Punjabi Khabarsaar
ਬਠਿੰਡਾ

ਕਮਿਸ਼ਨਰ ਦੇ ਪੱਤਰ ਤੋਂ ਬਾਅਦ ਮੇਅਰ ਨੇ ਸੱਦੀ ਨਿਗਮ ਦੇ ਹਾਊਸ ਦੀ ਮੀਟਿੰਗ , 22 ਨੂੰ ਪਾਸ ਹੋਵੇਗਾ ਬਜ਼ਟ

174 ਕਰੋੜ ਸਲਾਨਾ ਹੋਵੇਗੀ ਆਮਦਨ ਤੇ ਇਕੱਲੀਆਂ ਤਨਖ਼ਾਹਾਂ ਉਪਰ ਹੀ ਖਰਚ ਹੋਣਗੇ 102 ਕਰੋੜ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ : ਬਠਿੰਡਾ ਨਗਰ ਨਿਗਮ ਨੂੰ ਹੁਣ ਵਿਕਾਸ ਕਾਰਜ਼ ਦੇ ਕੰਮਾਂ ਲਈ ਪੰਜਾਬ ਤੇ ਕੇਂਦਰ ਵਲੋਂ ਮਿਲਣ ਵਾਲੀਆਂ ਗ੍ਰਾਟਾਂ ਦਾ ਰਾਹ ਦੇਖਣਾ ਪਏਗਾ। ਅਗਲੇ ਵਿੱਤੀ ਸਾਲ ਦੇ ਬਜ਼ਟ ਲਈ ਆਗਾਮੀ 22 ਫ਼ਰਵਰੀ ਨੂੰ ਕੀਤੀ ਜਾ ਰਹੀ ਮੀਟਿੰਗ ਵਿਚ ਰੱਖੇ ਅੰਕੜੇ ਕੁੱਝ ਅਜਿਹਾ ਹੀ ਦਰਸਾਉਂਦੇ ਹਨ। ਨਿਗਮ ਨੂੰ ਸਾਲ 2023-24 ਵਿਚ ਸਾਰੇ ਵਸੀਲਿਆਂ ਤੋਂ 174 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ, ਜਿਹੜੀ ਚਾਲੂ ਵਿਤੀ ਸਾਲ ਦੇ ਕੁੱਲ ਅਨੁਮਾਨਿਤ 155 ਕਰੋੜ ਦੇ ਬਜ਼ਟ ਤੋਂ 19 ਕਰੋੜ ਰੁਪਏ ਜਿਆਦਾ ਹੈ। ਪ੍ਰੰਤੂ ਇਸ ਆਮਦਨ ਵਿਚੋਂ 102 ਕਰੋੜ ਇਕੱਲੇ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਹੋਰਨਾਂ ਭੱਤਿਆਂ ਉਪਰ ਹੀ ਖਰਚ ਹੋਣਗੇ ਜਦੋਂਕਿ ਨਿਗਮ ਦੇ ਪੱਕੇ ਖ਼ਰਚਿਆਂ ਲਈ ਕਰੀਬ 55 ਕਰੋੜ ਰੁਪਏ ਦੀ ਜਰੂਰਤ ਪਏਗੀ। ਇਸਤੋਂ ਇਲਾਵਾ ਦਫ਼ਤਰੀ ਖ਼ਰਚਿਆਂ ਤੋਂ ਇਲਾਵਾ ਕਰੋੜਾਂ ਦੇ ਚੁੱਕੇ ਹੋੲੈ ਕਰਜਿਆਂ ਦੀ ਬਕਾਇਆ ਕਿਸ਼ਤਾਂ ਤੇ ਵਿਆਜ਼ ਅਲੱਗ ਤੋਂ ਮੂੰਹ ਅੱਡੀ ਖੜੇ ਹੋਣਗੇ। ਜਿਸਦੇ ਚੱਲਦੇ ਸ਼ਹਿਰ ਦੇ ਵਿਕਾਸ ਕੰਮਾਂ ਲਈ ਜਿਆਦਾਤਰ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਿਲਣ ਵਾਲੀਆਂ ਗ੍ਰਾਂਟਾਂ ’ਤੇ ਟੇਕ ਰਹੇਗੀ। ਉਂਜ ਨਿਗਮ ਵਲੋਂ ਚਾਲੂ ਵਿਤੀ ਸਾਲ ਦੇ ਮੁਕਾਬਲੇ 4 ਕਰੋੜ ਦੇ ਵਾਧੇ ਨਾਲ ਸ਼ਹਿਰ ਦੇ ਵਿਕਾਸ ਕੰਮਾਂ ਲਈ 36 ਕਰੋੜ ਰੁਪਏ ਦੀ ਰਾਸ਼ੀ ਰਾਖ਼ਵੀਂ ਰੱਖੀ ਹੈ। ਨਿਗਮ ਦਫ਼ਤਰ ਵਲੋਂ 22 ਫ਼ਰਵਰੀ ਨੂੰ ਸਵੇਰੇ 11 ਵਜੇਂ ਨਿਗਮ ਦੇ ਮੀਟਿੰਗ ਹਾਲ ਵਿਚ ਰੱਖੀ ਇਸ ਬਜ਼ਟ ਮੀਟਿੰਗ ਲਈ ਕੱਢੇ ਏਜੰਡੇ ਮੁਤਾਬਕ ਨਿਗਮ ਨੂੰ ਸਭ ਤੋਂ ਵਧ ਆਮਦਨ ਵੈਟ ਤੋਂ 95 ਕਰੋੜ ਰੁਪਏ ਹੋਣ ਦੀ ਉਮੀਦ ਹੈ, ਜਿਹੜੀ ਕਿ ਚਾਲੂ ਸਾਲ ਨਾਲੋਂ ਕਰੀਬ ਸਾਢੇ ਪੰਜ ਕਰੋੜ ਵਧ ਹੈ। ਇਸੇ ਤਰ੍ਹਾਂ ਹਾਊਸ ਟੈਕਸ ਤੋਂ 16 ਕਰੋੜ, ਵਿਕਾਸ ਚਾਰਜ਼ ਅਤੇ ਸੀਐਲਯੂ ਤੋਂ ਕ੍ਰਮਵਾਰ ਸਾਢੇ 7-7 ਕਰੋੜ ਰੁਪਏ ਇਕੱਠੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਐਕਸ਼ਾਈਜ਼ ਡਿਊਟੀ ਤੋਂ ਸਾਢੇ ਅੱਠ ਕਰੋੜ , ਕਾਓ ਸੈਸ ਤੋਂ ਸਵਾ ਤਿੰਨ ਕਰੋੜ ਅਤੇ ਸ਼ਹਿਰ ਵਿਚ ਲੱਗਣ ਵਾਲੇ ਇਸ਼ਤਿਹਾਰਾਂ ਤੋਂ ਸਾਢੇ ਤਿੰਨ ਰੁਪਏ ਆਉਣ ਦੀ ਸੰਭਾਵਨਾ ਹੈ। ਜੇਕਰ ਦੂਜੇ ਪਾਸੇ ਨਿਗਮ ਦੇ ਖ਼ਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਬਜ਼ਟ ਦਾ ਜਿਆਦਾਤਰ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਭੱਤਿਆ ਆਦਿ ’ਤੇ ਹੀ ਨਿਕਲ ਜਾਵੇਗਾ। ਇਸਦੇ ਲਈ ਕੁੱਲ 102.2 ਕਰੋੜ ਰੁਪਏ ਰਾਖ਼ਵੇ ਰੱਖੇ ਗਏ ਹਨ। ਇਸਤੋਂ ਇਲਾਵਾ ਪੱਕੇ ਖ਼ਰਚਿਆਂ, ਜਿਸ ਵਿਚ ਵਾਟਰ ਸਪਲਾਈ ਤੇ ਸੀਵਰੇਜ਼ ਸਿਸਟਮ ਦੇ ਬਿੱਲ, ਮੈਟੀਨੈਂਸ, ਸਟਰੀਟ ਲਾਈਟਾਂ, ਸਾਫ਼ ਸਫ਼ਾਈ, ਗਊਸ਼ਾਲਾ ਦਾ ਖ਼ਰਚਾ, ਪਾਰਕਾਂ ਦਾ ਰੱਖ-ਰਖਾਵ, ਜਨਤਕ ਪਖਾਨਿਆਂ ਦੀ ਦੇਖਭਾਲ, ਕਰਜ਼ਾ ਵਾਪਸੀ ਆਦਿ ਸ਼ਾਮਲ ਹੈ। ਚਾਲੂ ਵਿਤੀ ਸਾਲ ਇਸ ਪੱਕੇ ਖ਼ਰਚੇ ਵਜੋਂ 39.28 ਕਰੋੜ ਰਾਖ਼ਵੇ ਰੱਖੇ ਗਏ ਸਨ, ਜਿੰਨ੍ਹਾਂ ਵਿਚੋਂ 31 ਜਨਵਰੀ 2023 ਤੱਕ ਕਰੀਬ 33 ਕਰੋੜ ਖ਼ਰਚ ਹੋ ਚੁੱਕੇ ਹਨ ਤੇ ਕੁੱਲ ਖਰਚੇ 42 ਕਰੋੜ ਤੱਕ ਪੁੱਜਣ ਦੀ ਉਮੀਦ ਹੈ।
ਬਾਕਸ
ਨਿਗਮ ਸਿਰ ਕਰਜਿਆਂ ਦੀ ਪੰਡ ਵੀ ਹੋਈ ਭਾਰੀ
ਬਠਿੰਡਾ: ਆਮਦਨ ਦੇ ਮੁਕਾਬਲੇ ਜਿੱਥੇ ਨਿਗਮ ਦੇ ਖ਼ਰਚੇ ਬਰਾਬਰ ਹੁੰਦੇ ਜਾ ਰਹੇ ਹਨ, ਉਥੇ ਪਿਛਲੇ ਸਮਿਆਂ ਦੌਰਾਨ ਵਿਕਾਸ ਕੰਮਾਂ ਤੇ ਸੀਵਰੇਜ਼ ਤੇ ਪਾਣੀ ਆਦਿ ਪ੍ਰੋਜੈਕਟਾਂ ਲਈ ਲਏ ਕਰਜਿਆਂ ਦੀ ਪੰਡ ਵੀ ਭਾਰੀ ਹੁੰਦੀ ਜਾ ਰਹੀ ਹੈ। ਨਿਗਮ ਦੇ ਅਪਣੇ ਅੰਕੜਿਆਂ ਮੁਤਾਬਕ ਬਲਿਊ ਫ਼ੋਕਸ ਵਾਲੀ ਜਮੀਨ ਦੇ ਬਦਲੇ ਪੀਆਈਡੀਬੀ ਵਲੋਂ ਵਿਕਾਸ ਕਾਰਜ਼ਾਂ ਲਈ 40 ਕਰੋੜ ਰੁਪੲੈ ਦਿੱਤੇ ਗਏ ਸਨ ਅਤੇ ਕਰੀਬ 12.45 ਕਰੋੜ ਐਡਵਾਂਸ ਕਿਸ਼ਤ ਵਜੋਂ ਮਿਲਣ ਵਾਲੀ ਰਾਸ਼ੀ ਦੇ ਬਦਲੇ ਦਿੱਤੇ ਗਏ ਸਨ। ਹੁਣ ਨਿਗਮ ਸਿਰ ਇਕੱਲੀ ਪੀਆਈਡੀਬੀ ਦਾ ਕਰਜ਼ ਹੀ 52 ਕਰੋੜ ਤੋਂ ਵੱਧ ਹੈ। ਇਸੇ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼ਹਿਰ ਵਿਚ ਸਾਫ਼ ਪਾਣੀ ਤੇ ਸੀਵਰੇਜ਼ ਵਿਵਸਥਾ ਮੁਹੱਈਆਂ ਕਰਵਾਉਣ ਲਈ 288 ਕਰੋੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਇਸਦੇ ਬਦਲੇ ਹੁਡਕੋ ਵਲੋਂ ਨਿਗਮ ਨੂੰ 105 ਕਰੋੜ ਦੀ ਪ੍ਰਵਾਨਗੀ ਦਿੱਤੀ ਗਈ ਸੀ ਤੇ ਇਸ ਵਿਚੋਂ 43.75 ਕਰੋੜ ਦਾ ਕਰਜ਼ਾ ਦਿੱਤਾ ਜਾ ਚੁੱਕਾ ਹੈ, ਜਿਸ ਵਿਚੋਂ ਨਿਗਮ 2013 ਤੋਂ ਲੈ ਕੇ ਜਨਵਰੀ 2023 ਤੱਕ ਮੂਲ ਰਾਸ਼ੀ ਵਿਚੋਂ ਕਰੀਬ 40 ਕਰੋੜ ਅਤੇ ਵਿਆਜ਼ ਵਜੋਂ 14.65 ਕਰੋੜ ਰੁਪਏ ਵਾਪਸ ਦੇ ਚੁੱਕਿਆ ਹੈ।

Related posts

ਹਾਈਕੋਰਟ ਦੇ ਜਸਟਿਸ ਨੇ ਕੀਤਾ ਬਠਿੰਡਾ ਦੀ ਕੇਂਦਰੀ ਜੇਲ ਦਾ ਦੌਰਾ

punjabusernewssite

ਹਾਈ ਕਮਾਂਡ ਵੱਲੋਂ ਲਏ ਫ਼ੈਸਲਿਆਂ ਦਾ ਜ਼ਿਲ੍ਹਾ ਅਕਾਲੀ ਜਥੇਬੰਦੀ ਨੇ ਕੀਤਾ ਸਵਾਗਤ

punjabusernewssite

ਫੈਸਲੇ ਤੋਂ ਬਾਅਦ ਮੁਲਾਜਮ ਦਫ਼ਤਰਾਂ ’ਚ ਮੁੜੇ, ਅਫ਼ਸਰਾਂ ਦੇ ਦਫ਼ਤਰ ਕਰਦੇ ਰਹੇ ਭਾਂਅ-ਭਾਂਅ

punjabusernewssite