ਪਾਰਟੀ ਨੇ ਇੰਚਾਰਜ਼ ਬਣਾ ਕੇ ਬਠਿੰਡਾ ਦੇ ਵੋਟਰਾਂ ਨੂੰ ਕੀਤਾ ਅਸਿੱਧਾ ਇਸ਼ਾਰਾ
ਸੁਖਜਿੰਦਰ ਮਾਨ
ਬਠਿੰਡਾ, 14 ਸਤੰਬਰ-ਸੂਬੇ ਦੀ ਮੁੱਖ ਵਿਰੋਧੀ ਪਾਰਟੀ ‘ਆਪ’ ਨੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਮੁਕਾਬਲਾ ਕਰਨ ਲਈ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਨੂੰ ਥਾਪੀ ਦੇ ਦਿੱਤੀ ਹੈ। ਹਾਲਾਂਕਿ ਪਾਰਟੀ ਵਲੋਂ ਟਿਕਟਾਂ ਦਾ ਐਲਾਨ ਹੋਣਾ ਬਾਕੀ ਹੈ ਪ੍ਰੰਤੂ ਸ: ਗਿੱਲ ਨੂੰ ਹਲਕੇ ਦਾ ਇੰਚਾਰਜ਼ ਬਣਾ ਕੇ ਪਾਰਟੀ ਨੇ ਆਗਾਮੀ ਚੋਣਾਂ ਲਈ ਸ਼ਹਿਰ ਦੇ ਵੋਟਰਾਂ ਨੂੰ ਅਸਿੱਧਾ ਇਸ਼ਾਰਾ ਕਰ ਦਿੱਤਾ ਹੈ। ਪਿਛਲੇ ਕਰੀਬ ਇੱਕ ਮਹੀਨੇ ਤੋਂ ਹੀ ਲੋਕਾਂ ਵਿਚ ਜਗਰੂਪ ਗਿੱਲ ਨੂੰ ਹਲਕੇ ਦੀ ਵਾਂਗਡੋਰ ਦੇਣ ਦੀ ਚਰਚਾ ਚੱਲ ਰਹੀ ਸੀ। ਉਧਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਤੇ ਕਾਰਜ਼ਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਰਾਜਨ, ਮਹਿੰਦਰ ਸਿੰਘ ਫ਼ੂਲੋਮਿੱਠੀ ਆਦਿ ਨੇ ਜਗਰੂਪ ਸਿੰਘ ਗਿੱਲ ਦੀ ਨਿਯੁਕਤੀ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਦਸਣਾ ਬਣਦਾ ਹੈ ਕਿ ਪਿਛਲੀ ਵਾਰ ਵਿਧਾਨ ਸਭਾ ਚੋਣਾਂ ’ਚ ਲਏ ਗਲਤ ਫੈਸਲਿਆਂ ਕਾਰਨ ਸੱਤਾ ਹਾਸਲ ਕਰਨ ਦੀ ਦੋੜ ’ਚ ਫ਼ਿਸਲਣ ਵਾਲੀ ਆਮ ਆਦਮੀ ਪਾਰਟੀ ਵਲੋਂ ਇਸ ਵਾਰ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਫੈਸਲੇ ਲਏ ਜਾ ਰਹੇ ਹਨ ਤੇ ਅਜਿਹੇ ਚਿਹਰਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ, ਜਿਹੜੇ ਲੋਕਾਂ ਨੂੰ ਪ੍ਰਵਾਨ ਹੋਣ। ਅਜਿਹੇ ਫੈਸਲੇ ਤਹਿਤ ਹੀ ਜਗਰੂਪ ਸਿੰਘ ਗਿੱਲ ਦੀ ਪਾਰਟੀ ਵਿਚ ਸਮੂਲੀਅਤ ਕਰਵਾਈ ਗਈ ਸੀ। ਗਿੱਲ ਦੀ ਨਿਯੁਕਤੀ ਤੋਂ ਬਾਅਦ ਹੁਣ ਬਠਿੰਡਾ ’ਚ ਤਿਕੌਣਾ ਮੁਕਾਬਲਾ ਹੋਣ ਦੀ ਸੰਭਾਨਾ ਬਣ ਗਈ ਹੈ। ਜਿਸ ਵਿਚ ਕਾਂਗਰਸ ਵਲੋਂ ਮੌਜੂਦਾ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਇੱਥੋਂ ਉਮੀਦਵਾਰ ਹੋਣਗੇ ਜਦੋਂਕਿ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਸਿੰਗਲਾ ’ਤੇ ਮੁੜ ਚੌਥੀ ਵਾਰ ਦਾਅ ਖੇਡਿਆ ਹੈ।
ਬਾਕਸ
‘ਕੁੱਬੇ ਦੇ ਵੱਜੀ ਲੱਤ’ ਵਾਲੀ ਕਹਾਵਤ ਰਾਸ ਆਉਣ ਦੀ ਸੰਭਾਵਨਾ
ਬਠਿੰਡਾ: ਕਰੀਬ 6 ਮਹੀਨੇ ਪਹਿਲਾਂ ਬਠਿੰਡਾ ਨਗਰ ਨਿਗਮ ਦੇ ਅਹੁੱਦੇਦਾਰਾਂ ਦੀ ਹੋਈ ਚੋਣ ਦੌਰਾਨ ਮੇਅਰਸ਼ਿਪ ਦੇ ਅਹੁੱਦੇ ਦੇ ਮਜਬੂਤ ਦਾਅਵੇਦਾਰ ਰਹੇ ਜਗਰੂਪ ਸਿੰਘ ਗਿੱਲ ਉਪਰ ‘ਕੁੱਬੇ ਦੇ ਵੱਜੀ ਲੱਤ’ ਵਾਲੀ ਕਹਾਵਤ ਰਾਸ ਆਉਂਦੀ ਦਿਖ਼ਾਈ ਦਿੰਦੀ ਹੈ। ਵਿਤ ਮੰਤਰੀ ਦੇ ਧੜੇ ਵਲੋਂ ਉਨ੍ਹਾਂ ਇਸ ਅਹੁੱਦੇ ਤੋਂ ਵਾਂਝਾ ਕਰਨ ਤੋਂ ਬਾਅਦ ਸ਼ਹਿਰ ਵਿਚ ਗਿੱਲ ਦੇ ਹੱਕ ਵਿਚ ਚੱਲੀ ਹਮਦਰਦੀ ਦੀ ਲਹਿਰ ਨੇ ਉਨ੍ਹਾਂ ਨੂੰ ਸੱਤਾ ਦੀ ਪ੍ਰਬਲ ਦਾਅਵੇਦਾਰ ਆਪ ਦਾ ਹਲਕਾ ਇੰਚਾਰਜ਼ ਬਣਾ ਦਿੱਤਾ ਹੈ। ਇਸਤੋਂ ਇਲਾਵਾ ਅਕਾਲੀ ਦਲ ਤੇ ਕਾਂਗਰਸ ਦੇ ਅੰਦਰਖ਼ਾਤੇ ਨਰਾਜ਼ ਆਗੂ ਵੀ ਉਨ੍ਹਾਂ ਪ੍ਰਤੀ ਨਰਮਗੋਸ਼ਾ ਰੱਖ ਸਕਦੇ ਹਨ। ਦਸਣਾ ਬਣਦਾ ਹੈ ਕਿ ਗਿੱਲ ਨਾ ਸਿਰਫ਼ ਲਗਾਤਾਰ ਸੱਤ ਵਾਰ ਕੋਂਸਲਰ ਰਹਿ ਚੁੱਕੇ ਹਨ, ਬਲਕਿ ਨਗਰ ਸੁਧਾਰ ਟਰੱਸਟ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ ਹਨ। ਇਸਤੋਂ ਇਲਾਵਾ ਵਕੀਲਾਂ ਦੀ ਮਾਲਵਾ ਖੇਤਰ ’ਚ ਸਭ ਤੋਂ ਵੱਡੀ ਮੰਨੀ ਜਾਂਦੀ ਬਾਰ ਐਸੋਸੀਏਸ਼ਨ ਬੰਿਠਡਾ ਦੇ ਪ੍ਰਧਾਨ ਵੀ ਚੁਣੇ ਗਏ ਸਨ।