ਆਪ’ ਸਰਕਾਰ ਆਪਣੇ ਅੱਠ ਮਹੀਨਿਆਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਅਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਚ ਬੁਰੀ ਤਰਾਂ ਅਸਫਲ ਰਹੀ ਹੈ।
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 19 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਸ ਨੇ ਕਿਸਾਨ ‘ਤੇ ਸੜਕਾਂ ਜਾਮ ਕਰ ਕੇ ਅਤੇ ਧਰਨੇ ਲਾ ਕੇ ਸਰਕਾਰ ਨੂੰ ਦਬਾਉਣ ਦਾ ਦੋਸ਼ ਲਾਇਆ, ‘ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਆਪਣੇ ਅੱਠ ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੀ ‘ਆਪ’ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਹੱਲ ਕਰਨ ਅਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਚ ਬੁਰੀ ਤਰਾਂ ਅਸਫਲ ਰਹੀ ਹੈ।ਬਾਜਵਾ ਨੇ ਕਿਹਾ ਕਿ ਕਿਸਾਨ ਧਰਨਾ ਇਸ ਲਈ ਕਰ ਰਹੇ ਹਨ ਕਿਉਂਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਹੱਲ ਨਾ ਕਰ ਕੇ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਕਿਸਾਨਾਂ ਦੀਆਂ ਹੱਕੀ ਮੰਗਾਂ ਜਿਵੇਂ ਐਮ. ਐਸ. ਪੀ. ਨੂੰ ਕਾਨੂੰਨੀ ਜਾਮਾ ਨਾ ਪਹਿਨਾਉਣਾ, ਕਿਸਾਨਾਂ ਵਿਰੁੱਧ ਦਰਜ ਕੇਸ ਰੱਦ ਨਾ ਕਰਨਾ, ਮੁਆਵਜ਼ਾ ਦੇਣ ਵਿੱਚ ਅਸਫਲਤਾ, ਪਰਾਲੀ ਪ੍ਰਬੰਧਨ ਲਈ ਨਕਦ ਪ੍ਰੋਤਸਾਹਨ ਨਾ ਦੇਣਾ , ਅਤੇ ਐਮ. ਐਸ. ਪੀ. ‘ਤੇ ਮੂੰਗੀ ਦੀ ਦਾਲ ਦੀ ਖ਼ਰੀਦ ਨਾ ਕਰਨਾ ਹਨ ਹਨ ਜਿਨ੍ਹਾਂ ਨੂੰ ਕਰਨ ਵਿੱਚ ਆਪ ਅਤੇ ਕੇਂਦਰ ਸਰਕਾਰ ਅਸਫਲ ਰਹੀਆਂ ਹਨ।”‘ਆਪ’ ਸਰਕਾਰ ਜਿਸ ਨੇ ਵੱਖ-ਵੱਖ ਮੌਕਿਆਂ ‘ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਉਹ ਧਰਨਾ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨੂੰ ਕਿਵੇਂ ਬਦਨਾਮ ਕਰ ਸਕਦੀ ਹੈ? ਧਰਨਾ ਦੇਣਾ ਕਿਸਾਨਾਂ ਦੀ ਮਰਜ਼ੀ ਨਹੀਂ ਹੈ। ਜਦੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਨ ਤਾਂ ਉਹ ਨਿਰਾਸ਼ਾ ਵਿੱਚ ਅਜਿਹਾ ਕਰ ਰਹੇ ਹਨ,” ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਕਿਹਾ। ਬਾਜਵਾ ਨੇ ਕਿਹਾ ਕਿ ਮਾਨ ਨੂੰ ਆਪਣੀਆਂ ਟਿੱਪਣੀਆਂ ‘ਤੇ ਵੀ ਸਫ਼ਾਈ ਦੇਣੀ ਚਾਹੀਦੀ ਹੈ ਕਿ ਕਿਸ ਤਰਾਂ ਕੁੱਝ ਕਿਸਾਨ ਜਥੇਬੰਦੀਆਂ ਪੈਸੇ ਦੇ ਲਿਹਾਜ਼ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਭਗਵੰਤ ਮਾਨ ਲਈ ਸਮਾਂ ਆ ਗਿਆ ਹੈ ਕਿ ਉਹ ਜਾਂ ਤਾਂ ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਨਾਮ ਜਨਤਕ ਕਰਨ ਜੋ ਪੈਸੇ ਦੇ ਲਾਭ ਲੈਣ ਲਈ ਇਹ ਰੋਸ ਮੁਜ਼ਾਹਰੇ ਕਰ ਰਹੀਆਂ ਹਨ ਜਾਂ ਫਿਰ ਅਜਿਹੀਆਂ ਬੇਬੁਨਿਆਦ ਟਿੱਪਣੀਆਂ ਵਾਪਸ ਲੈਣ।
ਬਾਜਵਾ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਲੋਕਤੰਤਰ ਵਿੱਚ ਵਿਰੋਧ ਅਤੇ ਅੰਦੋਲਨਾਂ ਨੂੰ ਪ੍ਰੈਸ਼ਰ ਕੁੱਕਰ ਦੇ ਵਾਲਵ ਵਾਂਗ ਮੰਨਿਆ ਜਾਂਦਾ ਹੈ। ਇਹ ਉਹ ਸਾਧਨ ਹਨ ਜਿਨ੍ਹਾਂ ਦੁਆਰਾ ਨਾਗਰਿਕ ਆਪਣੀ ਨਿਰਾਸ਼ਾ ਨੂੰ ਅਧਿਕਾਰੀਆਂ ਨੂੰ ਜਾਣੂ ਕਰਵਾ ਸਕਦੇ ਹਨ।”ਆਪ ਇੱਕ ਅੰਦੋਲਨਾਂ ‘ਚੋਂ ਨਿਕਲੀ ਪਾਰਟੀ ਹੈ। ਅਜਿਹੀ ਪਾਰਟੀ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਕਿਵੇਂ ਨਿੰਦਾ ਕਰ ਸਕਦੀ ਹੈ? ਮੁੱਖ ਮੰਤਰੀ ਦਾ ਪੇਂਡੂ ਪਿਛੋਕੜ ਹੈ ਅਤੇ ਇੱਕ ਕਿਸਾਨ ਪਰਵਾਰ ਤੋਂ ਹੈ। ਉਹ ਅਸਲ ਮੁੱਦਿਆਂ ਪ੍ਰਤੀ ਇੰਨਾ ਅਸੰਵੇਦਨਸ਼ੀਲ ਕਿਵੇਂ ਹੋ ਸਕਦੇ ਹਨ? ਜਾਪਦਾ ਹੈ ਕਿ ਮੁੱਖ ਮੰਤਰੀ ਹੁਣ ਮੰਗਾਂ ਪੂਰੀਆਂ ਕਰਨ ਤੋਂ ਭੱਜਣਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨਾ ਅਤੇ ਉਨ੍ਹਾਂ ‘ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ,” ਬਾਜਵਾ ਨੇ ਕਿਹਾ।ਬਾਜਵਾ ਨੇ ਕਿਹਾ ਕਿ ਉਹ ਕਿਸਾਨੀ ਪਿਛੋਕੜ ਤੋਂ ਆਉਂਦੇ ਹਨ। ਫ਼ਤਿਹ ਦਿਵਸ ਦੇ ਮੌਕੇ ‘ਤੇ ਅੱਜ ਕਿਸਾਨ ਜਸ਼ਨ ਮਨਾ ਰਹੇ ਸਨ ਕਿਉਂਕਿ ਕੇਂਦਰ ਨੇ 19 ਨਵੰਬਰ, 2021 ਨੂੰ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਸਨ, ਉਨ੍ਹਾਂ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਅਤੇ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਿਤਾਂ ਲਈ ਮਜ਼ਬੂਤੀ ਨਾਲ ਖੜੇ ਰਹਿਣਗੇ।
‘ਆਪ’ ਕਿਸਾਨਾਂ ਦੇ ਮਸਲੇ ਹੱਲ ਕਰਨ ‘ਚ ਰਹੀ ਅਸਫਲ ਰਹੀ: ਬਾਜਵਾ
13 Views