ਫ਼ਰੀਦਕੋਟ, 7 ਅਪ੍ਰੈਲ: ਸਮਾਜ ਵਿਰੋਧੀ ਅਨਸਰਾਂ ਵਿਰੁਧ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਐਤਵਾਰ ਨੂੰ ਫ਼ਰੀਦਕੋਟ ਇਲਾਕੇ ’ਚ ਇੱਕ ਹੋਰ ਪੁਲਿਸ ਮੁਕਾਬਲਾ ਹੋਇਆ, ਜਿਸਦੇ ਵਿਚ ਦੋ ਬਦਮਾਸ਼ ਗੋਲੀਆਂ ਲੱਗਣ ਕਾਰਨ ਜਖਮੀ ਹੋ ਗਏ। ਜਖ਼ਮੀ ਹੋਏ ਨੌਜਵਾਨਾਂ ਨੂੰ ਇਲਾਜ਼ ਲਈ ਮੈਡੀਕਲ ਕਾਲਜ਼ ਵਿਚ ਭਰਤੀ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਦੋਵੇਂ ਗੈਂਗਸਟਰਾਂ ਦੀਆਂ ਲੱਤਾਂ ’ਚ ਗੋਲੀਆਂ ਲੱਗੀਆਂ ਹਨ ਅਤੇ ਇੰਨ੍ਹਾਂ ਦੋਨਾਂ ਦਾ ਸਬੰਧ ਗੈਂਗਸਟਰ ਅਰਸ਼ ਡੱਲਾ ਦੇ ਗੈਂਗ ਨਾਲ ਦਸਿਆ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਫ਼ਰੀਦਕੋਟ ਇਲਾਕੇ ਵਿਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਉਂਤਬੰਦੀ ਬਣਾਈ ਜਾ ਰਹੀ ਸੀ ਪ੍ਰੰਤੂ ਸੂਚਨਾ ਮਿਲਣ ’ਤੇ ਜਦ ਇੰਨ੍ਹਾਂ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਗਈ ਤਾਂ ਉਨ੍ਹਾਂ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ।
ਵਿਜੀਲੈਂਸ ਵੱਲੋਂ ਥਾਣੇਦਾਰ ਤੇ ਹੌਲਦਾਰ 5 ਹਜ਼ਾਰ ਰਿਸ਼ਵਤ ਲੈਂਦੇ ਕਾਬੂ
ਹਾਲਾਂਕਿ ਇਸ ਗੋਲੀਬਾਰੀ ’ਚ ਕੋਈ ਪੁਲਿਸ ਮੁਲਾਜਮ ਜਖਮੀ ਨਹੀਂ ਹੋਇਆ ਪ੍ਰੰਤੂ ਦੋਨੋਂ ਬਦਮਾਸ਼ ਮੋੜਵੀਂ ਕਾਰਵਾਈ ਵਿਚ ਜਖਮੀ ਹੋ ਗਏ। ਇੰਨ੍ਹਾਂ ਦੀ ਵਿਪਲ ਪ੍ਰੀਤ ਅਤੇ ਕਰਨ ਉਰਫ਼ ਆਸ਼ੂ ਦੇ ਤੌਰ ‘ਤੇ ਹੋਈ ਹੈ, ਜਿਹੜੇ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੋਨਾਂ ਕੋਲਂੋ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਬੀ ਜੁਬਾਨ ਵਿਚ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਅਰਸ਼ ਡੱਲਾ ਵੱਲੋਂ ਫਰੀਦਕੋਟ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਪਾਵਰ ਕੌਮ ਦੇ ਅਧਿਕਾਰੀ ਨੂੰ ਫੋਨ ਕਰਕੇ ਫਰੌਤੀ ਮੰਗੀ ਗਈ ਸੀ ਪਰੰਤੂ ਉਸਦੇ ਵੱਲੋਂ ਫਰੌਤੀ ਨਾ ਦੇਣ ਕਾਰਨ ਅੱਜ ਉਕਤ ਗੈਂਗਸਟਰ ਦੇ ਸਾਥੀ ਉਸ ਨੂੰ ਡਰਾਉਣ ਦੇ ਲਈ ਕਾਰਵਾਈ ਕਰਨ ਲਈ ਆਏ ਹੋਏ ਸਨ ਪ੍ਰੰਤੂ ਉਸ ਤੋਂ ਪਹਿਲਾਂ ਹੀ ਇਹ ਪੁਲਿਸ ਦੇ ਅੜੀਕੇ ਆ ਗਏ। ਇਹ ਵੀ ਪਤਾ ਚੱਲਿਆ ਹੈ ਕਿ ਇਹਨਾਂ ਬਦਮਾਸ਼ਾਂ ਦੇ ਵੱਲੋਂ ਹੀ ਲੰਘੀ 31 ਮਾਰਚ ਨੂੰ ਜਲੰਧਰ ਦੇ ਇੱਕ ਗਾਇਕ ਦੇ ਘਰ ਅੱਗੇ ਵੀ ਫਾਇਰਿੰਗ ਕੀਤੀ ਗਈ ਸੀ।