ਸਿਪਾਹੀ ਤੇ ਉਸ ਦਾ ਸਾਥੀ ਗ੍ਰਿਫ਼ਤਾਰ, ਹੋਮ ਗਾਰਡ ਵਾਲੰਟੀਅਰ ਦੀ ਭਾਲ ਜਾਰੀ
ਫਿਰੋਜ਼ਪੁਰ, 14 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਗਈ ਜ਼ੀਰੋ-ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਅਬੋਹਰ ਸ਼ਹਿਰ ਜ਼ਿਲ੍ਹਾ ਫਾਜ਼ਿਲਕਾ ਵਿਖੇ ਤਾਇਨਾਤ ਸਿਪਾਹੀ ਰਜਿੰਦਰ ਕੁਮਾਰ (ਨੰਬਰ 1293/ਫਾਜ਼ਿਲਕਾ), ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਦੇ ਵਲੰਟੀਅਰ ਰਵੀ ਕੁਮਾਰ (ਨੰ. 7064/ਡੀ) 6ਵੀਂ ਬਟਾਲੀਅਨ ਅਤੇ ਉਨ੍ਹਾਂ ਦੇ ਸਾਥੀ ਸਾਗਰ ਵਰਮਾ ਵਾਸੀ ਪਿੰਡ ਡੰਗਰ ਖੇੜਾ ਫਾਜ਼ਿਲਕਾ ਵਿਰੁੱਧ 25,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਸਿਪਾਹੀ ਰਜਿੰਦਰ ਕੁਮਾਰ ਅਤੇ ਉਸਦੇ ਸਾਥੀ ਸਾਗਰ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਿਊਰੋ ਦੀਆਂ ਟੀਮਾਂ ਵੱਲੋਂ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ ਕੇਂਦਰ, ਫ਼ੈਸਲਾ ਵਾਪਸ ਲਵੇ ਅਤੇ ਚੰਡੀਗੜ੍ਹ ਪੰਜਾਬ ਨੂੰ ਸੌਂਪੇ-ਆਪ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਵਿਚੋਲੇ ਖਿਲਾਫ਼ ਇਹ ਮੁਕੱਦਮਾ ਵਿਜੇ ਕੁਮਾਰ ਵਾਸੀ ਢਾਣੀ ਕਰਨੈਲ ਸਿੰਘ, ਤਹਿਸੀਲ ਅਬੋਹਰ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਉਕਤ ਮੁਲਾਜ਼ਮਾਂ ਨੇ ਪਿੰਡ ਨਿਹਾਲ ਖੇੜਾ ਦੇ ਜੈਦੇਵ ਨਾਮੀ ਇੱਕ ਮੁਲਜ਼ਮ ਨੂੰ ਛੁਡਾਉਣ ਲਈ 2,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਜੋ ਸ਼ਿਕਾਇਤਕਰਤਾ ਦਾ ਜਾਣਕਾਰ ਸੀ ਅਤੇ ਉਸ ਉੱਪਰ ਨਸ਼ੀਲੇ ਪਦਾਰਥਾਂ ਸਬੰਧੀ ਕੇਸ ਦਰਜ ਸੀ। ਬਾਅਦ ਵਿੱਚ ਇਸ ਮੰਤਵ ਲਈ ਉਕਤ ਸਿਪਾਹੀ ਅਤੇ ਹੋਮ ਗਾਰਡ ਵਲੰਟੀਅਰ 1,20,000 ਰੁਪਏ ਰਿਸ਼ਵਤ ਲੈਣ ਲਈ ਮੰਨ ਗਏ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮੁਲਜ਼ਮ ਹੋਮਗਾਰਡ ਨੇ ਇਸ ਕੇਸ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਕੋਲੋਂ 25,000 ਰੁਪਏ ਲਏ ਸਨ।
ਇਹ ਵੀ ਪੜ੍ਹੋ ਬਠਿੰਡਾ ’ਚ ਨਵੇਂ ਚੁਣੇ ਗਏ ਪੰਚਾਂ ਦਾ ਸਹੁੰ ਚੁੱਕ ਸਮਾਗਮ 19 ਨੂੰ, ਹਰਪਾਲ ਸਿੰਘ ਚੀਮਾ ਹੋਣਗੇ ਮੁੱਖ ਮਹਿਮਾਨ
ਸ਼ਿਕਾਇਤਕਰਤਾ ਨੇ ਇਸ ਸਬੰਧੀ ਉਕਤ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਸਾਥੀ ਨਾਲ ਕੀਤੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ।ਬੁਲਾਰੇ ਨੇ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸ਼ਿਕਾਇਤਕਰਤਾ ਵੱਲੋਂ ਦਰਜ ਰਿਕਾਰਡਿੰਗਾਂ ਦੀ ਪੁਸ਼ਟੀ ਤੋਂ ਸਾਬਤ ਹੋਇਆ ਕਿ ਉਕਤ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਰਿਸ਼ਵਤ ਪ੍ਰਾਪਤ ਕੀਤੀ ਸੀ। ਇਸ ਨਾਲ ਇਹ ਸਾਬਤ ਹੋ ਗਿਆ ਕਿ ਰਿਸ਼ਵਤ ਦੀ ਰਕਮ ਮੰਗਣ ਅਤੇ ਲੈਣ ਵਿੱਚ ਉਕਤ ਦੋਵੇਂ ਮੁਲਾਜ਼ਮ ਅਤੇ ਉਨ੍ਹਾਂ ਦਾ ਵਿਚੋਲਾ ਆਪਸ ਵਿੱਚ ਮਿਲੇ ਹੋਏ ਸਨ। ਇਸ ਰਿਪੋਰਟ ਦੇ ਆਧਾਰ ’ਤੇ ਉਪਰੋਕਤ ਤਿੰਨਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਤੀਜੇ ਮੁਲਜ਼ਮ ਹੋਮਗਾਰਡ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।
Share the post "25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਹੋਮ ਗਾਰਡ ਦੇ ਵਲੰਟੀਅਰ ਤੇ ਸਿਪਾਹੀ ਸਹਿਤ ਤਿੰਨ ਵਿਰੁੱਧ ਵਿਜੀਲੈਂਸ ਵੱਲੋਂ ਕੇਸ ਦਰਜ"