11 Views
ਚੰਡੀਗੜ੍ਹ, 10 ਮਈ: ਪੰਜਾਬ ਦੇ ਵਿੱਚ ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਨਾਮਜ਼ਾਦਗੀਆਂ ਭਰਨ ਦੇ ਅੱਜ ਤੀਜੇ ਦਿਨ ਵੱਡੀ ਗਿਣਤੀ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ ਦਰਜਨਾਂ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਾਦਗੀ ਪੱਤਰ ਦਾਖਲ ਕੀਤੇ ਗਏ। ਇਸ ਦੌਰਾਨ ਇਹਨਾਂ ਉਮੀਦਵਾਰਾਂ ਨਾਲ ਵੱਡੇ ਸਿਆਸੀ ਆਗੂ ਵੀ ਹਾਜ਼ਰ ਰਹੇ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪੰਜ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਾਦਗੀਆਂ ਭਰੀਆਂ ਗਈਆਂ।
ਇੰਨਾਂ ਵਿੱਚ ਸੂਬੇ ਦੇ ਖੇਤੀਬਾੜੀ ਮੰਤਰੀ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ , ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਅਤੇ ਮਲਵਿੰਦਰ ਸਿੰਘ ਕੰਗ ਵੱਲੋਂ ਆਨੰਦਪੁਰ ਸਾਹਿਬ ਤੋਂ ਕਾਗਜ਼ ਦਾਖ਼ਲ ਕੀਤੇ ਗਏ। ਇਸਤੋਂ ਇਲਾਵਾ ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਵੱਲੋਂ ਅੱਜ ਨਾਮਜ਼ਾਦਗੀਆਂ ਭਰੀਆਂ ਗਈਆਂ।
ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਤੋਂ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਤੋਂ, ਯਾਮਨੀ ਗੋਮਰ ਨੇ ਹੁਸ਼ਿਆਰਪੁਰ ਤੋਂ, ਡਾਕਟਰ ਅਮਰ ਸਿੰਘ ਨੇ ਫਤਿਹਗੜ੍ਹ ਸਾਹਿਬ ਤੋਂ ਅਤੇ ਅਮਰਜੀਤ ਕੌਰ ਸਾਹੌਕੇ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਪਣੇ ਕਾਗਜ਼ ਚੋਣ ਅਧਿਕਾਰੀਆਂ ਕੋਲ ਜਮਾਂ ਕਰਵਾਏ।ਉਥੇ ਹੀ ਜੇਕਰ ਗੱਲ ਕਰੀਏ ਬੀਜੇਪੀ ਦੀ ਤਾਂ ਇਸ ਪਾਰਟੀ ਦੇ ਵੀ ਅੱਧੀ ਦਰਜਨ ਦੇ ਕਰੀਬ ਉਮੀਦਵਾਰਾਂ ਵੱਲੋਂ ਨਾਮਜ਼ਾਦਗੀਆਂ ਭਰੀਆਂ ਗਈਆਂ।
ਇੰਨ੍ਹਾਂ ਵਿੱਚ ਦਿਨੇਸ਼ ਸਿੰਘ ਬੱਬੂ ਗੁਰਦਾਸਪੁਰ ਤੋਂ, ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ, ਅਨੀਤਾ ਸੋਮ ਪ੍ਰਕਾਸ਼ ਹੋਸ਼ਿਆਰਪੁਰ ਤੋਂ , ਰਵਨੀਤ ਸਿੰਘ ਬਿੱਟੂ ਲੁਧਿਆਣਾ ਅਤੇ ਮਨਜੀਤ ਸਿੰਘ ਮੰਨਾ ਨੇ ਖਡੂਰ ਸਾਹਿਬ ਤੋਂ ਕਾਗਜ ਦਾਖਲ ਕੀਤੇ। ਚੰਡੀਗੜ੍ਹ ਤੋਂ ਬੀਜੇਪੀ ਦੇ ਉਮੀਦਵਾਰ ਸੰਜੈ ਟੰਡਨ ਨੇ ਵੀ ਨੋਮੀਨੇਸ਼ਨ ਕਰਵਾਈ। ਇਸ ਮੌਕੇ ਉਹਨਾਂ ਵੱਲੋਂ ਰੋਡ ਸ਼ੋ ਕੱਢਿਆ ਗਿਆ ਅਤੇ ਇਸ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਉਮੀਦਵਾਰਾਂ, ਪਟਿਆਲਾ ਤੋਂ ਐਨ ਕੇ ਸ਼ਰਮਾ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਅਤੇ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਵੱਲੋਂ ਨਾਮਜ਼ਾਦਗੀਆਂ ਭਰੀਆਂ ਗਈਆਂ। ਦੱਸ ਦਈਏ ਕਿ ਨਾਮਜ਼ਾਦਗੀਆਂ ਭਰਨ ਦਾ ਸਮਾਂ 14 ਮਈ ਤੱਕ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕਈ ਥਾਈ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਆਪਣੇ ਨਾਮਜਦਗੀ ਕਾਗਜ਼ ਚੋਣ ਦੇ ਅਧਿਕਾਰੀਆਂ ਕੋਲ ਦਾਖਲ ਕਰਾਏ ਗਏ।
Share the post "ਪੰਜਾਬ ਦੇ ਵਿੱਚ ਪ੍ਰਮੁੱਖ ਪਾਰਟੀਆਂ ਸਹਿਤ ਦਰਜਨਾਂ ਉਮੀਦਵਾਰਾਂ ਨੇ ਭਰੇ ਨਾਮਜਦਗੀ ਕਾਗਜ਼ ਜਾਣਗੀਆ ਨਾਮਜ਼ਾਦਗੀਆਂ"