50 Views
ਲੁਧਿਆਣਾ,5 ਨਵੰਬਰ: ਲੰਘੀ 2 ਨਵੰਬਰ ਨੂੰ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਨੂੰ ਟ੍ਰੇਸ ਕਰਦਿਆਂ ਕਾਊਂਟਰ ਇੰਟੈਲੀਜੈਂਸ ਅਤੇ ਲੁਧਿਆਣਾ ਪੁਲਿਸ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਮੌਡੀਊਲ ਦਾ ਪਰਦਾਫਾਸ਼ ਕੀਤਾ ਹੈ, ਜਿਸਨੂੰ ਕਿ ਵਿਦੇਸ਼-ਅਧਾਰਤ ਹਰਜੀਤ ਸਿੰਘ ਉਰਫ ਲਾਡੀ ਅਤੇ ਸਾਬੀ ਵੱਲੋਂ ਚਲਾਇਆ ਜਾ ਰਿਹਾ ਸੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦਸਿਆ ਕਿ ਇਸ ਆਪ੍ਰੇਸ਼ਨ ਤੋਂ ਬਾਅਦ 16 ਅਕਤੂਬਰ, 2024 ਨੂੰ ਯੋਗੇਸ਼ ਬਖਸ਼ੀ ਦੀ ਰਿਹਾਇਸ਼ ‘ਤੇ ਹੋਏ ਹਮਲੇ ਅਤੇ ਹਾਲ ਹੀ ਵਿੱਚ 2 ਨਵੰਬਰ, 2024 ਨੂੰ ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ ਵਿੱਚ ਹਰਕੀਰਤ ਸਿੰਘ ਖੁਰਾਣਾ ਦੇ ਘਰ ਦੀ ਘਟਨਾ ਸਮੇਤ ਸ਼ਿਵ ਸੈਨਾ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੈਟਰੋਲ ਬੰਬ ਦੀਆਂ ਘਟਨਾਵਾਂ ਨੂੰ ਸਫਲਤਾਪੂਰਵਕ ਹੱਲ ਕੀਤਾ ਗਿਆ।
ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜੋ ਰੈਕੀ ਅਤੇ ਟਰੈਕਿੰਗ ਲਈ ਵਰਤੇ ਗਏ ਸਨ। ਡੀਜੀਪੀ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ, ਪਿਛੜੇ ਅਤੇ ਅਗਲੇ ਸਬੰਧਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ, ਹੋਰ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਉਰਫ਼ ਲਾਡੀ ਜੋ ਕਿ ਨੰਗਲ, ਪੰਜਾਬ ਵਿੱਚ ਵਿਕਾਸ ਪ੍ਰਭਾਕਰ ਦੇ ਕਤਲ ਵਿੱਚ ਵੀ ਲੋੜੀਂਦਾ ਮੁਲਜ਼ਮ ਹੈ ਅਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਉਸ ਤੇ 10 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ।