ਸੂਬੇ ‘ਚੋਂ ਨਸ਼ਿਆਂ ਦਾ ਕੋਹੜ ਜੜ੍ਹ ਤੋਂ ਖ਼ਤਮ ਕਰਨ ਤੱਕ ਜੰਗ ਜਾਰੀ ਰਹੇਗੀ
ਕੈਬਨਿਟ ਮੰਤਰੀ ਅਰੋੜਾ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਕਾਰਗੁਜ਼ਾਰੀ ਦੀ ਸਮੀਖਿਆ
Patiala News:ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੂਬੇ ’ਚ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਫ਼ੈਸਲਾਕੁਨ ਜੰਗ ’ਚ ਜ਼ਮੀਨੀ ਪੱਧਰ ਦੇ ਪ੍ਰਸ਼ਾਸਨ ਦੇ ਮਜ਼ਬੂਤ ਥੰਮ ਕੌਂਸਲਰ, ਸਰਪੰਚ ਅਤੇ ਨੰਬਰਦਾਰਾਂ ਨੂੰ ਪਾਰਟੀਬਾਜ਼ੀ ਤੇ ਨਿੱਜੀ ਸਾਂਝ ਤੋਂ ਉਪਰ ਉੱਠ ਕੇ ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਉਣ ਦੀ ਅਪੀਲ ਕੀਤੀ ਹੈ। ਸਥਾਨਕ ਆਗੂਆਂ ਦੀ ਭੂਮਿਕਾ ਨੂੰ ਅਤਿ ਮਹੱਤਵਪੂਰਨ ਕਰਾਰ ਦਿੰਦਿਆਂ ਉਨ੍ਹਾਂ ਨੇ ਸਰਪੰਚਾਂ, ਕੌਂਸਲਰਾਂ ਅਤੇ ਨੰਬਰਦਾਰਾਂ ਨੂੰ ਕਿਹਾ ਕਿ ਉਹ ਨਸ਼ਾ ਤਸਕਰਾਂ ਦੀ ਕਿਸੇ ਵੀ ਤਰੀਕੇ ਨਾਲ ਕੋਈ ਮਦਦ ਨਾ ਕਰਨ, ਜੋ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਜ਼ਹਿਰੀਲੀ ਦਲਦਲ ਵਿੱਚ ਧੱਕ ਰਹੇ ਹਨ।ਪਟਿਆਲਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਮੇਤ ਸਥਾਨਕ ਲੀਡਰਸ਼ਿਪ ਦੀ ਹਾਜ਼ਰੀ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਅੱਜ ਉਹ ਪਟਿਆਲਾ ਸਮੇਤ ਕਪੂਰਥਲਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਜਾਇਜ਼ਾ ਲੈ ਰਹੇ ਹਨ।
ਅਰੋੜਾ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਹੁਣ ਇਕ ਲੋਕ ਲਹਿਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮੁਹਿੰਮ ਨੂੰ ਦਿੱਤੇ ਸਹਿਯੋਗ ਸਦਕਾ ਪਿਛਲੇ 16 ਦਿਨਾਂ ਅੰਦਰ ਸੂਬੇ ਭਰ ਵਿੱਚ ਵੱਡੀ ਗਿਣਤੀ ਨਸ਼ਾ ਤਸਕਰ ਜੇਲ੍ਹਾਂ ਵਿੱਚ ਪਹੁੰਚਾਏ ਗਏ ਹਨ ਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖ਼ਾਤਮੇ ਲਈ ਦੋ ਪੱਖੀ ਰਣਨੀਤੀ ਅਪਣਾਈ ਹੈ, ਜਿਸ ਤਹਿਤ ਇੱਕ ਪਾਸੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਨਸ਼ਾ ਪੀੜਤਾਂ ਦਾ ਮੁੜ ਵਸੇਬਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਨਸ਼ਾ ਛੱਡਣ ਵਾਲਿਆਂ ਨੂੰ ਕਿੱਤਾ ਮੁਖੀ ਕੋਰਸ ਕਰਵਾਏ ਜਾ ਰਹੇ ਹਨ, ਤਾਂ ਜੋ ਉਹ ਠੀਕ ਹੋਣ ਤੋਂ ਬਾਅਦ ਆਪਣੀ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।ਅਮਨ ਅਰੋੜਾ ਨੇ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਅਹੁਦੇ ‘ਤੇ ਹੋਵੇ ਜਾਂ ਕਿਸੇ ਰਾਜਨੀਤਿਕ ਧਿਰ ਨਾਲ ਸਬੰਧ ਰੱਖਦਾ ਹੋਵੇ।ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੇ ਕਾਂਗਰਸ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਪੰਜਾਬ ‘ਚ ਸਿਆਸੀ ਲੋਕਾਂ ਦਾ ਤੇ ਨਸ਼ਾ ਤਸਕਰਾਂ ਦਾ ਗੱਠਜੋੜ ਬਣਿਆ ਹੋਇਆ ਸੀ, ਜਿਨ੍ਹਾਂ ਪੰਜਾਬ ਤੇ ਖ਼ਾਸ ਤੌਰ ‘ਤੇ ਪੰਜਾਬ ਦੀ ਨੌਜਵਾਨੀ ਦਾ ਵੱਡਾ ਨੁਕਸਾਨ ਕੀਤਾ।
ਇਹ ਵੀ ਪੜ੍ਹੋ ਪੰਜਾਬ ‘ਚ ਤੜਕਸਾਰ ਇੱਕ ਹੋਰ ਮੁਕਾਬਲਾ, ਗੈਂਗਸਟਰ ਗੋਪੀ ਲਾਹੌਰੀਆ ਦਾ ਗੁਰਗਾ ਕਾਬੂ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਇਸ ਨੈਕਸਸ ਨੂੰ ਖ਼ਤਮ ਕਰਦੀ ਆ ਰਹੀ ਹੈ, ਤੇ ਹੁਣ ਇਹ ਆਖ਼ਰੀ ਵਾਰ ਹੋਵੇਗਾ, ਜਦੋਂ ਇਹ ਕਾਲਾ ਦੌਰ ਖ਼ਤਮ ਹੋਵੇਗਾ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਓਟ ਕਲੀਨਿਕਾਂ ਵਿੱਚ ਮਰੀਜ਼ਾਂ ਦਾ 25 ਫ਼ੀਸਦੀ ਤੋਂ ਵੱਧ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਾਰੇ ਨਸ਼ਾ ਛਡਾਊ ਕੇਂਦਰਾਂ ਤੇ ਓਟ ਕਲੀਨਿਕਾਂ ਦੀ ਸਮੇਂ ਸਮੇਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ।ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਿਛਲੇ 16 ਦਿਨਾਂ ਅੰਦਰ ਪੁਲਿਸ ਵੱਲੋਂ 28 ਕਾਸੋ ਅਪ੍ਰੇਸ਼ਨ ਚਲਾਏ ਗਏ ਹਨ ਤੇ 85 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 60 ਐਫ.ਆਈ.ਆਰਜ਼ ਦਰਜ਼ ਕੀਤੀਆਂ ਗਈਆਂ ਹਨ। ਇਸ ਦੌਰਾਨ ਵੱਡੀ ਮਾਤਰਾਂ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।ਮੀਟਿੰਗ ‘ਚ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਮੇਅਰ ਕੁੰਦਨ ਗੋਗੀਆ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਯੁੱਧ ਨਸ਼ਿਆਂ ਵਿਰੁੱਧ: ਅਮਨ ਅਰੋੜਾ ਵੱਲੋਂ ਕੌਂਸਲਰਾਂ, ਸਰਪੰਚਾਂ ਤੇ ਨੰਬਰਦਾਰਾਂ ਨੂੰ ਨਸ਼ਾ ਤਸਕਰਾਂ ਨਾਲ ਬਿਲਕੁਲ ਲਿਹਾਜ਼ ਨਾ ਵਰਤਣ ਦਾ ਸੱਦਾ"