ਮਲੂਕਾ ਵਲੋਂ ਸਮਰਥਕਾਂ ਰਾਹੀ ਬਾਦਲ ਪ੍ਰਵਾਰ ’ਤੇ ਦਬਾਅ ਦੀ ਨੀਤੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 30 ਅਸਗਤ -ਬਸਪਾ ਨਾਲ ਗਠਜੋੜ ਤੋਂ ਬਾਅਦ ਸਿਆਸੀ ਤੌਰ ’ਤੇ ਅੱਗੇ ਵਧ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਰਾਮਪੁਰਾ ਫ਼ੂਲ ਹਲਕੇ ਤੋਂ ਚੋਣ ਲੜਣ ਤੋਂ ਕੀਤੀ ਨਾਂਹ ਦਾ ਮੁੱਦਾ ਭਲਕੇ ਹੋ ਰਹੀ ਕੋਰ ਕਮੇਟੀ ਦੀ ਮੀਟਿੰਗ ਵਿਚ ਉਠ ਸਕਦਾ ਹੈ। ਪਾਰਟੀ ਦੇ ਉਚ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਬੀਤੇ ਕੱਲ ਸ: ਮਲੂਕਾ ਵਲੋਂ ਲਏ ਸਖ਼ਤ ਸਟੈਂਡ ਤੋਂ ਬਾਅਦ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਜਿਸਦੇ ਚੱਲਦੇ ਕੋਰ ਕਮੇਟੀ, ਜਿਸਦੇ ਖ਼ੁਦ ਸਾਬਕਾ ਮੰਤਰੀ ਸ: ਮਲੂਕਾ ਵੀ ਮੈਂਬਰ ਹਨ, ਇਸ ਮਾਮਲੇ ਵਿਚ ਚਰਚਾ ਕਰ ਸਕਦੀ ਹੈ। ਸੂਤਰਾਂ ਨੇ ਤਾਂ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਦੀ ਮੋੜ ਹਲਕੇ ਤੋਂ ਉਮੀਦਵਾਰੀ ਦੇ ਐਲਾਨ ਉਪਰ ਮੋਹਰ ਲਗਾਈ ਜਾ ਸਕਦੀ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਜਾਰੀ ਬਿਆਨਾਂ ਵਿਚ ਸ: ਮਲੂਕਾ ਨੇ ਸੁਖਬੀਰ ਸਿੰਘ ਬਾਦਲ ਵਲੋਂ ਉਮੀਦਵਾਰਾਂ ਦੇ ਕੀਤੇ ਜਾ ਰਹੇ ਐਲਾਨ ਦੇ ਮਾਮਲੇ ਵਿਚ ਵੀ ਅਸਿੱਧੇ ਢੰਗ ਨਾਲ ਉਗਲ ਚੁੱਕਦਿਆਂ ਅਪਣੇ ਨਾਲ ਉਮੀਦਵਾਰੀ ਦੇ ਐਲਾਨ ਸਬੰਧੀ ਕੋਈ ਮਸ਼ਵਰਾ ਜਾਂ ਜਾਣਕਾਰੀ ਨਾ ਦੇਣ ਦਾ ਦਾਅਵਾ ਕੀਤਾ ਸੀ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸ: ਮਲੂਕਾ ਸਹਿਤ ਅਕਾਲੀ ਦਲ ਦੇ ਕੁੱਝ ਹੋਰ ਆਗੂ ਵੀ ਪਾਰਟੀ ਪ੍ਰਧਾਨ ਵਲੋਂ ਉਮੀਦਵਾਰਾਂ ਦੇ ਕੀਤੇ ਜਾ ਰਹੇ ਐਲਾਨਾਂ ਦੇ ਢੰਗ ਤਰੀਕਿਆਂ ’ਤੇ ਇਤਰਾਜ ਕਰ ਰਹੇ ਹਨ। ਉਧਰ ਮੋੜ ਹਲਕੇ ਤੋਂ ਚੋਣ ਲੜਣ ਲਈ ਬਜਿੱਦ ਸਿਕੰਦਰ ਸਿੰਘ ਮਲੂਕਾ ਵਲੋਂ ਅਪਣੇ ਸਮਰਥਕਾਂ ਰਾਹੀਂ ਹਾਈਕਮਾਂਡ ’ਤੇ ਦਬਾਅ ਪਾਉਣ ਦੀ ਨੀਤੀ ਜਾਰੀ ਹੈ। ਬੀਤੇ ਕੱਲ ਖ਼ੁਦ ਸ: ਮਲੂਕਾ ਵਲੋਂ ਜਿੱਥੇ ਮੋੜ ਹਲਕੇ ’ਚ ਅਪਣੇ ਸਮਰਥਕਾਂ ਦਾ ਭਾਰੀ ਇਕੱਠ ਕੀਤਾ ਗਿਆ ਸੀ ਉਥੇ ਅੱਜ ਉਨ੍ਹਾਂ ਦੇ ਸਮਰਥਨ ਵਿਚ ਅਹੁਦੇਦਾਰਾਂ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਸ: ਮਲੂਕਾ ਨੂੰ ਮੌੜ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਮੰਗ ਕਰਦਿਆਂ ਅਸਿੱਧੇ ਢੰਗ ਨਾਲ ਹਾਈਕਮਾਂਡ ਨੂੰ ਮਿੱਠੀ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਜੇਕਰ ਪਾਰਟੀ ਹਾਈ ਕਮਾਨ ਨੇ ਹਲਕਾ ਮੌੜ ਦੀ ਜਥੇਬੰਦੀ ਦੀਆਂ ਭਾਵਨਾਂ ਨੂੰ ਅਣਗੌਲਿਆਂ ਕੀਤਾ ਅਤੇ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਦਿੱਤੀ ਤਾਂ ਅਜਿਹੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਘਰਾਂ ਵਿੱਚ ਬੈਠਣ ਲਈ ਵੀ ਮਜਬੂਰ ਹੋ ਸਕਦੇ ਹਨ। ਇੱਥੇ ਜਾਰੀ ਬਿਆਨ ਵਿਚ ਅਕਾਲੀ ਦਲ ਦੇ ਅਹੁੱਦੇਦਾਰਾਂ ਜਥੇਦਾਰ ਸਾਧੂ ਸਿੰਘ ਕੋਟਲੀ ,ਸਰਕਲ ਪ੍ਰਧਾਨ ਸੁਖਦੇਵ ਸਿੰਘ ਮਾਈਸਰਖਾਨਾ, ਸਰਕਲ ਪ੍ਰਧਾਨ ਕੁਲਵੰਤ ਸਿੰਘ ਗਿੱਲ ਕਲਾਂ, ਸਰਕਲ ਪ੍ਰਧਾਨ ਕੁਲਦੀਪ ਸਿੰਘ ਬੁਰਜ, ਸਰਕਲ ਪ੍ਰਧਾਨ ਜਸਵੀਰ ਸਿੰਘ ਬਦਿਆਲਾ, ਸਰਦਲ ਪ੍ਰਧਾਨ ਬਲਵੀਰ ਸਿੰਘ ਭੂੰਦੜ, ਸਾਬਕਾ ਪ੍ਰਧਾਨ ਬਲਵੀਰ ਸਿੰਘ ਚਾਉਕੇ, ਸੁਖਜਿੰਦਰ ਪੰਮਾ ਬਾਲਿਆਂਵਾਲੀ, ਸੀਨੀਅਰ ਮੀਤ ਪ੍ਰਧਾਨ ਯੂਥ ਜਗਸੀਰ ਸਿੰਘ ਬੁਰਜ ,ਸੰਯੁਕਤ ਸਕੱਤਰ ਗੁਰਜੰਟ ਸਿੰਘ ਪਿੱਥੋ, ਸੰਯੁਕਤ ਸਕੱਤਰ ਯੂਥ ਨਵਦੀਪ ਸਿੰਘ ਭਾਈ ਬਖਤੌਰ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸੰਦੀਪ ਸਿੰਘ ਬਾਠ ਤੋਂ ਇਲਾਵਾ ਦਰਜ਼ਨਾਂ ਹੋਰ ਆਗੂਆਂ ਨੇ ਕਿਹਾ ਕਿ ਮਲੂਕਾ ਦੀ ਅਗਵਾਈ ਵਿਚ ਹਲਕਾ ਮੌੜ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ, ਜਿਸਦੇ ਚੱਲਦੇ ਪਾਰਟੀ ਉਨ੍ਹਾਂ ਨੂੰ ਜਲਦ ਤੋਂ ਜਲਦ ਉਮੀਦਵਾਰ ਐਲਾਨੇ।
ਰੋਲਾ ਵਿਧਾਇਕੀ ਦਾ ਨਹੀਂ, ਮੰਤਰੀ ਦੇ ਅਹੁੱਦੇ ਦਾ ਵੀ!
ਬਠਿੰਡਾ: ਉਧਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ’ਤੇ ਡੂੰਘੀ ਨਜ਼ਰ ਰੱਖਣ ਵਾਲੇ ਮਾਹਰਾਂ ਨੇ ਇਸ ਵਿਵਾਦ ’ਤੇ ਟਿੱਪਣੀ ਕਰਦਿਆਂ ਦਾਅਵਾ ਕੀਤਾ ਹੈ ਕਿ ‘ਅਸਲ ਵਿਚ ਰੋਲਾ ਵਿਧਾਇਕੀ ਜਾਂ ਟਿਕਟ ਦਾ ਨਹੀਂ, ਬਲਕਿ ਮੰਤਰੀ ਦੇ ਅਹੁੱਦੇ ਦਾ ਵੀ ਹੈ, ਕਿਉਂਕਿ ਜੇਕਰ ਅਕਾਲੀ ਦਲ ਮੋੜ ਤੋਂ ਜਗਮੀਤ ਬਰਾੜ ਨੂੰ ਟਿਕਟ ਦਿੰਦਾ ਹੈ ਤਾਂ ਬਠਿੰਡਾ ਜ਼ਿਲ੍ਹੇ ਦੀਆਂ ਅੱਧੀ ਦਰਜ਼ਨ ਸੀਟਾਂ ਵਿਚੋਂ 3 ਉਮੀਦਵਾਰ ਅਕਾਲੀ ਸਰਕਾਰ ਬਣਨ ’ਤੇ ਵਜ਼ਾਰਤ ਦੇ ਦਾਅਵੇਦਾਰ ਹਨ। ’ਇੰਨ੍ਹਾਂ ਵਿਚੋਂ ਇੱਕ ਖ਼ੁਦ ਸਿਕੰਦਰ ਸਿੰਘ ਮਲੂਕਾ ਹਨ, ਜਿਹੜੇ ਪਹਿਲਾਂ ਵੀ ਵਜ਼ੀਰ ਰਹਿ ਚੁੱਕੇ ਹਨ ਤੇ ਦੂਜੇ ਤਲਵੰਡੀ ਸਾਬੋ ਹਲਕੇ ਤੋਂ ਸੱਤਵੀਂ ਵਾਰ ਚੋਣ ਲੜਣ ਜਾ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਵੀ ਜਿੱਤਣ ਦੀ ਸੂਰਤ ਵਿਚ ਮੰਤਰੀ ਦੇ ਅਹੁੱਦੇ ਦੇ ਵੱਡੇ ਦਾਅਵੇਦਾਰ ਹਨ, ਕਿਉਂਕਿ ਉਹ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸੇ ਤਰ੍ਹਾਂ ਸ: ਬਰਾੜ ਵੀ ਆਪਣੇ ਸਿਆਸੀ ਕੱਦ ਮੁਤਾਬਕ ਵੱਡੀ ਵਜ਼ਾਰਤ ਦੇ ਦਾਅਵੇਦਾਰ ਬਣ ਜਾਂਦੇ ਹਨ।
ਅਕਾਲੀ ਦਲ ਦੀ ਕੋਰ ਕਮੇਟੀ ਚ ਉੱਠੇਗਾ ਮਲੂਕਾ ਦੀ ਨਾਰਾਜ਼ਗੀ ਦਾ ਮਾਮਲਾ
18 Views