ਕਾਂਗਰਸੀਆਂ ਦੀ ਦਾਅਵੇਦਾਰੀ: ਤਲਵੰਡੀ ’ਚ ਜਟਾਣਾ ਤੇ ਜੱਸੀ ਵਿਚਕਾਰ ਸਿੰਗ ਫ਼ਸੇ

0
11

ਡਿਪਟੀ ਸਪੀਕਰ ਨੇ ਭੁੱਚੋਂ ਮੰਡੀ ਹਲਕੇ ’ਤੇ ਰੱਖੀ ਅੱਖ
ਬਠਿੰਡਾ ਤੇ ਫ਼ੂਲ ’ਚ ਮਨਪ੍ਰੀਤ ਬਾਦਲ ਤੇ ਗੁਰਪ੍ਰੀਤ ਕਾਂਗੜ੍ਹ ਦੀ ਸਰਦਾਰੀ ਨੂੰ ਨਹੀਂ ਕੋਈ ਖ਼ਤਰਾ
ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਟਿਕਟਾਂ ਦੀ ਵੰਡ ’ਚ ਪਿਛੜਦੀ ਨਜ਼ਰ ਆ ਰਹੀ ਕਾਂਗਰਸ ਪਾਰਟੀ ਦੀ ਉਮੀਦਵਾਰੀ ਨੂੰ ਲੈ ਕੇ ਜ਼ਿਲ੍ਹੇ ਵਿਚ ਕਈ ਥਾਂ ਕੁੰਡੀਆਂ ਦੇ ਸਿੰਗ ਫ਼ਸੇ ਹੋਏ ਨਜ਼ਰ ਆ ਰਹੇ ਹਨ। ਤਲਵੰਡੀ ਸਾਬੋ ਹਲਕੇ ’ਚ ਜਿੱਥੇ ਮੌਜੂਦਾ ਹਲਕਾ ਇੰਚਾਰਜ਼ ਖ਼ੁਸਬਾਜ਼ ਸਿੰਘ ਜਟਾਣਾ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਜੋਰਅਜਮਾਇਸ਼ ਕਰਦੇ ਨਜ਼ਰ ਆ ਰਹੇ ਹਨ, ਉਥੇ ਭੁੱਚੋਂ ਮੰਡੀ ਹਲਕੇ ’ਤੇ ਹੁਣ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਅੱਖ ਰੱਖ ਲਈ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ’ਚ ਮੌਜੂਦਾ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੀ ਟਿਕਟ ਕਟਵਾਉਣ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਡੀ-ਚੋਟੀ ਦਾ ਜੋਰ ਲਗਾ ਰਹੇ ਹਨ। ਜਦੋਂਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਤ ਮੰਤਰੀ ਸ: ਬਾਦਲ ਤੇ ਫ਼ੂਲ ਹਲਕੇ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਸਰਦਾਰੀ ਨੂੰ ਕੋਈ ਖ਼ਤਰਾ ਨਹੀਂ ਜਾਪ ਰਿਹਾ ਹੈ। ਸਪੋਕਸਮੈਨ ਦੇ ਇਸ ਪ੍ਰਤੀਨਿਧੀ ਵਲੋਂ ਕਾਂਗਰਸ ਪਾਰਟੀ ਦੇ ਉਚ ਸੂਤਰਾਂ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਬਠਿੰਡਾ ਅਤੇ ਤਲਵੰਡੀ ਸਾਬੋ ਹਲਕੇ ਲਈ ਸਭ ਤੋਂ ਘੱਟ ਤਿੰਨ-ਤਿੰਨ ਉਮੀਦਵਾਰਾਂ ਨੇ ਟਿਕਟ ਲਈ ਅਪਲਾਈ ਕੀਤਾ ਹੈ ਜਦੋਂਕਿ ਮੋੜ ਹਲਕੇ ’ਚ 28 ਦਾਅਵੇਦਾਰ ਬਣੇ ਹੋਏ ਹਨ। ਇਸੇ ਤਰ੍ਹਾਂ ਭੁੱਚੋਂ ਮੰਡੀ ਤੇ ਬਠਿੰਡਾ ਦਿਹਾਤੀ ਰਿਜ਼ਰਵ ਹਲਕਿਆਂ ਵਾਸਤੇ ਅੱਠ-ਅੱਠ ਜਣਿਆਂ ਨੇ ਟਿਕਟ ਲਈ ਅਪਲਾਈ ਕੀਤਾ ਹੈ ਜਦੋਂਕਿ ਫ਼ੂਲ ਹਲਕੇ ਤੋਂ ਕਾਂਗੜ੍ਹ ਸਹਿਤ ਕੁੱਲ 9 ਜਣਿਆਂ ਨੇ ਅਰਜੀਆਂ ਦਿੱਤੀਆਂ ਹਨ। ਸੂਚਨਾ ਮੁਤਾਬਕ ਬਠਿੰਡਾ ਸ਼ਹਿਰ ਹਲਕੇ ਤੋਂ ਜਿੱਥੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾਅਵੇਦਾਰ ਹਨ, ਉਥੇ ਉਨ੍ਹਾਂ ਦੇ ਮੁਕਾਬਲੇ ਕੋਂਸਲਰੀ ਦੀ ਟਿਕਟ ਨਾ ਮਿਲਣ ਵਾਲੇ ਸੰਜੀਵ ਬਬਲੀ ਮੈਦਾਨ ਵਿਚ ਨਿਤਰੇ ਹਨ ਜਦੋਂਕਿ ਤੀਜ਼ੇ ਦਾਅਵੇਦਾਰ ਰਾਜ਼ ਨੰਬਰਦਾਰ ਹੁਣ ਕਾਂਗਰਸ ਛੱਡ ਕੈਪਟਨ ਧੜੇ ਨਾਲ ਜਾ ਖ਼ੜੇ ਹੋਏ ਹਨ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਮਨਪ੍ਰੀਤ ਬਾਦਲ ਦੇ ‘ਪ੍ਰਤਾਪ ’ ਦੇ ਚੱਲਦਿਆਂ ਹਰ ਵਾਰ ਪੈਸੇ ਲੈ ਕੇ ਅਰਜ਼ੀਆਂ ਦੇਣ ਵਾਲੇ ਅੱਧੀ ਦਰਜ਼ਨ ਸ਼ਹਿਰ ਦੇ ਕਾਂਗਰਸੀਆਂ ਨੇ ਇਸ ਵਾਰ ਮੁਫ਼ਤ ’ਚ ਵੀ ਅਰਜੀ ਨਹੀਂ ਪਾਈ ਹੈ। ਜਿਸਦੀ ਸ਼ਹਿਰ ਵਿਚ ਕਾਫ਼ੀ ਚਰਚਾ ਹੈ। ਉਧਰ ਤਲਵੰਡੀ ਸਾਬੋ ਹਲਕੇ ’ਚ ਮੌਜੂਦਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵਿਚਕਾਰ ਸਿੰਗ ਫ਼ਸੇ ਹੋਏ ਹਨ। ਜਟਾਣਾ ਨੇ ਇਸ ਹਲਕੇ ਵਿਚ ਪਿਛਲੀ ਵਾਰ ਚੋਣ ਲੜੀ ਸੀ ਜਦੋਂਕਿ ਜੱਸੀ ਪੁਰਾਣਾ ਹਲਕਾ ਹੋਣ ਦੇ ਨਾਤੇ ਇੱਥੇ ਅਪਣਾ ਹੱਕ ਜਤਾ ਰਹੇ ਹਨ। ਬਹਰਹਾਲ ਦੋਨਾਂ ਵਿਚੋਂ ਕਿਸੇ ਨੂੰ ਵੀ ਟਿਕਟ ਮਿਲੇ ਪਰ ਦੋਨਾਂ ਵਿਚਕਾਰ ਚੱਲ ਰਹੀ ਸਿਆਸੀ ਖ਼ਾਨਾਜੰਗੀ ਕਾਰਨ ਕਾਂਗਰਸ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਹਲਕੇ ਤੋਂ ਕਾਂਗਰਸ ਦੇ ਇੱਕ ਹੋਰ ਆਗੂ ਦਰਸ਼ਨ ਸਿੰਘ ਜੀਦਾ ਨੇ ਵੀ ਟਿਕਟ ਦੀ ਮੰਗ ਕੀਤੀ ਹੈ। ਭੁੱਚੋਂ ਮੰਡੀ ਹਲਕੇ ਤੋਂ ਜਿੱਥੇ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮੁੱਖ ਦਾਅਵੇਦਾਰ ਹਨ, ਦੇ ਮੁਕਾਬਲੇ ਮਲੋਟ ਹਲਕੇ ਦੇ ਵਿਧਾਇਕ ਤੇ ਡਿਪਟੀ ਸਪੀਰਕ ਅਜਾਇਬ ਸਿੰਘ ਭੱਟੀ ਨੇ ਅਪਣੇ ਤੇ ਅਪਣੇ ਪੁੱਤਰ ਲਈ ਟਿਕਟ ਦੀ ਮੰਗ ਕੀਤੀ ਹੈ। ਇਸਤੋਂ ਇਲਾਵਾ ਇੱਥੋਂ ਗੰਭੀਰ ਉਮੀਦਵਾਰਾਂ ਵਿਚ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਾ ਸਿੰਘ ਤੂੰਗਵਾਲੀ ਨੇ ਵੀ ਅਪਣਾ ਹੱਕ ਜਤਾਇਆ ਹੈ। ਉਧਰ ਬਠਿੰਡਾ ਦਿਹਾਤੀ ਹਲਕਾ, ਜਿੱਥੇ ਵਿਤ ਮੰਤਰੀ ਦੀ ਇੱਜ਼ਤ ਵਕਾਰ ’ਤੇ ਲੱਗੀ ਹੋਈ ਹੈ, ਵਿਚ ਮੌਜੂਦਾ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਤੇ ਮਨਪ੍ਰੀਤ ਦਾ ਅਸ਼ੀਰਵਾਦ ਪ੍ਰਾਪਤ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਵਿਚ ਟਿਕਟ ਲੈਣ ਲਈ ਸਿਰਧੜ ਦੀ ਬਾਜ਼ੀ ਲੱਗੀ ਹੋਈ ਹੈ। ਉਜ ਚੱਲ ਰਹੀ ਚਰਚਾ ਮੁਤਾਬਕ ਇੱਥੋਂ ਲਾਡੀ ਨੂੰ ਹੀ ਟਿਕਟ ਮਿਲਣ ਦੀ ਸੰਭਾਵਨਾ ਹੈ, ਹਾਲਾਂਕਿ ਇੱਥੋਂ ਟਿਕਟ ਲੈਣ ਦੇ ਚਾਹਵਾਨ ਅੱਧੀ ਦਰਜ਼ਨ ਹੋਰਨਾਂ ਉਮੀਦਵਾਰਾਂ ਵਿਚ ਤਾਜ਼ਾ-ਤਾਜ਼ਾ ਕਾਂਗਰਸੀ ਬਣੇ ਕਿਰਨਜੀਤ ਗਹਿਰੀ, ਬਲਦੇਵ ਸਿੰਘ ਅਕਲੀਆ, ਗੁਚਰਨ ਸਿੰਘ, ਮੋਹਨ ਪ੍ਰਕਾਸ਼, ਹਰਬੰਸ ਸਿੰਘ ਤੇ ਰਜਨੀ ਬਾਲਾ ਨੇ ਵੀ ਟਿਕਟ ਲਈ ਅਪਲਾਈ ਕੀਤਾ ਹੈ। ਸਭ ਤੋਂ ਰੁਚੀਦਾਈਕ ਸਥਿਤੀ ਹਲਕਾ ਮੋੜ ਵਿਚ ਬਣੀ ਹੋਈ ਹੈ, ਜਿੱਥੇ 28 ਉਮੀਦਵਾਰਾਂ ਨੇ ਕਾਂਗਰਸ ਪਾਰਟੀ ਦੀ ਟਿਕਟ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ ਹਾਈਕਮਾਂਡ ਵਲੋਂ ਮੌਜੂਦਾ ਹਲਕਾ ਇੰਚਾਰਜ਼ ਮੰਜੂ ਬਾਂਸਲ ਨੂੰ ਟਿਕਟ ਦੇਣ ਦੀ ਚਰਚਾ ਦੇ ਚੱਲਦੇ ਉਨ੍ਹਾਂ ਵਿਰੁਧ ਇੱਕ ਦਰਜ਼ਨ ਤੋਂ ਵੱਧ ਦਾਅਵੇਦਾਰ ਇਕੱਠੇ ਹੋ ਗਏ ਹਨ, ਜਿੰਨ੍ਹਾਂ ਵਿਚ ਆਪ ਛੱਡ ਕੇ ਕਾਂਗਰਸ ਵਿਚ ਆਉਣ ਵਾਲੇ ਮੌਜੂਦਾ ਵਿਧਾਇਕ ਜਗਦੇਵ ਸਿੰਘ ਕਮਾਲੂ ਵੀ ਸ਼ਾਮਲ ਹਨ। ਇਸਤੋਂ ਇਲਾਵਾ ਇੱਥੋਂ ਭੁਪਿੰਦਰ ਗੋਰਾ, ਅਵਤਾਰ ਗੋਨਿਆਣ, ਸਿੱਪੀ ਭਾਕਰ ਆਦਿ ਵੀ ਦਾਅਵੇਦਾਰਾਂ ਦੀ ਸੂਚੀ ਵਿਚ ਸ਼ਾਮਲ ਹਨ।

LEAVE A REPLY

Please enter your comment!
Please enter your name here