ਹੁਸ਼ਿਆਰਪੁਰ, 20 ਅਪ੍ਰੈਲ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੂਜੀਆਂ ਪਾਰਟੀਆਂ ਦੇ ਘਰਾਂ ’ਚ ਸੰਨਮਾਰੀ ਕਰਕੇ ਉਨ੍ਹਾਂ ਨੂੰ ਵੱਡਾ ਸਿਆਸੀ ਝਟਕਾ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਹੁਣ ਅਪਣੇ ਘਰ ਨੂੰ ਬਚਾਉਣ ਲਈ ਜੁਟ ਗਈ ਹੈ। ਇਸੇ ਕੜੀ ਤਹਿਤ ਸ਼ਨੀਵਾਰ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜ ਗਏ। ਲੰਚ ਉਪਰ ਕਰੀਬ ਢਾਈ ਘੰਟੇ ਉਨ੍ਹਾਂ ਵਿਚਕਾਰ ਚੱਲੀ ਮੀਟਿੰਗ ਤੋਂ ਬਾਅਦ ਸੁਨੀਲ ਜਾਖ਼ੜ ਨੇ ਦਾਅਵਾ ਕੀਤਾ ਕਿ ਸ਼੍ਰੀ ਸਾਂਪਲਾ ਪਾਰਟੀ ਨਾਲ ਡਟੇ ਰਹਿਣਗੇ ਤੇ ਪਾਰਟੀ ਹਾਈਕਮਾਂਡ ਉਨਾਂ ਦਾ ਸਨਮਾਨ ਕਰਦੀ ਹੈ। ਸ਼੍ਰੀ ਜਾਖੜ ਦੇ ਨਾਲ ਇਸ ਸਮੇਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਵਿਨੀਤ ਜੋਸ਼ੀ ਵੀ ਮੌਜੂਦ ਰਹੇ।
ਚੌਧਰੀ ਪ੍ਰਵਾਰ ’ਤੇ ਚੰਨੀ ਦਾ ਵੱਡਾ ਤੰਜ਼, ਕਿਹਾ ਚੌਧਰੀ ਸਾਹਿਬ ਕਾਂਗਰਸ ਦੀ ਯਾਤਰਾ ’ਚ ਨਹੀਂ ਹੁਣ ਮਰੇ ਹਨ
ਸੂਤਰਾਂ ਮੁਤਾਬਕ ਵਿਜੇ ਸਾਂਪਲਾ ਨੂੰ ਅਪੀਲ ਕੀਤੀ ਗਈ ਕਿ ਉਹ ਰੋਸ਼ਾ ਛੱਡ ਕੇ ਮੋਦੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਬਣਨ ਬਣਾਉਣ ਵਿਚ ਅਪਣਾ ਯੋਗਦਾਨ ਪਾਉਣ। ਹਾਲਾਂਕਿ ਸ਼੍ਰੀ ਸਾਂਪਲਾ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਪ੍ਰੰਤੂ ਭਾਜਪਾ ਦੇ ਉੱਚ ਸੂਤਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਾਰਟੀ ਲਈ ਕੰਮ ਕਰਨ ਦਾ ਵਿਸਵਾਸ ਦਿਵਾਇਆ ਹੈ। ਦਸਣਾ ਬਣਦਾ ਹੈ ਕਿ ਵਿਜੇ ਸਾਂਪਲਾ ਪਿਛਲੇ ਕੁੱਝ ਦਿਨਾਂ ਤੋਂ ਟਿਕਟ ਨਾ ਮਿਲਣ ਕਾਰਨ ਨਰਾਜ਼ ਦਿਖ਼ਾਈ ਦੇ ਰਹੇ ਹਨ। ਹਾਲਾਂਕਿ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਉਨ੍ਹਾਂ ਨੂੰ ਦਿੱਲੀ ਸੱਦ ਕੇ ਸਰਕਾਰ ਬਣਨ ਤੋਂ ਬਾਅਦ ਬਣਦਾ ਮਾਣ-ਸਨਮਾਣ ਦੇਣ ਦਾ ਭਰੋਸਾ ਦਿਵਾਇਆ ਸੀ ਪ੍ਰੰਤੂ ਇਸਦੇ ਬਾਵਜੂਦ ਉਨ੍ਹਾਂ ਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗਾਂ ਦੀ ਗੱਲਬਾਤ ਸਾਹਮਣੇ ਆ ਰਹੀ ਸੀ।