ਜਿੱਤ ਦੇ ਜਸ਼ਨ ਮਨਾਉਂਦਿਆਂ ਕਿਸਾਨ 11 ਨੂੰ ਪਰਤਣਗੇ ਘਰਾਂ ਨੂੰ
ਸੁਖਜਿੰਦਰ ਮਾਨ
ਨਵੀਂ ਦਿੱਲੀ, 9 ਦਸੰਬਰ: ਪਿਛਲੇ ਇੱਕ ਸਾਲ ਦੇ ਵੀ ਵੱਧ ਸਮੇਂ ਤੱਕ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਦੀਆਂ ਬਾਕੀ ਰਹਿ ਗਈਆਂ ਮੰਗਾਂ ਨੂੰ ਇੱਕ ਪੱਤਰ ਰਾਹੀਂ ਜਲਦੀ ਪੂਰਿਆ ਕਰਨ ਸਬੰਧੀ ਕੇਂਦਰ ਵਲੋਂ ਭੇਜੇ ਪੱਤਰ ਤੋਂ ਬਾਅਦ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਨ ਦਾ ਐਲਾਨ ਕਰਨ ਦਿੱਤਾ। ਹੁਣ ਦਿੱਲੀ ਦੇ ਵਖ ਵਖ ਬਾਰਡਰਾਂ ’ਤੇ ਡਟੇ ਕਿਸਾਨ 11 ਦਸੰਬਰ ਨੂੰ ਵਾਪਸ ਅਪਣੇ ਘਰਾਂ ਨੂੰ ਪਰਤ ਆਉਣਗੇ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮੋਰਚੇ ਦੇ ਆਗੂਆਂ ਨੇ ਦਸਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਅਤੇ ਇਸ ਸੰਬੰਧੀ ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸੰਬੰਧੀ ਅਧਿਕਾਰਤ ਪੱਤਰ ਵੀ ਭੇਜ ਦਿੱਤਾ ਗਿਆ ਹੈ। ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਜਿੱਤ ਮਗਰੋਂ ਦਿੱਲੀ ਦੀਆਂ ਹੱਦਾਂ ਤੋਂ ਕਿਸਾਨ ਵਾਪਸ ਘਰਾਂ ਨੂੰ ਪਰਤਣਗੇ। ਕਿਸਾਨਾਂ ਨੇ ਆਪਣਾ ਕਿਸਾਨ ਅੰਦੋਲਨ ਸਮਾਪਤ ਕਰਨ ਤੋਂ ਬਾਅਦ ਆਪਣੇ ਪ੍ਰੋਗਰਾਮ ਜਾਰੀ ਕੀਤੇ। ਇਸ ਪ੍ਰੋਗਰਾਮ ਤਹਿਤ 11 ਦਸੰਬਰ ਦੀ ਘਰ ਵਾਪਸੀ ਤੋਂ ਬਾਅਦ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ 13 ਦਸੰਬਰ ਨੂੰ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਜਿੱਤ ਲਈ ਸ਼ੁਕਰਾਨਾ ਅਰਦਾਸ ਕੀਤੀ ਜਾਵੇਗੀ। ਇਸਤੋਂ ਬਾਅਦ 15 ਦਸੰਬਰ ਨੂੰ ਪੰਜਾਬ ‘ਚੋਂ ਚੱਲ ਰਹੇ ਸਾਰੇ ਧਰਨੇ ਸਮਾਪਤ ਕੀਤੇ ਜਾਣਗੇ। ਮੋਰਚੇ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਨੇ ਸਿੰਘੂ ਸਰਹੱਦ ‘ਤੇ ਟੈਂਟ ਪੁੱਟਣੇ ਸੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਵਾਪਸੀ ਦੀਆਂ ਤਿਆਰੀਆਂ ਵੀ ਸੁਰੂ ਕਰ ਦਿੱਤੀਆਂ ਗਈਆਂ ਹਨ। ਦਸਣਯੋਗ ਹੈ ਕਿ ਕਿਸਾਨ ਅੰਦੋਲਨ ਦੀ ਮੁੱਖ ਮੰਗ ਤਿੰਨੇਂ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਪ੍ਰਿਆ ਮੋਦੀ ਸਰਕਾਰ ਨੇ ਪਿਛਲੇ ਦਿਨਾਂ ’ਚ ਪੂਰੀ ਕਰ ਦਿੱਤੀ ਹੈ। ਇਸਤੋਂ ਬਾਅਦ ਹੁਣ ਬਾਕੀ ਰਹਿੰਦੀਆਂ ਮੰਗਾਂ ਦੀ ਪੂਰਤੀ ਨੂੰ ਸਮਾਂ ਬਧ ਕਰ ਦਿੱਤਾ ਹੈ। ਇੰਨ੍ਹਾਂ ਮੰਗਾਂ ਵਿਚ ਹਰੇਕ ਫਸਲ ਦਾ ਘੱਟੋ-ਘੱਟ ਭਾਅ ਨਿਯਤ ਕਰਨ ਲਈ ਕੇਂਦਰ ਵਲੋਂ ਸੂਬਾ ਸਰਕਾਰਾਂ, ਕਿਸਾਨ ਸੰਗਠਨਾਂ, ਵਿਗਿਆਨੀਆਂ, ਖੇਤੀ ਮਾਹਰਾਂ ਅਤੇ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਨੂੰ ਲੈ ਕੇ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਕਿਸਾਨ ਅੰਦੋਲਨ ਦੌਰਾਨ ਦਰਜ਼ ਕੇਸਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ, ਪੰਜਾਬ ਦੀ ਤਰਜ਼ ’ਤੇ ਯੂ.ਪੀ ਅਤੇ ਹਰਿਆਣਾ ਸਰਕਾਰਾਂ ਵਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਇਲਾਵਾ ਬਿਜਲੀ ਬਿੱਲ ਨੂੰ ਸੰਸਦ ਵਿਚ ਪੇਸ਼ ਕਰਨ ਤੋਂ ਪਹਿਲਾਂ ਕਿਸਾਨ ਸੰਗਠਨਾਂ ਨਾਲ ਚਰਚਾ ਕਰਨ ਤੇ ਪਰਾਲੀ ਜਲਾਉਣ ਦੇ ਮੁੱਦੇ ’ਤੇ ਕਿਸਾਨਾਂ ਵਲੋਂ ਇਤਰਾਜ਼ ਵਾਲੀਆਂ ਧਾਰਾ 4 ਅਤੇ 15 ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਗੌਰਤਲਬ ਹੈ ਕਿ ਇਸ ਅੰਦੋਲਨ ਦੌਰਾਨ ਜਿੱਥੇ ਸਰਕਾਰ ਨੇ ਸਖ਼ਤੀ ਕਰਕੇ ਕਿਸਾਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਉਥੇ ਸਬਰ ਸੰਤੋਖ ਨਾਲ ਚੱਲੇ ਇਸ ਮੋਰਚੇ ਨੇ ਇਤਿਹਾਸ ਵਿਚ ਵਿਸੇਸ ਥਾਂ ਬਣਾ ਲਈ ਹੈ, ਜਿਸਨੂੰ ਸਦੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।
ਕੇਂਦਰ ਦੇ ਪੱਤਰ ਤੋਂ ਬਾਅਦ ਕਿਸਾਨ ਅੰਦੋਲਨ ਸਮਾਪਤ
16 Views