ਸੁਖਜਿੰਦਰ ਮਾਨ
ਬਠਿੰਡਾ, 28 ਮਈ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਵਿਸੇਸ਼ ਤੌਰ ’ਤੇ ਸਾਮਲ ਹੋਏ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਰੇਸ਼ਮ ਸਿੰਘ ਯਾਤਰੀ ਤੇ ਜੋਧਾ ਸਿੰਘ ਨੰਗਲਾ ਨੇ ਦੱਸਿਆ ਕਿ ਆਉਂਣ ਵਾਲੇ ਝੋਨੇ ਦੇ ਸੀਜਨ ਨੂੰ ਮੁਖ ਰੱਖਦਿਆਂ ਕਿਸਾਨਾ ਨੂੰ ਸੰਭਾਵੀਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਚਰਚਾ ਕੀਤੀ ਗਈ, ਜਿਸਤੋਂ ਬਾਅਦ ਫੈਸਲਾ ਲਿਆ ਗਿਆ ਕਿ ਆਗਾਮੀ 8 ਜੂਨ ਨੂੰ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਮੰਗਾਂ ਦਾ ਜਿਕਰ ਕਰਦਿਆਂ ਜਿੱਥੇ ਸਰਕਾਰ ਕੋਲੋਂ ਜਰਨਲ ਕੈਟਾਗਰੀ ਦੇ ਲੰਮੇਂ ਸਮੇਂ ਤੋਂ ਬੰਦ ਪਏ ਟਿਉੂਬਵੈੱਲ ਕਨੈਕਸ਼ਨ ਤੁਰੰਤ ਜਾਰੀ ਕਰਨ ਅਤੇ ਹਰ ਲੋੜਵੰਦ ਕਿਸਾਨ ਨੂੰ ਘੱਟੋ-ਘੱਟ ਇੱਕ ਕੁਨੈਕਸ਼ਨ ਦੇਣਾ ਯਕੀਨੀ ਬਣਾਉਣ ਦੀ ਮੰਗ ਰੱਖੀ, ਉਥੇ ਵੀ.ਡੀ.ਐਸ ਸਕੀਮ ਨੂੰ ਹਰ ਸਮੇਂ ਖੁੱਲ੍ਹੀ ਰੱਖਣ ਅਤੇ ਉਸ ਦੀ ਫੀਸ ਲੈਣੀ ਬੰਦ ਕੀਤੀ ਜਾਣ ਲੲਂੀ ਵੀ ਕਿਹਾ। ਇਸੇ ਤਰ੍ਹਾਂ ਸਮਾਰਟ ਮੀਟਰ ਲਗਾਉਣ ਦੇ ਵਿਰੁਧ ਵੀ ਮੁੜ ਮੋਰਚਾ ਖੋਲਣ ਦਾ ਫੈਸਲਾ ਕੀਤਾ ਗਿਆ ਤੇ ਨਾਲ ਹੀ ਸਹਾਇਕ ਧੰਦਿਆਂ ਲਈ ਲਏ ਗਏ ਬਿਜਲੀ ਕੁਨੈਕਸ਼ਨ ’ਤੇ ਕਮਰਸ਼ੀਅਲ ਚਾਰਜ ਲੈਣੇ ਬੰਦ ਕਰਨ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਜ਼ਮੀਨ ਖਰੀਦਣ ਸਮੇਂ ਜਾਂ ਆਪਸੀ ਭਰਾਵੀ ਵੰਡ ਦੌਰਾਨ ਕੁਨੈਕਸ਼ਨ ਦੀ ਨਾਮ ਤਬਦੀਲ ਕਰਨ ਦੀ ਪ੍ਰਕ੍ਰਿਆ ਨੂੰ ਅਸਾਨ ਕਰਨ ਸਹਿਤ ਟਿਊਬਵੈੱਲ ਖਰਾਬ ਹੋਣ ਦੀ ਸੂਰਤ ਵਿੱਚ ਕਿਸਾਨ ਨੂੰ ਆਪਣੇ ਖਰਚੇ ’ਤੇ ਆਪਣੇ ਹੀ ਖੇਤ ਵਿੱਚ ਕੁਨੈਕਸ਼ਨ ਸ਼ਿਫਟ ਕਰਨ ਉੱਪਰ ਲਾਈਆਂ ਸਾਰੀਆਂ ਪਾਬੰਦੀਆਂ ਖ਼ਤਮ ਕਰਨ ਦੀ ਵੀ ਮੰਗ ਕੀਤੀ ਗਈ। ਟਰਾਂਸਫਾਰਮਰ ਸੜ ਜਾਣ ਉਪਰੰਤ 24 ਘੰਟੇ ਦੇ ਅੰਦਰ-ਅੰਦਰ ਟਰਾਂਸਫਾਰਮਰ ਤਬਦੀਲ ਕਰਨ ਅਤੇ ਮੋਟਰ ਕੁਨੈਕਸ਼ਨ ਦੇਣ ਸਮੇਂ ਲਗਾਏ ਜਾਦੇ ਨਵੇਂ ਟਰਾਂਸਫਾਰਮਰ ਸਿੰਗਲ ਪੋਲ ਦੀ ਬਜਾਏ ਡਬਲ ਪੋਲ ਉੱਪਰ ਲਗਾਉਣ ਲਈ ਕਿਹਾ ਗਿਆ ਤਾਂ ਕਿ ਹਨੇਰੀ ਝੱਖੜ ਦੌਰਾਨ ਟਰਾਂਸਫਾਰਮਰ ਦੇ ਖੰਭਿਆਂ ਦਾ ਨੁਕਸਾਨ ਨਾ ਹੋਵੇ। ਭਾਰਤ ਪਾਕਿਸਤਾਨ ਸਰਹੱਦ ’ਤੇ ਭਾਰਤ ਵਾਲੇ ਪਾਸੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਅਤੇ ਤੁਰੰਤ ਪਹਿਲ ਦੇ ਆਧਾਰ ਤੇ 1 ਬਿਜਲੀ ਕੁਨੈਕਸ਼ਨ ਦੇਣ ਸਹਿਤ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਲਈ 11 ਕੇ ਵੀ ਲਾਇਨਾਂ ਵੱਖਰੀਆਂ ਕੱਢੀਆਂ ਜਾਣ ਲਈ ਵੀ ਕਿਹਾ ਗਿਆ। ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਜੀਦਾ ਮੁਖਤਿਆਰ ਸਿੰਘ ਕੁਬੇ ਅਗਰੇਜ ਸਿੰਘ ਕਲਿਆਣ, ਜਵਾਹਰ ਸਿੰਘ ਕਲਿਆਣ, ਗੁਰਦੀਪ ਸਿੰਘ ਮਹਿਮਾ, ਗੁਰਸੇਵਕ ਸਿੰਘ ਮਾਨਸਾਹੀਆ, ਬਲਵਿੰਦਰ ਸਿੰਘ ਜੋਧਪੁਰ, ਜਗਦੇਵ ਸਿੰਘ ਮਹਿਤਾ ਗੁਰੰਜਟ ਸਿੰਘ ਕੋਠਾਗੁਰੂ ਤੋ ਇਲਾਵਾ ਕਿਸਾਨ ਆਗੂ ਸਾਮਲ ਸਨ।
ਕਿਸਾਨ ਜਥੇਬੰਦੀ ਦੇ ਅਹੁੱਦੇਦਾਰਾਂ ਦੀ ਕਿਸਾਨੀਂ ਮੁੱਦਿਆਂ ‘ਤੇ ਹੋਈ ਮੀਟਿੰਗ
8 Views