ਨਵੀਂ ਦਿੱਲੀ, 24 ਅਗਸਤ: ਪੈਰਿਸ ਓਲੰਪਿਕ ’ਚ 100 ਗ੍ਰਾਂਮ ਭਾਰ ਵਧਣ ਕਾਰਨ ਮੈਡਲ ਤੋਂ ਵਾਂਝੀ ਰਹੀ ਪਹਿਲਵਾਨ ਵਿਨੇਸ਼ ਫ਼ੋਗਟ ਦੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਹੋਈ ਮਿਲਣੀ ਦੀਆਂ ਸਿਆਸੀ ਹਲਕਿਆਂ ’ਚ ਚਰਚਾਵਾਂ ਹਨ। ਬੀਤੀ ਸ਼ਾਮ ਵਿਨੇਸ਼ ਆਪਣੇ ਪਤੀ ਸੋਮਵੀਰ ਸਿੰਘ ਦੇ ਨਾਲ ਦਿੱਲੀ ਸਥਿਤੀ ਸ਼੍ਰੀ ਹੁੱਡਾ ਦੇ ਨਿਵਾਸ ਸਥਾਨ ‘ਤੇ ਪੁੱਜੀ, ਜਿੱਥੇ ਹੁੱਡਾ ਪ੍ਰਵਾਰ ਦੇ ਵੱਲੋਂ ਇਸ ਕੌਮਾਂਤਰੀ ਪਹਿਲਵਾਨ ਤੇ ਹਰਿਆਣਾ ਦੀ ਧੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸਤੋਂ ਪਹਿਲਾਂ ਜਦ ਵਿਨੇਸ਼ ਫ਼ੋਗਟ ਵਾਪਸ ਇੰਡੀਆ ਪਰਤੀ ਸੀ ਤਾਂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੈਕੇ ਹਰਿਆਣਾ ਤੱਕ ਸਾਬਕਾ ਮੁੱਖ ਮੰਤਰੀ ਦੇ ਪੁੱਤਰ ’ਤੇ ਰੋਹਤਕ ਤੋਂ ਐਮ.ਪੀ ਦਪਿੰਦਰ ਹੁੱਡਾ ਨਾਲ ਰਹੇ ਸਨ। ਹਾਲਾਂਕਿ ਉਸ ਮੌਕੇ ਕੋਈ ਹੋਰ ਸਿਆਸੀ ਆਗੂ ਹਾਜ਼ਰ ਨਹੀਂ ਸਨ।
ਆਪ ਵਿਧਾਇਕ ਨੇ ਆਪਣੇ ਹੱਥੀ ਰੱਖੇ ਨੀਂਹ ਪੱਥਰ ਨੂੰ ਤੋੜਿਆ
ਉਂਝ ਵੀ ਹਰਿਆਣਾ ਵਿਚ ਪਿਛਲੇ ਕਈ ਦਿਨਾਂ ਤੋਂ ਵਿਨੇਸ਼ ਫ਼ੋਗਟ ਦੇ ਕਾਂਗਰਸ ਵਿਚ ਸ਼ਾਮਲ ਹੋਣ ਅਤੇ ਅਪਣੀ ਚਚੇਰੀ ਭੈਣ ਬਬੀਤਾ ਫ਼ੋਗਟ ਵਿਰੁਧ ਚੋਣ ਮੈਦਾਨ ਵਿਚ ਉਤਰਨ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਫ਼ੋਗਟ ਭਾਜਪਾ ਵਿਚ ਹੈ ਤੇ ਪਾਰਟੀ ਵੱਲੋਂ ਉਸਨੂੰ ਟਿਕਟ ਦਿੱਤੇ ਜਾਣ ਦੀ ਪੂਰੀ ਉਮੀਦ ਹੈ। ਉਧਰ ਵਿਨੇਸ ਦੇ ਆਪਣੇ ਘਰ ਮਿਲਣੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਉਹ ਹਰਿਆਣਾ ਦੀ ਅਜਿਹੀ ਮਾਣਮੱਤੀ ਧੀ ਹੈ, ਜਿਸਦੇ ਪੂਰੇ ਸੂਬੇ ਅਤੇ ਦੇਸ਼ ਦਾ ਨਾਂ ਕੌਮਾਂਤਰੀ ਪੱਧਰ ‘ਤੇ ਉੱਚ ਚੁੱਕਿਆ ਹੈ। ਜਿਸਦੇ ਚੱਲਦੇ ਉਸਦਾ ਸਵਾਗਤ ਕਰਨਾ ਹਰ ਦੇਸ ਵਾਸੀ ਦਾ ਫ਼ਰਜ ਹੈ। ’’ ਉਨ੍ਹਾਂ ਵਿਨੇਸ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਮੰਗ ਕੀਤੀ ਹੈ ਕਿ ਉਸਨੂੰ ਰਾਜ ਸਭਾ ਵਿਚ ਭੇਜਿਆ ਜਾਵੇ।
ਹੁੱਡਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਨੂੰ ਵਿਧਾਨ ਸਭਾ ਵਿਚ ਉਹ ਨੰਬਰ ਹਾਸਲ ਨਹੀਂ ਹਨ, ਜਿਸਦੇ ਨਾਲ ਉਹ ਇਸ ਪਹਿਲਵਾਨ ਧੀ ਨੂੰ ਰਾਜ਼ ਸਭਾ ਭੇਜ ਸਕਦੇ, ਜਿਸਦ ਚੱਲਦੇ ਹੁਣ ਭਾਜਪਾ ਦਾ ਫ਼ਰਜ ਹੈ ਕਿ ਉਹ ਇਸਨੂੰ ਰਾਜ ਸਭਾ ਵਿਚ ਭੇਜੇ ਤੇ ਕਾਂਗਰਸ ਇਸਦਾ ਸਮਰਥਨ ਕਰੇਗੀ। ਸ਼੍ਰੀ ਹੁੱਡਾ ਨੇ ਵਿਨੇਸ਼ ਫ਼ੋਗਟ ਦੇ ਕਾਂਗਰਸ ਵਿਚ ਆਉਣ ਦੀ ਸੰਭਾਵਨਾ ਨੂੰ ਸਮੇਂ ਤੋਂ ਪਹਿਲਾਂ ਦੀ ਗੱਲ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕੁੱਝ ਨਹੀਂ ਪ੍ਰੰਤੂ ਜੇਕਰ ਕੋਈ ਕਾਂਗਰਸ ਵਿਚ ਆਉਣਾ ਚਾਹੁੰਦਾ ਹੈ ਤਾਂ ਉਹ ਹਰ ਇੱਕ ਦਾ ਸਵਾਗਤ ਕਰਨਗੇ। ਜਿਕਰਯੋਗ ਹੈ ਕਿ ਵਿਨੇਸ਼ ਫ਼ੋਗਟ ਅਤੇ ਹੋਰਨਾਂ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਸ਼ਭਾਨ ਵਿਰੁਧ ਗੰਭੀਰ ਦੋਸ਼ ਲਗਾ ਕੇ ਮੋਰਚਾ ਖੋਲਿਆ ਸੀ, ਜਿਸ ਕਾਰਨ ਉਹ ਕਾਫ਼ੀ ਚਰਚਾ ਵਿਚ ਰਹੀ ਸੀ।
Share the post "ਪਹਿਲਵਾਨ ਵਿਨੇਸ਼ ਫ਼ੋਗਟ ਦੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨਾਲ ਮਿਲਣੀ ਦੀ ਸਿਆਸੀ ਹਲਕਿਆਂ ’ਚ ਚਰਚਾ!"