ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਤੇ ਕਾਕਾ ਸਿੰਘ ਕੋਟੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋ ਸਾਜਿਸ਼ ਤਹਿਤ ਕਾਲੇ ਕਾਨੂੰਨਾਂ ਨੂੰ ਪਿੱਛਲੇ ਦਰਵਾਜੇ ਰਾਹੀਂ ਲਾਗੂ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਦੀ ਕੜੀ ਤਹਿਤ ਹੀ ਐਫ.ਸੀ.ਆਈ ਵੱਲੋ ਕਣਕ ਦੀ ਖਰੀਦ ਲਈ ਤੈਅ ਕੀਤੇ ਗਏ ਮਾਪਦੰਡਾਂ ਨੂੰ ਸਖਤ ਕਰਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਫਸਲ ਅਡਾਨੀ ਦੇ ਸੈਲੋ ਵਿੱਚ ਵੇਚਣ ਲਈ ਮਜਬੂਰ ਹੋ ਸਕਣ। ਜਿਸ ਤਹਿਤ ਹੀ ਸਾਜਿਸ਼ ਨਾਲ ਮੋਗਾ ਦੇ ਅਡਾਨੀ ਸੈਲੋ ਨੂੰ ਮੰਡੀ ਵਜੋਂ ਨੋਟੀਫਾਈਡ ਕੀਤਾ ਗਿਆ ਹੈ । ਸੀਨੀਅਰ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਮੋਦੀ ਸਰਕਾਰ ਇਹ ਬਹੁਤ ਵੱਡਾ ਭੁਲੇਖਾ ਪਾਲੀ ਬੈਠੀ ਹੈ ਕਿ ਪੰਜਾਬ ਦੀਆ ਕੁੱਝ ਜੱਥੇਬੰਦੀਆਂ ਦਾ ਚੋਣਾਂ ਵਾਲੇ ਪਾਸੇ ਚਲੇ ਜਾਣ ਕਾਰਨ ਅੰਦੋਲਨ ਮੱਧਮ ਪੈ ਗਿਆ ਹੈ ਉਹਨਾਂ ਕਿਹਾ ਇਸ ਨਾਲ ਅੰਦੋਲਨ ਨੂੰ ਕੋਈ ਫਰਕ ਨਹੀਂ ਪਵੇਗਾ ਸਗੋਂ ਅੰਦੋਲਨ ਪਹਿਲਾਂ ਨਾਲੋ ਵੀ ਜ਼ੋਰ ਸ਼ੋਰ ਨਾਲ ਤਕੜਾ ਹੋ ਕੇ ਉਠੇਗਾ । ਉਹਨਾਂ ਕਿਹਾ ਪੰਜਾਬ ਦੇ ਲੋਕ ਅੱਜ ਵੀ ਉਸੇ ਤਰ੍ਹਾਂ ਗੁੱਸੇ ਵਿੱਚ ਹਨ ਤੇ ਉਸੇ ਤਰ੍ਹਾਂ ਜੋਸ਼ੋ ਖਰੋਸ਼ ਨਾਲ ਕਾਰਪੋਰੇਟ ਦਾ ਵਿਰੋਧ ਕਰ ਰਹੇ ਹਨ।ਕਿਸਾਨ ਆਗੂਆ ਨੇ ਲੋਕਾਂ ਨੂੰ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਕਿ 750 ਕਿਸਾਨਾ ਨੇ ਆਪਣੀ ਜ਼ਿੰਦਗੀ ਦੀ ਆਹੂਤੀ ਦੇ ਕੇ ਉਹ ਕਾਲੇ ਕਾਨੂੰਨ ਰੱਦ ਕਰਵਾਏ ਸਨ। ਹੁਣ ਕੇਂਦਰ ਸਰਕਾਰ ਪਿਛਲੇ ਦਰਵਾਜੇ ਰਾਹੀਂ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ।ਇਸ ਲਈ ਅਡਾਨੀ ਦੇ ਸੈਲੋ ਵਿੱਚ ਕਣਕ ਲੈ ਕੇ ਜਾਣ ਤੋਂ ਪਹਿਲਾਂ ਉਸ ਭੈਣ ਦੇ ਹੰਝੂਆਂ ਨੂੰ ਯਾਦ ਰੱਖਿਓ ਜਿਸ ਤੋਂ ਮੁੜ ਕਦੇ ਆਪਣੇ ਵੀਰ ਦੇ ਰੱਖੜੀ ਨਹੀ ਬੰਨ ਹੋਣੀ, ਉਸ ਮਾਂ ਨੂੰ ਯਾਦ ਰੱਖਿਓ ਜਿਸ ਦਾ ਜਵਾਨ ਪੁੱਤ ਇਸ ਜਹਾਨੋ ਤੁਰ ਗਿਆ,ਉਸ ਸੁਹਾਗਣ ਦੇ ਚਿਹਰੇ ਨੂੰ ਅੱਖਾਂ ਮੂਹਰੇ ਰੱਖ ਕੇ ਅਡਾਨੀ ਦੇ ਸੈਲੋ ਵਿੱਚ ਕਣਕ ਦੀ ਟਰਾਲੀ ਲੈ ਕੇ ਜਾਣ ਬਾਰੇ ਸੋਚੇ ਓ ਜਿਸ ਦੇ ਸਿਰ ਦਾ ਸਾਈ ਮੁੜ ਕਦੇ ਵਾਪਸ ਨਹੀ ਆਉਣਾ,ਉਸ ਬਾਪ ਦੇ ਕਰਜੇ ਨਾਲ ਝੁਕੇ ਹੋਏ ਮੋਢਿਆਂ ਨੂੰ ਯਾਦ ਰੱਖਿਓ ਜਿਸ ਦੀ ਅਰਥੀ ਨੂੰ ਮੋਢਾ ਉਸ ਦੇ ਪੁੱਤ ਨੇ ਦੇਣਾ ਸੀ,ਉਸ ਧੀ ਪੁੱਤ ਨੂੰ ਯਾਦ ਰੱਖਿਓ ਜਿਨਾਂ ਨੂੰ ਕਦੇ ਮੁੜ ਆਪਣਾ ਬਾਪ ਨਹੀ ਮਿਲਣਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆ ਸਖਤ ਹਦਾਇਤਾਂ ਦੇ ਕਾਰਨ ਜਦੋ ਸਰਕਾਰੀ ਮੰਡੀਆਂ ਵਿੱਚੋ ਫ਼ਸਲ ਚੁੱਕਣ ਦੀ ਗੱਲ ਆਉਦੀ ਹੈ ਤਾਂ ਐਫ.ਸੀ.ਆਈ ਬਹੁਤ ਸਖਤ ਹਿਦਾਇਤਾਂ ਦੀ ਗੱਲ ਕਰਦੀ ਹੈ ਜਿਸ ਕਾਰਨ ਮਜਬੂਰਨ ਸਾਡੀਆਂ ਪੰਜਾਬ ਦੀਆ ਖ਼ਰੀਦ ਏਜੰਸੀਆ ਦੇ ਇੰਸਪੈਕਟਰਾ ਨੂੰ ਹੜਤਾਲ ਤੇ ਜਾਣਾ ਪਿਆ। ਪਰ ਉਸੇ ਮਾਲ ਨੂੰ ਸੈਲੋਜ ਵਿੱਚ ਲਾਉਣ ਅਤੇ ਉਸੇ ਮਾਲ ਨੂੰ ਖਰੀਦ ਲੈਣ ਤੋ ਇਹ ਗੱਲ ਸਿੱਧ ਹੁੰਦੀ ਹੈ ਕਿ ਇਹ ਸਰਕਾਰੀ ਮੰਡੀਆਂ ਨੂੰ ਫੇਲ ਕਰਨ ਅਤੇ ਸੈਲੋਜ ਤੇ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹਿਤ ਕਰਨ ਦੀ ਚਾਲ ਹੈ ਉਹਨਾਂ ਕਿਹਾ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਇੱਕ ਬਹੁਤ ਵੱਡੀ ਸਾਜਿਸ਼ ਹੈ ਜਿਸ ਵਿੱਚ ਐਫ.ਸੀ.ਆਈ, ਭਾਰਤ ਸਰਕਾਰ, ਪੰਜਾਬ ਸਰਕਾਰ ਮਿਲੀ ਹੋਈ ਹੈ ਐਥੋਂ ਤੱਕ ਕਿ ਆੜ੍ਹਤੀਏ ਅਤੇ ਮੰਡੀ ਬੋਰਡ ਵੀ ਮਿਲਿਆ ਹੋਇਆ ਹੈ ਜਿਨ੍ਹਾਂ ਨੇ ਉਸ ਅਡਾਨੀ ਸੈਲੋਜ ਨੂੰ ਮੰਡੀ ਵਜੋ ਨੋਟੀਫਾਈਡ ਕੀਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੂੰ ਕੱਲ ਤੱਕ ਦਾ ਨੋਟਿਸ ਦਿੱਤਾ ਗਿਆ ਹੈ ਜੇਕਰ ਕੱਲ ਤੱਕ ਸਾਰੇ ਪੰਜਾਬ ਦੀਆ ਮੰਡੀਆਂ ਵਿੱਚ ਸਰਕਾਰੀ ਖਰੀਦ ਨੂੰ ਚਾਲੂ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Share the post "ਕਾਲੇ ਕਾਨੂੰਨਾਂ ਨੂੰ ਪਿੱਛਲੇ ਦਰਵਾਜੇ ਰਾਹੀਂ ਲਾਗੂ ਕਰਨ ਦੀਆਂ ਚੱਲੀਆਂ ਜਾ ਰਹੀਆਂ ਹਨ ਕੋਝੀਆਂ ਚਾਲਾਂ: ਕਿਸਾਨ ਆਗੂ"