ਹੜ੍ਹਾਂ ਦੇ ਨੁਕਸਾਨ ਦਾ ਅਨੁਮਾਨ ਲਾ ਕੇ ਜਲਦ ਹੀ ਦਿੱਤਾ ਜਾਵੇਗਾ ਢੁਕਵਾਂ ਮੁਆਵਜ਼ਾ
ਪੰਜਾਬੀ ਖ਼ਬਰਸਾਰ ਬਿਉਰੋ
ਡੇਰਾਬੱਸੀ/ਐੱਸ.ਏ.ਐੱਸ. ਨਗਰ, 18 ਜੁਲਾਈ: ਡੇਰਾਬੱਸੀ ਸਬ ਡਵੀਜ਼ਨ ਵਿੱਚ ਲਾਲੜੂ ਖੇਤਰ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਤੇ ਖੇਤਾਂ ਦਾ ਜਾਇਜ਼ਾ ਲੈਂਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ, ਮੰਤਰੀ ਪੰਜਾਬ, ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਹਾਲ ਸੂਬੇ ਦੇ ਲੋਕਾਂ ਦੇ ਨਾਲ ਖੜ੍ਹੀ ਹੈ ਪਰ ਇਸ ਔਖੇ ਵੇਲੇ ਵਿਚ ਦੇਸ਼ ਦੀ ਕੇਂਦਰ ਸਰਕਾਰ ਨੂੰ ਹਰੀ ਕ੍ਰਾਂਤੀ ਨਾਲ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੀ ਬਾਂਹ ਫੜ੍ਹਨੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨੇ ਪਿੰਡ ਡਹਿਰ, ਆਲਮਗੀਰ, ਟਿਵਾਣਾ, ਅਮਲਾਨਾ, ਖਜੂਰ ਮੰਡੀ ਅਤੇ ਸਾਧਾਪੁਰ ਦਾ ਦੌਰਾ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਮੁੜ ਪੈਰਾਂ ‘ਤੇ ਖੜ੍ਹ ਕੇ ਦੇਸ਼ ਦੀ ਤਰੱਕੀ ਵਿਚ ਹੀ ਯੋਗਦਾਨ ਪਾਉਣਾ ਹੈ। ਕੇਂਦਰ ਵੱਲੋਂ ਭੇਜੇ 218 ਕਰੋੜ ਨਾਲ ਇਹ ਭਰਪਾਈ ਨਹੀਂ ਹੋਣੀ। ਉਹਨਾਂ ਕਿਹਾ ਕਿ ਜੋ ਮਰਜ਼ੀ ਹੋਵੇ ਪੰਜਾਬ ਸਰਕਾਰ ਹਰ ਹਾਲ ਨੁਕਸਾਨ ਦਾ ਹਿਸਾਬ ਲਾ ਕੇ ਸੂਬੇ ਦੇ ਪ੍ਰਭਾਵਿਤ ਲੋਕਾਂ ਨੂੰ ਬਣਦਾ ਮੁਆਵਜ਼ਾ ਦੇਵੇਗੀ। ਹੜ੍ਹ ਕਾਰਨ ਵੱਡੇ ਪੱਧਰ ਉੱਤੇ ਨੁਕਸਾਨੇ ਖੇਤਾਂ ਵਿੱਚ ਜਾ ਕੇ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਸ. ਖੁੱਡੀਆਂ ਨੇ ਕਿਹਾ ਕਿ ਕਦੇ ਬਹੁਤ ਹੀ ਉਪਜਾਊ ਰਹੀ ਜ਼ਮੀਨ ਅੱਜ ਘੱਗਰ ਦੀ ਮਾਰ ਨਾਲ ਘੱਗਰ ਦਾ ਹੀ ਰੂਪ ਹੋਈ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਯੋਜਨਾ ਨਹੀਂ ਬਣਾਈ ਤੇ ਨਾ ਹੀ ਘੱਗਰ ਦੇ ਕੰਢੇ ਪੱਕੇ ਕਰਨ ਲਈ ਕੋਈ ਉਪਰਾਲਾ ਕੀਤਾ ਗਿਆ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨ ਤੋਂ ਜ਼ਮੀਨੀ ਪੱਧਰ ਉੱਤੇ ਲੋਕਾਂ ਵਿਚ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਵਿੱਖ ਵਿਚ ਅਜਿਹੇ ਇੰਤਜ਼ਾਮ ਕੀਤੇ ਜਾਣਗੇ ਕਿ ਲੋਕਾਂ ਨੂੰ ਅਜਿਹੇ ਦਿਨ ਮੁੜ ਨਹੀਂ ਦੇਖਣੇ ਪੈਣਗੇ। ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਨੇ ਇਕ ਦੂਜੇ ਦੀ ਬਾਂਹ ਫੜਨ ਵਿਚ ਕੋਈ ਕਸਰ ਨਹੀਂ ਛੱਡੀ। ਜਿਥੋਂ ਤਕ ਹੋ ਸਕਦਾ ਹੈ ਲੋਕ ਦੂਰ ਦੁਰਾਡੇ ਜਾ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਸ. ਖੁੱਡੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹਨਾਂ ਪਿੰਡਾਂ ਦੇ ਲੋਕ ਵੀ ਪ੍ਰਭਾਵਿਤ ਪਿੰਡਾਂ ਵਿਚ ਜ਼ਮੀਨਾਂ ਠੀਕ ਕਰਨ ਲਈ ਪੁੱਜ ਜਾਣਗੇ, ਜਿਹੜੇ ਪਿੰਡ ਹੜ੍ਹਾਂ ਦੀ ਮਾਰ ਤੋਂ ਬਚੇ ਹੋਏ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ, ਦੇਸ਼ ਦੀ ਅਜ਼ਾਦੀ ਤੇ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਪੰਜਾਬੀਆਂ ਨੇ ਹਰ ਮੁਸ਼ਕਲ ਆਪਣੇ ਪਿੰਡੇ ਉੱਤੇ ਸਹੀ ਹੈ ਤੇ ਅੱਜ ਜਦੋਂ ਪੰਜਾਬ ਨੂੰ ਕੁਦਰਤ ਦੀ ਮਾਰ ਪਈ ਹੈ ਤਾਂ ਸਾਰੇ ਦੇਸ਼ ਨੂੰ ਪੰਜਾਬ ਨਾਲ ਖੜ੍ਹਨਾ ਚਾਹੀਦਾ ਹੈ। ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਹਲਕਾ ਬਹੁਤ ਔਖੇ ਸਮਿਆਂ ਵਿਚੋਂ ਲੰਘ ਕੇ ਖੜ੍ਹਾ ਹੋਇਆ ਸੀ ਪਰ ਹੁਣ ਫੇਰ ਇਸ ਹਲਕੇ ਨੂੰ ਕੁਦਰਤ ਦੀ ਬਹੁਤ ਵੱਡੀ ਮਾਰ ਪਈ ਹੈ। ਇਸ ਕਰ ਕੇ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਜਿਸ ਸਬੰਧੀ ਕੈਬਨਿਟ ਮੰਤਰੀ ਨੇ ਹਰ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਐੱਸ ਡੀ ਐਮ ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ, ਏ.ਐੱਸ.ਪੀ. ਦਰਪਣ ਆਹਲੂਵਾਲੀਆ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
Share the post "ਔਖੇ ਸਮੇਂ ਵਿਚ ਭਾਰਤ ਸਰਕਾਰ ਹਰੀ ਕ੍ਰਾਂਤੀ ਦੇ ਮੋਹਰੀ ਪੰਜਾਬ ਦੀ ਬਾਂਹ ਫੜੇ: ਗੁਰਮੀਤ ਸਿੰਘ ਖੁੱਡੀਆਂ"