ਪਟਿਆਲਾ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀ ਭੁਗਤੀ ਪੇਸ਼ੀ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਭ੍ਰਿਸਟਾਚਾਰ ਦੇ ਮੁੱਦੇ ’ਚ ਲੰਘੀ 22 ਫ਼ਰਵਰੀ ਨੂੰ ਗ੍ਰਿਫਤਾਰ ਕੀਤੇ ਗਏ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੀ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ। ਗੈਂਗਸਟਰਾਂ ਤੋਂ ਖ਼ਤਰਾ ਹੋਣ ਦੇ ਚੱਲਦੇ ਪਟਿਆਲਾ ਜੇਲ੍ਹ ’ਚ ਬੰਦ ਵਿਧਾਇਕ ਵਲੋਂ ਅੱਜ ਵੀਡੀਓ ਕਾਨਫਰੰਸ ਰਾਹੀਂ ਬਠਿੰਡਾ ਦੇ ਵਧੀਕ ਸੈਸਨ ਰਾਮ ਕੁਮਾਰ ਗੋਇਲ ਦੀ ਅਦਾਲਤ ਵਿਚ ਪੇਸ਼ੀ ਭੁਗਤੀ ਗਈ। ਇਸ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਮੁੜ ਨਿਆਇਕ ਹਿਰਾਸਤ ਵਿਚ ਭੇਜਣ ਦਾ ਫੈਸਲਾ ਸੁਣਾਇਆ। ਜਦੋਂਕਿ ਵਿਧਾਇਕ ਦੇ ਪੀਏ ਰਿਸ਼ਮ ਗਰਗ ਪਹਿਲਾਂ ਹੀ ਨਿਆਂਇਦ ਹਿਰਾਸਤ ਤਹਿਤ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ। ਦੂਜੇ ਪਾਸੇ ਵਿਜੀਲੈਂਸ ਬਿਉਰੋ ਵਲੋਂ ਵਿਧਾਇਕ ਦੀ ਅਵਾਜ਼ ਦੇ ਨਮੂਨੇ ਲੈਣ ਲਈ ਅਦਾਲਤ ਦਾ ਰੁੱਖ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਜਲਦੀ ਹੀ ਅਦਾਲਤ ਕੋਲੋ ਵਿਧਾਇਕ ਦੀ ਅਵਾਜ਼ ਦੇ ਨਮੂਨੇ ਲੈਣ ਦੀ ਇਜ਼ਾਜਤ ਮਿਲ ਜਾਵੇਗੀ। ਦਸਣਾ ਬਣਦਾ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ 16 ਫ਼ਰਵਰੀ ਨੂੰ ਵਿਜੀਲੈਂਸ ਬਿਉਰੋ ਦੀ ਟੀਮ ਨੇ ਬਠਿੰਡਾ ਦੇ ਸਰਕਟ ਹਾਊਸ ਵਿਚ ਟਰੈਪ ਲਗਾ ਕੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕਾਕਾ ਤੋਂ ਪੰਚਾਇਤੀ ਗਰਾਂਟ ਨੂੰ ਜਾਰੀ ਕਰਵਾਉਣ ਬਦਲੇ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪ੍ਰਾਈਵੇਟ ਪੀਏ ਰਿਸਮ ਗਰਗ ਨੂੰ ਗ੍ਰਿਫਤਾਰ ਕੀਤਾ ਸੀ। ਇਸ ਗ੍ਰਿਫਤਾਰੀ ਮੌਕੇ ਸਰਕਟ ਹਾਊਸ ਵਿਚ ਵਿਧਾਇਕ ਵੀ ਮੌਜੂਦ ਸਨ। ਬਾਅਦ ਵਿਚ ਸਿਕਾਇਤਕਰਤਾ ਵਲੋਂ ਵਿਧਾਇਕ ਵਲੋਂ ਪੈਸੇ ਮੰਗੇ ਜਾਣ ਦੀ ਆਡੀਓ ਮੁਹੱਈਆਂ ਕਰਵਾਉਣ ਤੋਂ ਬਾਅਦ ਵਿਜੀਲੈਂਸ ਨੇ 21 ਫ਼ਰਵਰੀ ਨੂੰ ਅਮਿਤ ਰਤਨ ਨੂੰ ਵੀ ਇਸ ਕੇਸ ਵਿਚ ਨਾਮਜਦ ਕਰ ਲਿਆ ਸੀ। ਜਿਸਤੋਂ ਬਾਅਦ 22 ਫ਼ਰਵਰੀ ਦੀ ਰਾਤ ਨੂੰ ਸੰਭੂ ਬਾਰਡਰ ਨਜਦੀਕ ਗ੍ਰਿਫਤਾਰ ਕਰ ਲਿਆ ਸੀ।
ਅਦਾਲਤ ਨੇ ਵਿਧਾਇਕ ਅਮਿਤ ਰਤਨ ਨੂੰ ਮੁੜ ਭੇਜਿਆ ਜੇਲ੍ਹ
12 Views