ਪਾਰਟੀ ਆਗੂਆਂ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਕੇਜ਼ਰੀਵਾਲ ਦੇ ਗਰੰਟੀ ਕਾਰਡ ਵੰਡਣ ਦੀਆਂ ਹਿਦਾਇਤਾਂ
ਆਪ ਦੀ ਸਰਕਾਰ ਬਣਨ ’ਤੇ ਹਰ ਵਰਗ ਨੂੰ 300 ਯੂਨਿਟ ਬਿਜਲੀ ਹਰ ਮਹੀਨੇ ਮਿਲੇਗੀ ਮੁਫ਼ਤ -ਨਵਦੀਪ ਜੀਦਾ
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ-ਆਮ ਆਦਮੀ ਪਾਰਟੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ ’ਤੇ ਵੋਟਰਾਂ ਨੂੰ ਅਪਣੇ ਨਾਲ ਜੋੜਣ ਲਈ 300 ਯੂਨਿਟ ਮਹੀਨਾ ਮੁਫ਼ਤ ਬਿਜਲੀ ਦੇਣ ਦੇ ਗਰੰਟੀ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਹਾਈਕਮਾਂਡ ਦੀਆਂ ਹਿਦਾਇਤਾਂ ’ਤੇ ਚੋਣਾਂ ਲੜਣ ਦੇ ਚਾਹਵਾਨ ਤੇ ਹੇਠਲੇ ਪੱਧਰ ਦੇ ਆਗੂ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਵਲੋਂ ਕੀਤੇ ਐਲਾਨ ਦੇ ਗਰੰਟੀ ਕਾਰਡ ਦੇ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਕਾਂਗਰਸੀਆਂ ਨੇ ਘਰ-ਘਰ ਨੌਕਰੀ, ਨੌਜਵਾਨਾਂ ਨੂੰ ਮੋਬਾਇਲ ਫ਼ੋਨ ਵੰਡਣ ਅਤੇ ਕਰਜ਼ਾ ਮੁਆਫ਼ੀ ਦੇ ਗਰੰਟੀ ਕਾਰਡ ਵੰਡੇ ਸਨ। ਇੰਨ੍ਹਾਂ ਗਰੰਟੀ ਕਾਰਡਾਂ ਦੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਜਿਆਦਾ ਨਾ ਚੱਲਣ ਕਾਰਨ ਹੁਣ ਲੋਕ ਆਪ ਦੇ ਗਰੰਟੀ ਕਾਰਡਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਸ਼ਹਿਰ ਦੇ ਇੱਕ ਵੋਟਰ ਨੇ ਦਾਅਵਾ ਕੀਤਾ ਕਿ ‘‘ ਆਪ ਆਗੂ ਉਸਦੇ ਘਰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਗਰੰਟੀ ਕਾਰਡ ਦੇ ਕੇ ਗਏ ਹਨ ਪ੍ਰੰਤੂ ਮੌਜੂਦਾ ਹਾਲਾਤਾਂ ’ਚ ਉਨ੍ਹਾਂ ਨੂੰ ਇਹ ਸੱਚ ਹੁੰਦਾ ਜਾਪ ਨਹੀਂ ਰਿਹਾ। ’’ ਇੱਕ ਹੋਰ ਸਹਿਰ ਵਾਸੀ ਮੋਦਨ ਸਿੰਘ ਨੇ ਸਿਆਸੀ ਪਾਰਟੀਆਂ ਵਲੋਂ ਚੋਣਾਂ ਤੋਂ ਪਹਿਲਾਂ ਹਰ ਸਹੂਲਤ ਮੁਫ਼ਤ ਦੇਣ ਦੇ ਕੀਤੇ ਜਾ ਰਹੇ ਵਾਅਦਿਆਂ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸਨੂੰ ਲਾਗੂ ਨਾ ਕਰਨ ਵਾਲਿਆਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ। ਸ਼ਹਿਰ ਦੇ ਇੱਕ ਦੁਕਾਨਦਾਰ ਵਿਜੇ ਗਰਗ ਨੇ ਸਿਆਸੀ ਪਾਰਟੀਆਂ ਦੇ ਇਸ ਪੈਂਤੜੇ ’ਤੇ ਦੁੱਖੀ ਹੁੰਦਿਆਂ ਕਿਹਾ ਕਿ ‘‘ ਮੁਫ਼ਤ ਵਿਚ ਦੇਣ ਦੀ ਬਜਾਏ ਸਰਕਾਰਾਂ ਗੁਆਂਢੀ ਸੂਬਿਆਂ ਦੀ ਤਰਜ਼ ’ਤੇ ਪੰਜਾਬ ਵਾਸੀਆਂ ਨੂੰ ਸਸਤੀ ਬਿਜਲੀ ਮੁਹੱਈਆਂ ਕਰਵਾਉਣ, ਇਹ ਹੀ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ। ਉਧਰ ਆਪ ਦੇ ਸੂਬਾਈ ਕਾਨੂੰਨੀ ਵਿੰਗ ਦੇ ਉਪ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਦਾਅਵਾ ਕੀਤਾ ਕਿ ‘‘ ਪੰਜਾਬ ਵਾਲਿਆਂ ਨੂੰ ਉਨ੍ਹਾਂ ਦੀ ਪਾਰਟੀ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਦਿੱਲੀ ’ਚ ਆਪ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਹਿਲਾਂ ਹੀ ਇਹ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ’’ ਜੀਦਾ ਨੇ ਕਿਹਾ ਕਿ ਆਪ ਦਾ ਮੰਤਵ ਕਾਂਗਰਸ ਦੀ ਤਰਜ਼ ’ਤੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣਾ ਨਹੀਂ, ਬਲਕਿ ਪੰਜਾਬ ਦੀ ਸਿਆਸਤ ਵਿਚ ਬਦਲਾਅ ਲਿਆਉਣਾ ਹੈ ਤਾਂ ਕਿ ਪਾਰਟੀ ਦੀ ਸਰਕਾਰ ਬਣਦਿਆਂ ਹੀ ਭਿ੍ਰਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ, ਜਿਸਦੇ ਨਾਲ ਸੂਬੇ ਦੀ ਆਮਦਨ ਅਪਣੇ ਆਪ ਵਧਣੀ ਸ਼ੁਰੂ ਹੋ ਜਾਵੇਗੀ।
ਆਪ ਵੀ ਚੱਲੀ ਕੈਪਟਨ ਦੇ ਰਾਹ ’ਤੇ:ਮੁਫ਼ਤ ਬਿਜਲੀ ਦੇ ਗਰੰਟੀ ਕਾਰਡ ਵੰਡੇ ਜਾਣ ਲੱਗੇ
9 Views