ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਦਸੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਰਿਸ਼ਵਤਖੋਰੀ ਦੇ ਕੇਸ ਵਿੱਚ ਅੰਸ਼ਕ ਜਾਂਚ ਪੂਰੀ ਕਰਨ ਉਪਰੰਤ ਮੁਲਜ਼ਮ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ਼ ਐਸ.ਏ.ਐਸ.ਨਗਰ ਦੀ ਸਮਰੱਥ ਅਦਾਲਤ ਵਿੱਚ ਚਾਰਜਸ਼ੀਟ (ਚਲਾਨ) ਦਾਖਲ ਕਰ ਦਿੱਤਾ ਹੈ। ਇਸ ਕੇਸ ਦਾ ਸਪਲੀਮੈਂਟਰੀ ਚਲਾਣ ਬਾਅਦ ਵਿੱਚ ਸਿਰ ਪੇਸ਼ ਕਰ ਦਿੱਤਾ ਜਾਵੇਗਾ ਕਿਉਂਕਿ ਇਸ ਮਾਮਲੇ ਵਿੱਚ ਹਾਲੇ ਅਗਲੇਰੀ ਜਾਂਚ ਜਾਰੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਆਫ਼ ਪੁਲਿਸ ਵਜੋਂ ਵਿਜੀਲੈਂਸ ਬਿਊਰੋ, ਦੇ ਫਲਾਇੰਗ ਸਕੁਐਡ-1, ਐਸ.ਏ.ਐਸ. ਨਗਰ ਵਿਖੇ ਤਾਇਨਾਤ ਮਨਮੋਹਨ ਕੁਮਾਰ ਦੀ ਸ਼ਿਕਾਇਤ ‘ਤੇ ਪੰਜਾਬ ਦੇ ਸਾਬਕਾ ਮੰਤਰੀ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਸਾਬਕਾ ਮੰਤਰੀ ਨੇ ਉਕਤ ਏ.ਆਈ.ਜੀ. ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਬੰਧੀ ਐਫ.ਆਈ.ਆਰ. ਨੰ. 19 ਮਿਤੀ 15-10-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ, ਫਲਾਇੰਗ ਸਕੁਐਡ-1, ਪੰਜਾਬ ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।ਇਸ ਕੇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਏ.ਆਈ.ਜੀ. ਮਨਮੋਹਨ ਕੁਮਾਰ ਵੱਲੋਂ ਚੀਫ਼ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ 14-10-2022 ਨੂੰ ਉਨ੍ਹਾਂ ਨੂੰ ਸੁੰਦਰ ਸ਼ਾਮ ਅਰੋੜਾ ਦੀ ਵਟਸਐਪ ਕਾਲ ਆਈ ਸੀ। ਉਸਨੇ ਆਪਣੇ ਆਪ ਨੂੰ ਸ਼ਿਕਾਇਤਕਰਤਾ ਦਾ ਪੁਰਾਣਾ ਜਾਣਕਾਰ ਦੱਸਿਆ ਅਤੇ ਅੱਗੇ ਆਪਣੀ ਪਤਨੀ ਦੇ ਦੇਹਾਂਤ ਬਾਰੇ ਵੀ ਦੱਸਿਆ। ਇਸ ਉਪਰੰਤ ਅਰੋੜਾ ਨੇ ਸ਼ਿਕਾਇਤਕਰਤਾ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਘਰ ਆ ਕੇ ਦੁੱਖ-ਸੁੱਖ ਸਾਂਝਾ ਕਰਨਾ ਚਾਹੁੰਦਾ ਹੈ।
ਇਸ ਉਪਰੰਤ ਦੋਸ਼ੀ ਸਾਬਕਾ ਮੰਤਰੀ ਸ਼ਿਕਾਇਤਕਰਤਾ ਦੇ ਘਰ ਪਹੁੰਚਿਆ ਅਤੇ ਉਸ ਨੇ ਵਿਜੀਲੈਂਸ ਬਿਊਰੋ ਵਿੱਚ ਆਪਣੇ ਖਿਲਾਫ਼ ਚੱਲ ਰਹੇ ਮਾਮਲੇ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਮੱਦਦ ਕਰਨ ਲਈ ਉਸ ਨੇ 1,00,00,000 ਰੁਪਏ (ਇੱਕ ਕਰੋੜ ਰੁਪਏ) ਰਿਸ਼ਵਤ ਦੀ ਪੇਸ਼ਕਸ਼ ਕੀਤੀ। ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਅੱਧੀ ਰਕਮ 50,00,000 (ਪੰਜਾਹ ਲੱਖ ਰੁਪਏ) ਅਗਲੇ ਦਿਨ ਭਾਵ 15-10-2022 ਨੂੰ ਪੇਸ਼ਗੀ ਰਿਸ਼ਵਤ ਵਜੋਂ ਦੇਣ ਅਤੇ ਬਾਕੀ ਦੀ ਰਕਮ ਬਾਅਦ ਵਿੱਚ ਅਦਾ ਕਰਨ ਦੀ ਪੇਸ਼ਕਸ਼ ਕੀਤੀ।ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਸੁੰਦਰ ਸ਼ਾਮ ਅਰੋੜਾ ਤੋਂ ਇਸ ਦੀ ਉਮੀਦ ਨਹੀਂ ਸੀ, ਇਸ ਲਈ ਉਹ ਮੌਕੇ ਤੇ ਚੁੱਪ ਰਹੇ ਅਤੇ ਉਹ ਸਮਾਜ ਵਿੱਚ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਅਜਿਹੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਸਨ। ਤੱਥਾਂ ਦੀ ਪੜਤਾਲ ਉਪਰੰਤ ਸ਼ਿਕਾਇਤਕਰਤਾ ਮਨਮੋਹਨ ਕੁਮਾਰ ਏ.ਆਈ.ਜੀ./ਵਿਜੀਲੈਂਸ ਬਿਊਰੋ ਦੇ ਬਿਆਨ ਦਰਜ ਕਰਕੇ ਸਾਬਕਾ ਮੰਤਰੀ ਖ਼?ਲਾਫ਼ ਉਕਤ ਕੇਸ ਦਰਜ ਕੀਤਾ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਸੁੰਦਰ ਸ਼ਾਮ ਅਰੋੜਾ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਦੋਂ ਗ੍ਰਿਫਤਾਰ ਕਰ ਲਿਆ ਜਦੋਂ ਉਹ 50,00,000 ਰੁਪਏ ਰਿਸ਼ਵਤ ਦੀ ਰਕਮ ਵਾਲਾ ਬੈਗ ਸ਼ਿਕਾਇਤਕਰਤਾ ਦੇ ਹਵਾਲੇ ਕਰ ਰਿਹਾ ਸੀ। ਹੁਣ ਉਹ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ।
Share the post "ਏ.ਆਈ.ਜੀ. ਨੂੰ 50 ਲੱਖ ਰੁਪਏ ਰਿਸ਼ਵਤ ਦੀ ਪੇਸ਼ਕਸ਼ ਦੇਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਅਰੋੜਾ ਖਿਲਾਫ਼ ਚਲਾਣ ਪੇਸ਼"