ਭਾਰੀ ਲੁੱਟ ਹੋ ਰਹੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੀ ਅਤੇ ਡੀਏਪੀ ਦਾ ਪੁਖਤਾ ਪ੍ਰਬੰਧ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚਾ ਜਲਦੀ ਹੀ ਫੈਸਲਾ ਲੈ ਕੇ ਪੰਜਾਬ ਦੀਆਂ ਸਾਰੀਆਂ ਸੜਕਾਂ ਜਾਮ ਕਰ ਦੇਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਫੁਲੋਂ ਮਿੱਠੀ ,ਨੈਬ ਸਿੰਘ ਫੂਸ ਮੰਡੀ, ਸੁਖਵੰਤ ਸਿੰਘ ਗੋਨਿਆਣਾ ,ਅਮਨਦੀਪ ਸਿੰਘ ਗੱਗੀ, ਸੁਖਬੀਰ ਸਿੰਘ ਗਹਿਰੀ ਅਤੇ ਬਲਦੇਵ ਸਿੰਘ ਬੱਲੂਆਣਾ ਵੀ ਮੌਜੂਦ ਸਨ।