ਸੁਖਜਿੰਦਰ ਮਾਨ
ਬਠਿੰਡਾ, 2 ਮਈ:ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.) ਵੱਲੋਂ ਕੱਪੜਿਆਂ ਦੀ ਵੱਖ-ਵੱਖ ਰਵਾਇਤੀ ਤੇ ਨਵੀਨ ਤਕਨੀਕਾਂ ਨਾਲ ਸਜਾਵਟ ਕਰਕੇ ਕੀਮਤ-ਵਾਧਾ ਕਰਨ ਸਬੰਧੀ ਦਸ ਰੋਜ਼ਾ ਸਿਖਲਾਈ ਕੋਰਸ ਕੈਂਪ ਲਗਾਇਆ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਪਿੰਡਾਂ ਸੇਖੂ, ਚਨਾਲਥਲ, ਬੀੜ-ਬਹਿਮਾਣ, ਝੁਨੀਰ, ਘਸੋਖਾਨਾ, ਨਹੀਆਂ ਵਾਲਾ, ਚੁੱਘੇ ਕਲਾਂ, ਜੈਤੋ, ਜੱਸੀ ਪੌ ਵਾਲੀ, ਪੱਕਾ ਕਲਾਂ, ਬੱਪੀਆਣਾ, ਗਾਟਵਾਲੀ ਤੇ ਬਠਿੰਡਾ ਤੋਂ ਆਏ 23 ਸਿਖਿਆਰਥੀਆਂ ਨੇ ਭਾਗ ਲਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੋਰਸ ਦੇ ਕੋਆਰਡੀਨੇਟਰ ਪ੍ਰੋ. ਜਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਕਿੱਤਾਮੁਖੀ ਸਿਖਲਾਈ ਕੋਰਸ ਵਿੱਚ ਕੱਪੜਿਆਂ ਦੀ ਸਿਲਾਈ, ਕਢਾਈ, ਪੇਂਟਿੰਗ, ਟਾਈਡਾਈ ਆਦਿ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤਾਂ ਜੋ ਕਿ ਇਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਕੱਪੜਿਆਂ ਦਾ ਕੀਮਤ ਵਾਧਾ ਕਰਕੇ ਬੀਬੀਆਂ ਘਰ ਬੈਠੀਆਂ ਹੀ ਪੈਸਾ ਕਮਾ ਸਕਣ। ਕੋਰਸ ਦੇ ਅਖੀਰ ਵਿੱਚ ਸਿਖਿਆਰਥੀਆਂ ਵੱਲੋਂ ਬਣਾਏ ਗਏ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਇਸ ਸਿਖਲਾਈ ਨੂੰ ਕਿੱਤੇ ਦੇ ਤੌਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਕਿੱਤਾ-ਮੁੱਖੀ ਸਿਖਲਾਈ ਦਾ ਮਕਸਦ ਬੀਬੀਆਂ ਨੂੰ ਖਾਸ ਕਿੱਤਿਆਂ ਸਬੰਧੀ ਜਾਣਕਾਰੀ ਦੇ ਕੇ ਇਸ ਯੋਗ ਬਣਾਉਣਾ ਹੈ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤੇ ਘਰ ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ।
ਕੇ.ਵੀ.ਕੇ. ਵੱਲੋਂ ਬੀਬੀਆਂ ਲਈ ਸਿਖਲਾਈ ਕੋਰਸ ਆਯੋਜਿਤ
11 Views