ਮੰਡੀਆਂ ’ਚ ਆਈ ਕਣਕ ਭਿੱਜੀ, ਖੇਤਾਂ ’ਚ ਵਢਾਈ ਦਾ ਕੰਮ ਰੁਕਿਆ
ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ : ‘ਵਰਿਆ ਚੇਤ, ਘਰ ਨਾ ਖੇਤ’ ਦੀ ਕਹਾਵਤ ਨੂੰ ਚਿਤਾਰਥ ਕਰਦਿਆਂ ਕੁਦਰਤ ਨੇ ਇਸ ਵਾਰ ਕਿਸਾਨਾਂ ਲਈ ਵੱਡੀ ਮੁਸ਼ਕਿਲ ਦੀ ਘੜੀ ਪੈਦਾ ਕਰ ਦਿੱਤੀ ਹੈ। ਪਹਿਲਾਂ ਹੀ ਆਰਥਿਕ ਤੌਰ ’ਤੇ ਟੁੱਟ ਚੁੱਕੇ ਕਿਸਾਨਾਂ ਨੂੰ ਹੁਣ ਰੁਕ-ਰੁਕ ਕੇ ਹੋ ਰਹੀ ਬਾਰਸ਼ ਤੇ ਗੜੇਮਾਰੀ ਨੇ ਵੱਡੀ ਚਿੰਤਾ ਵਿਚ ਪਾ ਦਿੱਤਾ ਹੈ। ਮਾਰਚ ਮਹੀਨੇ ਵਿਚ ਹੋਈ ਬੇਮੌਸਮੀ ਬਾਰਸ ਤੇ ਗੜ੍ਹੈਮਾਰੀ ਨੇ ਜਿੱਥੇ ਖੇਤਾਂ ’ਚ ਪੱਕਣ ’ਤੇ ਆਈ ਕਣਕ ਦੀ ਫ਼ਸਲ ਨੂੰ ਰੋਲ ਕੇ ਰੱਖ ਦਿੱਤਾ ਸੀ, ਉਥੇ ਹੁਣ ਕਟਾਈ ਦੇ ਮੌਕੇ ਹਰ ਤੀਜ਼ੇ ਦਿਨ ਆਈ ਰਾ ਰਹੀ ਬਾਰਸ਼ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਮੰਡੀਆਂ ’ਚ ਰੋਲ ਕੇ ਰੱਖ ਦਿੱਤਾ ਹੈ। ਅੱਜ ਦੁਪਿਹਰ ਸਮੇਂ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ‘ਤੇ ਬਾਰਸ਼ ਦੇ ਨਾਲ ਕੁੱਝ ਥਾਵਾਂ ਉਪਰ ਗੜ੍ਹੇਮਾਰੀ ਹੋਈ। ਜਿਸਦੇ ਨਾਲ ਮੰਡੀਆਂ ਵਿਚ ਪਈ ਕਣਕ ਬੁਰੀ ਤਰ੍ਹਾਂ ਭਿੱਜ ਗਈ। ਇਸੇ ਤਰ੍ਹਾਂ ਖੇਤਾਂ ’ਚ ਖੜ੍ਹੀ ਕਣਕ ਵੀ ਗਿੱਲੀ ਹੋ ਗਈ ਤੇ ਉਸਦੀ ਕਟਾਈ ਲੇਟ ਹੋਣ ਦੇ ਨਾਲ-ਨਾਲ ਝਾੜ ਉਪਰ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3,88,930 ਮੀਟਰਕ ਟਨ ਹੋਈ ਕਣਕ ਦੀ ਆਮਦ ਵਿੱਚੋਂ 3,29,897 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ 3 ਲੱਖ 29 ਹਜ਼ਾਰ 897 ਮੀਟ੍ਰਿਕ ਟਨ ਕਣਕ ਵਿੱਚੋਂ ਪਨਗਰੇਨ ਵੱਲੋਂ 97060 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 86913, ਪਨਸਪ ਵੱਲੋਂ 74730, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 57576 ਅਤੇ ਵਪਾਰੀਆਂ ਵੱਲੋਂ 13618 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਵਾਰ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਵਿਭਾਗ ਨੂੰ ਪਿਛਲੇ ਸਾਲ ਹੋਈ 9 ਲੱਖ 34 ਹਜ਼ਾਰ ਮੀਟਰਕ ਟਨ ਆਮਦ ਤੱਕ ਪੁੱਜਣ ਦੀ ਉਮੀਦ ਬਣੀ ਹੋਈ ਹੈ ਪ੍ਰੰਤੂ ਕਰੋਧਵਾਨ ਹੋਈ ਕੁਦਰਤ ਕਿਸਾਨਾਂ ਦਾ ਸਾਥ ਦਿੰਦੀ ਨਜ਼ਰ ਨਹੀਂ ਆ ਰਹੀ ਹੈ। ਮੰਡੀ ’ਚ ਬੈਠੇ ਨਜਦੀਕੀ ਪਿੰਡ ਜੱਸੀ ਦੇ ਕਿਸਾਨ ਕੁਲਵੰਤ ਸਿੰਘ ਤੇ ਗੁਲਾਬ ਸਿੰਘ ਨੇ ਦਸਿਆ ਕਿ ਉਹ ਬੀਤੇ ਕੱਲ ਕਣਕ ਲੈ ਕੇ ਆਏ ਹੋਏ ਸਨ, ਜਿਸਦੀ ਅੱਜ ਸਫ਼ਾਈ ਹੋ ਗਈ ਸੀ ਪ੍ਰੰਤੂ ਤੁਲਾਈ ਨਾ ਹੋਣ ਕਾਰਨ ਗੱਟਿਆਂ ’ਚ ਭਰੀ ਖੁੱਲੇ ਆਸਮਾਨ ਥੱਲੇ ਪਈ ਹੋਈ ਸੀ। ਪਰ ਅੱਜ ਦੁਪਿਹਰ ਸਮੇਂ ਆਈ ਤੇਜ਼ ਬਾਰਸ ਤੇ ਗੜ੍ਹੈਮਾਰੀ ਨੇ ਕਣਕ ਨੂੰ ਪੂਰੀ ਤਰ੍ਹਾਂ ਭਿਊਂ ਦਿੱਤਾ, ਜਿਸਦੇ ਚੱਲਦੇ ਹੁਣ ਏਜੰਸੀਆਂ ਵਲੋਂ ਕੱਟ ਲੱਗਣ ਦੀ ਚਿੰਤਾ ਸਤਾਉਣ ਲੱਗੀ ਹੈ। ਗੌਰਤਲਬ ਹੈ ਕਿ ਕੁੱਝ ਵੱਡੀਆਂ ਮੰਡੀਆਂ ਨੂੰ ਛੱਡ ਬਾਕੀ ਥਾਵਾਂ ’ਤੇ ਸੈੱਡ ਆਦਿ ਦੀ ਸਹੂਲਤ ਨਹੀਂ ਹੈ, ਜਿਸ ਕਾਰਨ ਕਿਸਾਨਾਂ ਨੂੰ ਪੱਕੇ ਫ਼ੜਾਂ ਉਪਰ ਖੁੱਲੇ ਆਸਮਾਨ ਹੇਠ ਅਪਣੀ ਪੁੱਤਾਂ ਵਾਂਗ ਫ਼ਸਲ ਨੂੰ ਰੱਖਣਾ ਪੈਂਦਾ ਹੈ ਪ੍ਰੰਤੂ ਕੁਦਰਤੀ ਆਫ਼ਤ ਉਸਦਾ ਭਾਰੀ ਨੁਕਸਾਨ ਕਰ ਰਹੀ ਹੈ। ਉਧਰ ਜ਼ਿਲ੍ਹਾ ਮੰਡੀ ਅਫ਼ਸਰ ਗੁਰਵਿੰਦਰ ਸਿੰਘ ਨੈ ਦਾਅਵਾ ਕੀਤਾ ਕਿ ਮੰਡੀਆਂ ’ਚ ਕਣਕ ਲੈ ਕੇ ਆਏ ਕਿਸਾਨਾਂ ਦੀ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਆੜਤੀਆਂ ਨੂੰ ਨਾਲ ਲੈ ਕੇ ਵਿਭਾਗ ਵਲੌਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਮੰਨਿਆਂ ਕਿ ਬਾਰਸ਼ ਕਾਰਨ ਥੋੜਾ ਨੁਕਸਾਨ ਜਰੂਰ ਹੋਇਆ ਹੈ। ਉਧਰ ਕਿਸਾਨ ਆਗੂ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਹ ਕੁਦਰਤ ਦੀ ਅਰੋਪੀ ਹੈ ਪ੍ਰੰਤੂ ਇਸ ਔਖੀ ਘੜੀ ਮੌਕੇ ਸਰਕਾਰਾਂ ਨੂੰ ਕਿਸਾਨਾਂ ਦੀ ਬਾਂਹ ਫ਼ੜਣੀ ਚਾਹੀਦੀ ਹੈ ਕਿਉਂਕਿ ਇਸਦੇ ਵਿਚ ਕਿਸਾਨ ਦਾ ਕੋਈ ਦੋਸ਼ ਨਹੀਂ ਹੈ। ਕਿਸਾਨ ਆਗੂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਪਿੱਛੇ ਹਟਦੀ ਨਜ਼ਰ ਆਈ ਤਾਂ ਉਗਰਾਹਾ ਜਥੇਬੰਦੀ ਸੰਘਰਸ਼ ਵਿੱਢੇਗੀ।
ਬਾਕਸ
ਬਠਿੰਡਾ ਦੇ 254 ਕਿਸਾਨਾਂ ਨੂੰ ਕਣਕ ਦੇ ਖ਼ਰਾਬੇ ਵਜੋਂ 47 ਲੱਖ ਦਾ ਮੁਆਵਜ਼ਾ ਦਿੱਤਾ : ਡਿਪਟੀ ਕਮਿਸ਼ਨਰ
ਬਠਿੰਡਾ: ਉਧਰ ਕਿਸਾਨਾਂ ਨਾਲ ਡਟ ਕੇ ਖੜ੍ਹਣ ਦਾ ਭਰੋਸਾ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾ ਵਚਨਵੱਧ ਤੇ ਯਤਨਸ਼ੀਲ ਹੈ। ਉਨ੍ਹਾਂ ਦਸਿਆ ਕਿ ਪਿਛਲੇ ਦਿਨਾਂ ਚ ਬੇਮੌਸਮੀ ਬਰਸਾਤਾਂ ਦੇ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਵਜੋਂ ਜ਼ਿਲ੍ਹੇ ਦੇ 254 ਕਿਸਾਨਾਂ ਨੂੰ ਕਣਕ ਦੇ ਖ਼ਰਾਬੇ ਦੀ ਫ਼ਸਲ ਦਾ ਕਰੀਬ 47 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਜ਼ਿਲ੍ਹਾ ਮਾਲ ਅਫ਼ਸਰ ਬਲਕਰਨ ਸਿੰਘ ਮਾਹਲ ਨੇ ਬਲਾਕ ਵਾਈਜ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਦੇ 80 ਕਿਸਾਨਾਂ ਨੂੰ 199.4 ਏਕੜ ਦੇ 12,47,448 ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਗਏ। ਇਸੇ ਤਰ੍ਹਾਂ ਸਬ-ਡਵੀਜ਼ਨ ਰਾਮਪੁਰਾ ਵਿਖੇ 124 ਕਿਸਾਨਾਂ ਨੂੰ 124 ਏਕੜ ਦੀ 24,72,644 ਰੁਪਏ ਦੀ ਰਾਸ਼ੀ ਅਤੇ ਸਬ-ਡਵੀਜ਼ਨ ਤਲਵੰਡੀ ਸਾਬੋ ਦੇ 50 ਕਿਸਾਨਾਂ ਨੂੰ 108 ਏਕੜ ਰਕਬੇ ਦੇ 9,49,587 ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਕਾਇਆ ਰਾਸ਼ੀ ਵੀ ਜਲਦ ਪ੍ਰਭਾਵਿਤ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
Share the post "ਕੁਦਰਤ ਮੁੜ ਹੋਈ ਕਹਿਰਵਾਨ, ਮੀਂਹ ਤੇ ਗੜ੍ਹੇਮਾਰੀ ਨੇ ਕਣਕਾਂ ਦਾ ਕੀਤਾ ਭਾਰੀ ਨੁਕਸਾਨ"