ਸੁਖਜਿੰਦਰ ਮਾਨ
ਬਠਿੰਡਾ, 08 ਅਕਤੂਬਰ :ਨਰਮੇ ਤੇ ਹੋਰ ਫਸਲਾਂ ਦੇ ਖਰਾਬੇ ਦੇ ਮੁਆਵਜੇ ਨੂੰ ਲੈ ਕੇ ਚੱਲ ਰਹੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਲੱਗੇ ਮੋਰਚੇ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਭਲਕੇ ਚੰਡੀਗੜ੍ਹ ’ਚ ਮੀਟਿੰਗ ਦਾ ਸੱਦਾ ਦਿੱਤਾ ਹੈ। ਇਸ ਸਬੰਧ ਵਿੱਚ ਅੱਜ ਫੇਰ ਕਿਸਾਨਾਂ ਵਲੋਂ ਨਾਕੇ ਤੋੜ ਕੇ ਵਿਤ ਮੰਤਰੀ ਦੀ ਕੋਠੀ ਦੇ ਘਿਰਾਓ ਦੇ ਮੁੜ ਕੀਤੇ ਐਲਾਨ ਤੋਂ ਬਾਅਦ ਡਿਪਟੀ ਕਮਿਸ਼ਨਰ ਮੁਕਤਸਰ ਵੱਲੋਂ ਤੁਰਤ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕੀਤਾ ਗਿਆ। ਕਿਸਾਨ ਆਗੂਆਂ ਨੇ ਦਸਿਆ ਕਿ ਭਲਕੇ ਕਿਸਾਨਾਂ ਦੇ ਵਫਦ ਨਾਲ ਗਿਆਰਾਂ ਵਜੇ ਮੁੱਖ ਮੰਤਰੀ ਦੇ ਪਿ੍ੰਸੀਪਲ ਸਕੱਤਰ ,ਖੇਤੀਬਾੜੀ ਸਕੱਤਰ ਅਤੇ ਐਫ ਸੀ ਆਰ ਨਾਲ ਮੀਟਿੰਗ ਤੈਅ ਕੀਤੀ ਗਈ ਹੈ। ਪ੍ਰਸ਼ਾਸਨ ਦੇ ਭਰੋੋਸੇ ਤੋਂ ਬਾਅਦ ਕਿਸਾਨਾਂ ਨੇ ਘਿਰਾਓ ਦੇ ਫ਼ੈਸਲੇ ਨੂੰ ਵਾਪਸ ਲੈਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕੱਲ੍ਹ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਮਸਲੇ ਹੱਲ ਨਾ ਕੀਤੇ ਤਾਂ ਉੱਥੇ ਹੀ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਕੱਲ੍ਹ ਨੂੰ ਕਿਸਾਨ ,ਮਜ਼ਦੂਰ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਬਾਦਲ ਮੋਰਚੇ ਵਿਚ ਪੁੱਜਣ। ਦਸਣਾ ਬਣਦਾ ਹੈ ਕਿ ਬੀਤੇ ਕੱਲ ਕਿਸਾਨਾਂ ਵਲੋਂ ਵਿਤ ਮੰਤਰੀ ਦੀ ਕੋਠੀ ਦੇ ਮੁੱਖ ਗੇਟ ਨੂੰ ਘੇਰਣ ਤੋਂ ਬਾਅਦ ਅੱਜ ਸਵੇਰ ਤੋਂ ਹੀ ਪ੍ਰਸ਼ਾਸਨ ਕਿਸਾਨਾਂ ਨਾਲ ਮੀਟਿੰਗਾਂ ਕਰ ਰਿਹਾ ਸੀ । ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਜਿੱਥੇ ਨਰਮੇ ਦੀ ਫਸਲ ਖ਼ਰਾਬ ਹੋਣ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਉਥੇ ਮਜਦੂਰਾਂ ਨੂੰ ਵੀ ਵੱਡੀ ਆਰਥਿਕ ਢਾਹ ਲੱਗੀ ਹੈ। ਇਸ ਲਈ ਮਜਦੂਰਾਂ ਨੂੰ ਇਸ ਮੋਰਚੇ ਨੂੰ ਵੱਧ ਮਜਬੂਤ ਕਰਨ ਦੀ ਲੋੜ ਹੈ।
ਕਿਸਾਨਾਂ ਦੀ ਸਰਕਾਰ ਦੇ ਨਾਲ ਚੰਡੀਗੜ੍ਹ ’ਚ ਪੈਨਲ ਮੀਟਿੰਗ ਅੱਜ
7 Views