ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 20 ਅਕਤੂਬਰ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕੀਤੇ ਗਏ ਸਖਤ ਐਕਸਨ ਦਾ ਐਲਾਨ ਲਾਗੂ ਕਰਦਿਆਂ ਪੰਜਾਬ ਸਰਕਾਰ ਦੁਆਰਾ ਮੰਨੀਆਂ ਮੰਗਾਂ ਲਾਗੂ ਕਰਨ ‘ਚ ਲਗਾਤਾਰ ਕੀਤੇ ਜਾ ਰਹੇ ਟਾਲਮਟੋਲ ਵਿਰੁੱਧ ਅੱਜ ਤੋਂ ਮੁੱਖ ਮੰਤਰੀ ਦੀ ਕੋਠੀ ਨੂੰ ਜਾਂਦੀ ਸੜਕ ਦੇ ਇੱਕ ਪਾਸੇ ਦਾ ਘਿਰਾਓ ਸੁਰੂ ਕਰ ਦਿੱਤਾ ਗਿਆ। ਔਰਤਾਂ ਤੇ ਭਾਰੀ ਗਿਣਤੀ ਨੌਜਵਾਨਾਂ ਸਮੇਤ ਹਜਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ ਲਾਇਆ ਕਿ ਪੰਜ ਦਿਨ ਪਹਿਲਾਂ ਭੇਜੇ ਗਏ ਯਾਦ ਪੱਤਰ ਦੇ ਹੁੰਗਾਰੇ ਵਜੋਂ ਅਜੇ ਵੀ ਸਰਕਾਰ ਵੱਲੋਂ ਸਥਾਨਕ ਅਧਿਕਾਰੀਆਂ ਰਾਹੀਂ “ਆਲੇ ਕੌਡੀ ਛਿੱਕੇ ਕੌਡੀ“ ਵਾਲਾ ਟਾਲਮਟੋਲ ਵਤੀਰਾ ਅਪਣਾਇਆ ਹੋਇਆ ਹੈ। ਇੱਥੋਂ ਤੱਕ ਕਿ ਚਾਰ ਦਿਨ ਪਹਿਲਾਂ ਮੋਰਚੇ ਦੇ ਸਥਾਨ ‘ਤੇ ਰਾਤ ਨੂੰ ਸੱਪ ਲੜਨ ਕਾਰਨ ਸਹੀਦ ਹੋਏ ਕਿਸਾਨ ਗੁਰਚਰਨ ਸਿੰਘ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜਾ ਅਤੇ ਇੱਕ ਜੀਅ ਨੂੰ ਪੱਕੀ ਨੌਕਰੀ ਤੋਂ ਇਲਾਵਾ ਪ੍ਰਵਾਰ ਜਿੰਮੇ ਖੜ੍ਹੇ ਸਾਰੇ ਕਰਜੇ ਦੇ ਖਾਤਮੇ ਬਾਰੇ ਅੰਦੋਲਨ ਦੌਰਾਨ ਸਹੀਦ ਹੋਏ ਕਿਸਾਨਾਂ ਦੇ ਵਾਰਸਾਂ ਲਈ ਨਿਰਵਿਵਾਦ ਲਾਗੂ ਹੋ ਰਹੀ ਮੰਗ ਬਾਰੇ ਵੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਮਾਨ ਸਰਕਾਰ ਦਾ ਇਹੀ ਵਤੀਰਾ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੜਕ ਦਾ ਦੂਜਾ ਪਾਸਾ ਵੀ ਜਾਮ ਕਰ ਦਿੱਤਾ ਜਾਵੇਗਾ। ਪਰ ਉਨ੍ਹਾਂ ਸਪਸਟ ਕੀਤਾ ਕਿ ਮੁੱਖ ਮੰਤਰੀ ਦੀ ਕੋਠੀ ਦੇ ਮੁਕੰਮਲ ਘਿਰਾਓ ਸਮੇਂ ਇਸ ਸੜਕ ‘ਤੇ ਵਸੀ ਹੋਈ ਗਰੀਨ ਕਲੋਨੀ ਦੇ ਵਾਸੀ ਆਮ ਲੋਕਾਂ ਦੀ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਠੋਸ ਸੁਝਾਵਾਂ ਸਮੇਤ ਯਾਦ ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਖੇਤੀ ਲਈ ਪੂਰੀ ਪੂਰੀ ਵਰਤੋਂ ਦਾ ਰੋਡ ਮੈਪ ਤਿਆਰ ਕਰਕੇ ਕਿਸਾਨਾਂ ਨੂੰ ਤੁਰਤ ਦਿੱਤਾ ਜਾਵੇ। ਇਸਦੀ ਨਾਂ-ਮਾਤਰ ਵਰਤੋਂ ਬਾਰੇ 27-7-22 ਨੂੰ ਲੋਕ ਸਭਾ ਵਿੱਚ ਪੇਸ ਕੀਤੀ ਗਈ ਰਿਪੋਰਟ ਦੇ ਵੇਰਵੇ ਜਨਤਕ ਕੀਤੇ ਜਾਣ। ਜੀਰੇ ਨੇੜੇ ਪ੍ਰਦੂਸਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸਰਾਬ ਫੈਕਟਰੀ ਦਾ ਪ੍ਰਦੂਸਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰਤ ਬੰਦ ਕੀਤਾ ਜਾਵੇ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਦੁਆਰਾ ਕਣਕ ਦੇ ਐੱਮ ਐੱਸ ਪੀ ਵਿੱਚ ਕੀਤਾ ਗਿਆ ਨਿਗੂਣਾ ਵਾਧਾ ਰੱਦ ਕਰਦਿਆਂ ਸਵਾਮੀਨਾਥਨ ਕਮਿਸਨ ਦੀ ਰਿਪੋਰਟ ਅਨੁਸਾਰ ਲਾਭਕਾਰੀ ਐੱਮ ਐੱਸ ਪੀ ਮਿਥਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਸਾਨਾਂ ਮਜਦੂਰਾਂ ਨੂੰ ਚੌਕਸ ਕੀਤਾ ਕਿ ਪੰਜਾਬ ਦੇ ਕੁੱਝ ਖਾਨਦਾਨੀ ਫਿਰਕਾਪ੍ਰਸਤ ਆਗੂਆਂ ਅਤੇ ਕੁੱਝ ਭਟਕੇ ਹੋਏ ਨੌਜਵਾਨਾਂ ਵੱਲੋਂ ਲੋਕਾਂ ਦੇ ਭਖਦੇ ਮਸਲਿਆਂ ਤੋਂ ਧਿਆਨ ਭਟਕਾ ਕੇ ਸਾਮਰਾਜੀ ਹਿਤਾਂ ਨੂੰ ਪ੍ਰਣਾਈਆਂ ਹੋਈਆਂ ਕੇਂਦਰੀ ਤੇ ਪੰਜਾਬ ਸਰਕਾਰਾਂ ਨੂੰ ਸੰਘਰਸ ਦੀ ਫੇਟ ਤੋਂ ਬਚਾਉਣ ਲਈ ਲੋਕਾਂ ‘ਚ ਪਾਟਕ ਪਾਉਣ ਦੀ ਨੀਤੀ ਦੀ ਸਖਤ ਨਿੰਦਾ ਕੀਤੀ। ਇਸੇ ਤਰ੍ਹਾਂ ਐਸ ਵਾਈ ਐੱਲ ਨਹਿਰ ਜਾਂ ਚੰਡੀਗੜ੍ਹ ਵਰਗੇ ਭਰਾਤਰੀ ਭਾਵ ਨਾਲ ਹੱਲ ਹੋ ਸਕਣ ਵਾਲੇ ਮੁੱਦਿਆਂ ਨੂੰ ਬੇਲੋੜਾ ਵਾਦ-ਵਿਵਾਦ ਬਣਾ ਕੇ ਉਭਾਰਨ ਦੀ ਵੀ ਸਖਤ ਅਲੋਚਨਾ ਕੀਤੀ। ਸਮੂਹ ਕਿਸਾਨਾਂ ਮਜਦੂਰਾਂ ਨੂੰ ਜਥੇਬੰਦੀ ਦੀ ਧਰਮ ਨਿਰਪੱਖਤਾ ਅਤੇ ਵੋਟ ਸਿਆਸਤ ਤੋਂ ਨਿਰਲੇਪਤਾ ਦੀ ਨੀਤੀ ਉੱਤੇ ਪਹਿਰਾ ਦੇਣ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੇ ਜਾਣ ਤੱਕ ਮੋਰਚੇ ਵਿੱਚ ਡਟੇ ਰਹਿਣ ਦਾ ਸੱਦਾ ਦਿੱਤਾ। ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਇਨ੍ਹਾਂ ਭਖੇ ਹੋਏ ਮੁੱਦਿਆਂ ਦੇ ਔਰਤਾਂ ਦੀ ਹੋਣੀ ਅਤੇ ਸਮਾਜਿਕ ਬਰਾਬਰੀ ਨਾਲ ਗਹਿਰੇ ਸੰਬੰਧਾਂ ਨੂੰ ਉਭਾਰਿਆ। ਭਰਾਤਰੀ ਜਥੇਬੰਦੀ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਸਾਨਾਂ ਮਜਦੂਰਾਂ ਦੀ ਸੰਘਰਸ ਏਕਤਾ ਉੱਤੇ ਜੋਰ ਦਿੱਤਾ ਅਤੇ ਆਪਣੀ ਜਥੇਬੰਦੀ ਵੱਲੋਂ ਕਿਸਾਨ ਘੋਲ ਦੀ ਡਟਵੀਂ ਹਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਿੰਗਾਰਾ ਸਿੰਘ ਮਾਨ ਨੇ ਨਿਭਾਈ ਅਤੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਰੂਪ ਸਿੰਘ ਛੰਨਾਂ ਜਨਕ ਸਿੰਘ ਭੁਟਾਲ ਅਤੇ ਜਗਤਾਰ ਸਿੰਘ ਕਾਲਾਝਾੜ ਸਾਮਲ ਸਨ।
Share the post "ਕਿਸਾਨਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੂੰ ਜਾਂਦੀ ਸੜਕ ਦੇ ਇੱਕ ਪਾਸੇ ਦਾ ਘਿਰਾਓ ਸੁਰੂ"